ਬਾਦਲ ਸਰਕਾਰ ਦੀ ਸ਼ਹਿ 'ਤੇ ਇੰਝ ਵਾਪਰਿਆ ਸੀ ਨਕਲੀ ਨਿਰੰਕਾਰੀ ਕਾਂਡ

ਬਾਦਲ ਸਰਕਾਰ ਦੀ ਸ਼ਹਿ 'ਤੇ ਇੰਝ ਵਾਪਰਿਆ ਸੀ ਨਕਲੀ ਨਿਰੰਕਾਰੀ ਕਾਂਡ

ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਨੇ ਪੰਜਾਬ 'ਚ ਨਕਲੀ ਨਿਰੰਕਾਰੀਆਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਤਾਂ ਜੋ ਸਿੱਖਾਂ ਨੂੰ ਸ਼ਬਦ ਗੁਰੂ ਨਾਲ਼ੋਂ ਤੋੜ ਕੇ ਦੇਹਧਾਰੀ-ਗੁਰੂਡੰਮ੍ਹ ਨਾਲ਼ ਜੋੜਿਆ ਜਾਵੇ। ਨਕਲੀ ਨਿਰੰਕਾਰੀਆਂ ਨੇ ਖ਼ਾਲਸੇ ਦੇ ਪ੍ਰਗਟ ਦਿਹਾੜੇ ਵਾਲ਼ੇ ਦਿਨ 13 ਅਪ੍ਰੈਲ 1978 ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਬੀ-ਬਲਾਕ ਰੇਲਵੇ ਕਲੌਨੀ ਦੀ ਖੁੱਲ੍ਹੀ ਗਰਾਊਂਡ ਵਿਖੇ ਆਪਣਾ ਇੱਕ ਸੰਮੇਲਨ ਰੱਖ ਲਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਗੁਰੂ ਸਾਹਿਬਾਨਾਂ ਖ਼ਿਲਾਫ਼ ਕੁਫ਼ਰ ਤੋਲਿਆ ਜਾਣ ਲੱਗਾ। ਇਸ ਤੋਂ ਇੱਕ ਦਿਨ ਪਹਿਲਾਂ ਨਿਰੰਕਾਰੀਆਂ ਨੇ ਸ਼ਹਿਰ ਵਿੱਚ ਜਲੂਸ ਕੱਢ ਕੇ ਸਿੱਖ ਧਰਮ ਦਾ ਨਿਰਾਦਰ ਕੀਤਾ, ਇਹਨਾਂ ਦਾ ਮੁਖੀ ਗੁਰਬਚਨ ਸਿਹੁੰ ਤੇ ਉਸ ਦੀ ਘਰਵਾਲੀ ਇੱਕ ਰੱਥ 'ਤੇ ਸਵਾਰ ਹੋ ਕੇ ਆਪਣੇ-ਆਪ ਨੂੰ ਗੁਰੂ ਸਾਹਿਬਾਨਾਂ ਦਾ ਅਵਤਾਰ ਕਹਿ ਰਹੇ ਸਨ ਜੋ ਹਰ ਸਿੱਖ ਲਈ ਨਾ-ਬਰਦਾਸ਼ਤਯੋਗ ਸੀ ਤੇ ਜਲੂਸ ਦੌਰਾਨ ਇਹਨਾਂ ਨੇ ਸਿੱਖ ਵਿਰੋਧੀ ਨਾਹਰੇਬਾਜ਼ੀ ਕੀਤੀ ਜਿਸ ਦੀ ਖ਼ਬਰ ਪੰਥਕ ਹਲਕਿਆਂ 'ਚ ਅੱਗ ਵਾਂਗ ਫੈਲ ਗਈ।
ਨਿਰੰਕਾਰੀਆਂ ਦੇ ਕੂੜ ਸੰਮੇਲਨ 'ਚ ਸਿੱਖ ਧਰਮ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਜਦ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਚੱਲ ਰਹੇ ਗੁਰਮਤਿ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਲ ਮੰਤਰੀ ਜੀਵਨ ਸਿਹੁੰ ਉਮਰਾਨੰਗਲ ਨੂੰ ਕਿਹਾ ਕਿ “ਨਿਰੰਕਾਰੀਆਂ ਦੇ ਸੰਮੇਲਨ ਨੂੰ ਤੁਰੰਤ ਰੋਕਿਆ ਜਾਵੇ, ਉਹ ਸ਼ਰ੍ਹੇਆਮ ਸਾਡੇ ਧਰਮ ਦਾ ਨਿਰਾਦਰ ਕਰ ਰਹੇ ਹਨ...।”
ਪਰ ਅਖੌਤੀ ਪੰਥਕ ਅਕਾਲੀ ਸਰਕਾਰ ਦੇ ਇਸ ਮੰਤਰੀ ਨੇ ਕਿਹਾ ਕਿ "ਨਿਰੰਕਾਰੀ, ਸਰਕਾਰ ਤੋਂ ਇਜਾਜ਼ਤ ਲੈ ਕੇ ਹੀ ਆਪਣਾ ਪ੍ਰੋਗਰਾਮ ਕਰ ਰਹੇ ਹਨ, ਮੈਂ ਨਹੀਂ ਰੋਕ ਸਕਦਾ...।”
ਸੰਤਾਂ ਨੇ ਕਿਹਾ ਕਿ "ਜੇ ਉਹਨਾਂ ਦਾ ਪ੍ਰੋਗਰਾਮ ਨਹੀਂ ਰੋਕ ਸਕਦੇ ਤਾਂ ਘੱਟੋ-ਘੱਟ ਜ਼ਿਲ੍ਹਾ ਅਧਿਕਾਰੀ ਉਹਨਾਂ ਨੂੰ ਇਹ ਤਾਂ ਕਹਿ ਹੀ ਸਕਦੇ ਨੇ ਕਿ ਸਿੱਖ ਧਰਮ ਵਿਰੁੱਧ ਕੋਈ ਗੱਲ ਨਾ ਕੀਤੀ ਜਾਵੇ...।"
ਅੱਗੋਂ ਬਾਦਲਾਂ ਦੇ ਚਹੇਤੇ ਇਸ ਮੰਤਰੀ ਨੇ ਕਹਿ ਦਿੱਤਾ ਕਿ “ਮੈਂ ਪ੍ਰਸ਼ਾਸਨ ਨੂੰ ਵੀ ਕੁਝ ਨਹੀਂ ਕਹਿ ਸਕਦਾ ਕਿਉਂਕਿ ਪ੍ਰਸ਼ਾਸਨ ਵਾਲ਼ੇ ਮੇਰੀ ਕੋਈ ਗੱਲ ਨਹੀਂ ਮੰਨਦੇ... ਮੈਨੂੰ ਕਿਸੇ ਗੱਲ 'ਤੇ ਮਜਬੂਰ ਨਾ ਕਰੋ ਤੇ ਨਿਰੰਕਾਰੀ ਜੋ ਕਰਦੇ ਹਨ ਉਹਨਾਂ ਨੂੰ ਕਰ ਲੈਣ ਦਿਓ... ਸਾਡੀ ਸਰਕਾਰ ਧਰਮ ਨਿਰਪੱਖ ਹੈ...।”
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਹੋਵੇ ਤੇ ਇੱਥੇ ਗੁਰੂ ਸਾਹਿਬਾਨਾਂ ਦੀ ਕੋਈ ਤੌਹੀਨ ਕਰ ਜਾਵੇ ਤੇ ਸਿੱਖ ਹੱਥ 'ਤੇ ਹੱਥ ਧਰ ਕੇ ਬੈਠੇ ਰਹਿਣ, ਇਹ ਤਾਂ ਹੋ ਨਹੀਂ ਸੀ ਸਕਦਾ। ਪਰ ਲਾਹਣਤ ਹੈ ਅਕਾਲੀ ਦਲ ਬਾਦਲ ਸਰਕਾਰ ਨੂੰ ਜਿਨ੍ਹਾਂ ਨੇ ਨਿਰੰਕਾਰੀਆਂ ਨੂੰ ਇਹ ਕੂੜ ਸੰਮੇਲਨ ਕਰਨ ਦੀ ਇਜਾਜ਼ਤ ਦਿੱਤੀ। ਮੁੱਖ ਮੰਤਰੀ ਪ੍ਰਕਾਸ਼ ਸਿਹੁੰ ਬਾਦਲ ਨੂੰ ਚਾਹੀਦਾ ਸੀ ਕਿ ਪੰਜਾਬ 'ਚ ਨਕਲੀ ਨਿਰੰਕਾਰੀਆਂ ਦੀਆਂ ਗਤੀਵਿਧੀਆਂ ਉੱਤੇ ਪੂਰਨ ਤੌਰ 'ਤੇ ਪਬੰਦੀ ਲਾ ਦਿੰਦਾ ਪਰ ਇਸ ਨੇ ਪੰਥ ਨਾਲ਼ ਖੜ੍ਹਨ ਦੀ ਬਜਾਏ ਹਮੇਸ਼ਾਂ ਪੰਥ ਦੀ ਬੇੜੀ 'ਚ ਵੱਟੇ ਪਾਏ।
ਆਖਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਐਲਾਨ ਕਰ ਦਿੱਤਾ ਕਿ "ਅਸੀਂ ਖੁਦ ਨਿਰੰਕਾਰੀਆਂ ਦੇ ਇਸ ਕੂੜ ਪ੍ਰੋਗਰਾਮ ਨੂੰ ਰੋਕਾਂਗੇ ਤੇ ਜੇ ਇਸ ਦੌਰਾਨ ਜਾਨ ਵੀ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ... ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਤੋਂ ਵੱਧ ਕੇ ਸਾਡੇ ਲਈ ਹੋਰ ਕੁਝ ਨਹੀਂ... ਇਹ ਜ਼ਿੰਮੇਵਾਰੀਆਂ ਪਹਿਲਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨਿਭਾਉਂਦੇ ਰਹੇ ਤੇ ਹੁਣ ਸਾਡਾ ਪੰਥਕ ਫ਼ਰਜ਼ ਹੈ ਕਿ ਅਸੀਂ ਮੈਦਾਨ 'ਚ ਨਿੱਤਰੀਏ...।”
ਉਸ ਦਿਨ ਅਖੰਡ ਕੀਰਤਨੀ ਜਥੇ ਦਾ ਵੀ ਸ੍ਰੀ ਅੰਮ੍ਰਿਤਸਰ ਦੇ ਅਜੀਤ ਨਗਰ 'ਚ ਗੁਰਮਤਿ ਸਮਾਗਮ ਚੱਲ ਰਿਹਾ ਸੀ। ਸਮਾਗਮ 'ਚ ਆਟਾ ਗੁੰਨਣ ਦੀ ਸੇਵਾ ਕਰਦਿਆਂ ਜਦ ਭਾਈ ਫ਼ੌਜਾ ਸਿੰਘ ਜੀ ਨੂੰ ਨਕਲੀ ਨਿਰੰਕਾਰੀਆਂ ਦੇ ਕੂੜ ਸਮਾਗਮ ਦਾ ਪਤਾ ਲੱਗਾ ਤਾਂ ਉਹਨਾਂ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਂਗ ਲਕੀਰ ਖਿੱਚ ਕੇ ਕਿਹਾ ਕਿ "ਸਿੰਘੋ! ਜਿਸ ਦਿਨ ਦੀ ਬੜੇ ਚਿਰ ਤੋਂ ਉਡੀਕ ਕਰ ਰਹੇ ਸੀ, ਉਹ ਸੁਭਾਗਾ ਦਿਨ ਆ ਗਿਆ ਹੈ। ਨਕਲੀ ਨਿਰੰਕਾਰੀ, ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਉਹਨਾਂ ਨੂੰ ਰੋਕਣ ਜਾਣਾ ਹੈ। ਇਹ ਲਕੀਰ ਓਹੀ ਟੱਪਣ ਜਿਹੜੇ ਪੂਰੇ ਨਿਭ ਸਕਣ ਅਤੇ ਗੁਰੂ ਪੰਥ ਤੋਂ ਆਪਾ ਵਾਰ ਸਕਣ, ਬਾਕੀ ਵਾਪਸ ਚਲੇ ਜਾਣ... ।”
ਅਖੰਡ ਕੀਰਤਨੀ ਜਥੇ ਦੇ 50-60 ਸਿੰਘ ਉਸੇ ਵੇਲੇ ਭਾਈ ਫ਼ੌਜਾ ਸਿੰਘ ਜੀ ਨਾਲ਼ ਜਾਣ ਲਈ ਤਿਆਰ ਹੋ ਗਏ ਤੇ ਸੰਤ ਜਰਨੈਲ ਸਿੰਘ ਜੀ ਕੋਲ ਗੁਰੂ ਰਾਮ ਦਾਸ ਸਰਾਂ 'ਚ ਆ ਪਹੁੰਚੇ। ਇੱਥੇ ਸਿੰਘਾਂ ਨਾਲ਼ ਸਲਾਹ-ਮਸ਼ਵਰਾ ਕਰ ਕੇ ਜਦ ਸੰਤ ਜਰਨੈਲ ਸਿੰਘ ਜੀ ਨੇ ਨਰਕਧਾਰੀਆਂ ਦੇ ਪ੍ਰਪੰਚ ਨੂੰ ਰੋਕਣ ਲਈ ਕਮਰਕੱਸੇ ਕਰ ਲਏ ਤਾਂ ਦਮਦਮੀ ਟਕਸਾਲ ਦੇ ਸੂਝਵਾਨ ਸਿੰਘਾਂ ਅਤੇ ਭਾਈ ਫ਼ੌਜਾ ਸਿੰਘ ਨੇ ਦੂਰ-ਅੰਦੇਸ਼ੀ ਫ਼ੈਸਲਾ ਲੈਂਦਿਆਂ ਸੰਤਾਂ ਨੂੰ ਖੁਦ ਇਸ ਜਥੇ ਵਿੱਚ ਜਾਣ ਤੋਂ ਰੋਕਿਆ। ਜਦ ਸਿੰਘਾਂ ਦੇ ਰੋਕਣ ਦੇ ਬਾਵਜੂਦ ਵੀ ਸੰਤ ਜੀ ਆਪਣੇ ਫ਼ੈਸਲੇ ਤੋਂ ਪਿੱਛੇ ਨਾ ਹਟੇ ਤਾਂ ਸਿੰਘਾਂ ਨੇ ਪੰਜ ਪਿਆਰਿਆਂ ਦੀ ਮਹਾਨ ਖ਼ਾਲਸਈ ਪ੍ਰੰਪਰਾ ਦੀ ਵਰਤੋਂ ਕਰਦਿਆਂ ਸੰਤਾਂ ਨੂੰ ਰੁਕਣ ਲਈ ਕਿਹਾ ਜਿਸ ਅੱਗੇ ਸੰਤਾਂ ਨੇ ਆਪਣਾ ਸਿਰ ਝੁਕਾਇਆ ਤੇ ਇਸ ਜਥੇ ਨਾਲ਼ ਖੁਦ ਜਾਣ ਦਾ ਫ਼ੈਸਲਾ ਤਿਆਗ ਦਿੱਤਾ।
ਭਾਈ ਫ਼ੌਜਾ ਸਿੰਘ ਦੇ ਨਾਲ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਬਹੁਤ ਪਿਆਰ ਸੀ। ਸੰਤਾਂ ਨੇ ਫਿਰ ਅਖੰਡ ਕੀਰਤਨੀ ਜਥੇ ਦੇ ਗੁਰਸਿੱਖ ਭਾਈ ਫ਼ੌਜਾ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਭਾਈ ਰਣਬੀਰ ਸਿੰਘ ਜੀ ਸਮੇਤ ਪੰਜ ਪਿਆਰਿਆਂ ਦੀ ਅਗਵਾਈ 'ਚ ਜਥੇ ਨੂੰ ਖ਼ਾਲਸਈ ਜੈਕਾਰਿਆਂ ਦੀ ਭਰਵੀਂ ਗੂੰਜ 'ਚ ਅਰਦਾਸ ਕਰ ਕੇ ਵਿਦਾ ਕੀਤਾ। ਜਦ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰਦਾ ਸਿੰਘਾਂ ਦਾ ਇਹ ਜਥਾ ਸ੍ਰੀ ਦਰਬਾਰ ਸਾਹਿਬ ਤੋਂ ਬਿਲਕੁਲ ਸ਼ਾਂਤੀਪੂਰਵਕ ਰੇਲਵੇ ਕਲੌਨੀ ਬੀ ਬਲਾਕ ਨੇੜੇ ਨਿਰੰਕਾਰੀਆਂ ਦੇ ਪੰਡਾਲ ਕੋਲ ਪੁੱਜਾ ਤਾਂ ਡੀ.ਐੱਸ.ਪੀ. ਜੋਸ਼ੀ ਅਤੇ ਸਿਟੀ ਇੰਸਪੈਕਟਰ ਅਨੂਪ ਸਿਹੁੰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕ ਲਿਆ, ਜਿੱਥੋਂ ਤਿੰਨ ਸੌ ਗਜ਼ ਦੀ ਦੂਰੀ 'ਤੇ ਪੰਡਾਲ ਸੀ।
ਭਾਈ ਫ਼ੌਜਾ ਸਿੰਘ ਨੇ ਪੁਲੀਸ ਨੂੰ ਕਿਹਾ ਕਿ "ਅਸੀਂ ਆਪਣੇ ਗੁਰੂ ਸਾਹਿਬ ਦੀ ਨਿੰਦਿਆ ਨਹੀਂ ਸਹਾਰ ਸਕਦੇ, ਨਰਕਧਾਰੀਆਂ ਦਾ ਇਹ ਪ੍ਰੋਗਰਾਮ ਤੁਰੰਤ ਬੰਦ ਕਰਵਾਇਆ ਜਾਏ...।”
ਲੇਕਿਨ ਪਹਿਲਾਂ ਤੋਂ ਹੀ ਤਿਆਰ ਖੜ੍ਹੇ ਨਰਕਧਾਰੀਆਂ ਦੇ ਚੇਲੇ-ਚਾਟੜਿਆਂ ਤੇ ਉਹਨਾਂ ਵੱਲੋਂ ਬਣਾਈ ਇੱਕ ਪ੍ਰਾਈਵੇਟ ਸੈਨਾ ਨੇ ਟਰੱਕਾਂ ਦੇ ਓਹਲੇ ਹੋ ਕੇ ਪਿਛਲੇ ਪਾਸਿਓਂ ਸਿੰਘਾਂ ਦੇ ਜਥੇ ਉੱਤੇ ਇਕਦਮ ਗੋਲ਼ੀਆਂ, ਇੱਟਾਂ-ਵੱਟੇ ਅਤੇ ਕੱਚ ਦੀਆਂ ਬੋਤਲਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੋਰ ਮਾਰੂ ਹਥਿਆਰਾਂ, ਤੇਜ਼ਾਬ ਦੀਆਂ ਬੋਤਲਾਂ ਤੇ ਲਾਠੀਆਂ ਨਾਲ ਸਿੰਘਾਂ ਦੇ ਸ਼ਾਂਤਮਈ ਜਥੇ 'ਤੇ ਹਮਲਾ ਕਰ ਦਿੱਤਾ ਤੇ ਅੰਧਾਧੁੰਦ ਗੋਲ਼ੀ ਚਲਾਈ ਗਈ ਤੇ ਉਲਟਾ ਪੁਲੀਸ ਵੱਲੋਂ ਵੀ ਸਿੰਘਾਂ ਉੱਤੇ ਹੀ ਟੀਅਰ ਗੈਸ ਦੇ ਗੋਲੇ ਛੱਡੇ ਗਏ ਜਿਸ ਨਾਲ਼ ਭਾਈ ਫ਼ੌਜਾ ਸਿੰਘ ਜੀ, ਭਾਈ ਰਣਬੀਰ ਸਿੰਘ ਜੀ ਫ਼ੌਜੀ, ਭਾਈ ਅਵਤਾਰ ਸਿੰਘ ਜੀ ਖੁੱਡਾ-ਕੁਰਾਲਾ, ਭਾਈ ਹਰਭਜਨ ਸਿੰਘ ਜੀ ਭੱਟੀਆਂ, ਭਾਈ ਪਿਆਰਾ ਸਿੰਘ ਜੀ ਭੁੰਗਰਨੀ, ਭਾਈ ਰਘਬੀਰ ਸਿੰਘ ਭੱਗੂਪੁਰ, ਭਾਈ ਗੁਰਚਰਨ ਸਿੰਘ ਜੀ ਲੁਧਿਆਣਾ, ਭਾਈ ਗੁਰਦਿਆਲ ਸਿੰਘ ਜੀ ਮੋਦੇ, ਭਾਈ ਅਮਰੀਕ ਸਿੰਘ ਜੀ ਖੁਜਾਲਾ, ਭਾਈ ਧਰਮਬੀਰ ਸਿੰਘ ਜੀ ਅੰਮ੍ਰਿਤਸਰ, ਭਾਈ ਕੇਵਲ ਸਿੰਘ ਜੀ ਪ੍ਰੇਮਗੜ੍ਹ, ਭਾਈ ਹਰੀ ਸਿੰਘ ਜੀ ਅੰਮ੍ਰਿਤਸਰ ਅਤੇ ਭਾਈ ਦਰਸ਼ਨ ਸਿੰਘ ਜੀ ਮਹਿਤਾ ਸ਼ਹੀਦੀ ਪਾ ਗਏ ਤੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ, ਗਿਆਨੀ ਮੋਹਰ ਸਿੰਘ ਜੀ, ਜਥੇਦਾਰ ਹਰਨਾਮ ਸਿੰਘ ਭੂਰਾ ਕੋਹਨਾ ਸਮੇਤ 80 ਤੋਂ ਵੱਧ ਸਿੰਘ ਸਖ਼ਤ ਜਖ਼ਮੀ ਹੋ ਗਏ। 
ਇਸ ਭਿਆਨਕ ਕਤਲੇਆਮ ਤੋਂ ਬਾਅਦ ਵੀ ਨਿਰੰਕਾਰੀ ਸੰਮੇਲਨ ਤਿੰਨ ਘੰਟੇ ਤਕ ਚਲਦਾ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪੁਲੀਸ ਪ੍ਰਸ਼ਾਸਨ ਜੋ ਇਸ ਖੂਨੀ ਕਾਂਡ ਦੇ ਮੁੱਖ ਦੋਸ਼ੀ ਨਿਰੰਕਾਰੀ ਮੁਖੀ ਗੁਰਬਚਨ ਸਿਹੁੰ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਮੁੱਖ ਮੰਤਰੀ ਪ੍ਰਕਾਸ਼ ਸਿਹੁੰ ਬਾਦਲ ਦੇ ਕਹਿਣ 'ਤੇ ਡੀ.ਸੀ. ਨਿਰੰਜਨ ਸਿਹੁੰ ਪੰਜਾਬ ਸਰਕਾਰ ਦੀ ਗੱਡੀ 'ਚ ਗੁਰਬਚਨੇ ਨੂੰ ਬਿਠਾ ਕੇ ਉਸ ਨੂੰ ਦਿੱਲੀ ਵਿਚਲੇ ਡੇਰੇ 'ਚ ਛੱਡ ਕੇ ਆਇਆ। ਸਿੰਘਾਂ ਦੇ ਡੁੱਲ੍ਹੇ ਇਸ ਲਹੂ ਨਾਲ਼ ਸਿੱਖ ਜਗਤ ਅੰਦਰ ਜੋਸ਼, ਗੁੱਸੇ ਅਤੇ ਗ਼ਮ ਦੀ ਲਹਿਰ ਪੈਦਾ ਹੋ ਗਈ ਪਰ ਬਾਦਲ ਸਰਕਾਰ ਉੱਤੇ ਕੋਈ ਅਸਰ ਨਾ ਹੋਇਆ, ਉਲ਼ਟਾ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਉੱਤੇ ਹੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।
ਖਾਲਸਾ ਪੰਥ ਦੇ ਰੋਹ ਨੂੰ ਵੇਖਦਿਆਂ 10 ਜੂਨ 1978 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਜਿਸ ਵਿੱਚ ਕਿਹਾ ਗਿਆ ਕਿ "ਨਕਲੀ ਨਿਰੰਕਾਰੀਆਂ ਨਾਲ਼ ਰੋਟੀ-ਬੇਟੀ ਦੀ ਸਾਂਝ ਨਾ ਰੱਖੀ ਜਾਵੇ ਤੇ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਇਸ ਧਰਮ-ਸ਼ਤਰੂ ਅਤੇ ਮਨੁੱਖ ਮਾਤਰ ਲਈ ਹਾਨੀਕਾਰਕ ਟੋਲੇ ਦਾ ਹਰ ਯੋਗ ਤਰੀਕੇ ਨਾਲ਼ ਵਿਰੋਧ ਕੀਤਾ ਜਾਵੇ ਅਤੇ ਇਸ ਨੂੰ ਸਮਾਜ ਅਤੇ ਸੰਸਾਰ ਵਿੱਚ ਫੈਲਣ ਨਾ ਦਿੱਤਾ ਜਾਵੇ...।”
ਨਕਲੀ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿਹੁੰ ਤੇ ਉਸ ਦੇ ਚੇਲਿਆਂ ਉੱਤੇ ਅਦਾਲਤ 'ਚ ਕੇਸ ਤਾਂ ਚੱਲਿਆ ਪਰ ਬਾਦਲ ਸਰਕਾਰ ਇਸ ਸਾਕੇ ਦੇ ਕੇਸ ਦੀ ਸਹੀ ਢੰਗ ਨਾਲ਼ ਪੈਰਵਾਈ ਕਰਨ ਤੋਂ ਟਾਲ਼ਾ ਵੱਟਦੀ ਰਹੀ ਤਾਂ ਜੋ ਨਰਕਧਾਰੀਆਂ ਦੀਆਂ ਵੋਟਾਂ ਨਾ ਟੁੱਟ ਜਾਣ। ਓਧਰ ਨਿਰੰਕਾਰੀਆਂ ਨੇ ਅਦਾਲਤ ਰਾਹੀਂ ਇਸ ਕੇਸ ਨੂੰ ਅੰਮ੍ਰਿਤਸਰ ਦੀ ਅਦਾਲਤ ਤੋਂ ਹਰਿਆਣੇ ਦੀ ਕਰਨਾਲ ਅਦਾਲਤ 'ਚ ਤਬਦੀਲ ਕਰਵਾ ਲਿਆ। ਕਰਨਾਲ ਦੇ ਸ਼ੈਸ਼ਨਜ ਜੱਜ ਆਰ.ਐੱਸ. ਗੁਪਤਾ ਨੇ 4 ਜਨਵਰੀ 1980 ਨੂੰ ਨਰਕਧਾਰੀਆਂ ਦੇ ਮੁਖੀ ਗੁਰਬਚਨ ਸਿਹੁੰ ਸਣੇ ਸਾਰੇ ਦੋਸ਼ੀ ਸਾਫ਼ ਬਰੀ ਕਰ ਦਿੱਤੇ। ਬਰੀ ਹੋ ਜਾਣ ਤੋਂ ਬਾਅਦ ਨਰਕਧਾਰੀਆਂ ਨੇ ਆਪਣੇ ਮੁਖੀ ਗੁਰਬਚਨ ਸਿਹੁੰ ਦੀਆਂ ਸਿਫ਼ਤਾਂ ਕਰਦਿਆਂ ਤੇ ਸਿੱਖਾਂ ਦਾ ਮਖੌਲ ਉਡਾਉਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ "ਸਿੱਖਾਂ ਦਾ ਗੁਰੂ ਹਰਗੋਬਿੰਦ ਸਾਹਿਬ ਤਾਂ 52 ਬੰਦੀਆਂ ਨੂੰ ਰਿਹਾਅ ਕਰਾ ਕੇ ਲਿਆਇਆ ਸੀ ਪਰ ਸਾਡੇ ਗੁਰੂ ਨੇ 64 ਬੰਦੀ ਰਿਹਾਅ ਕਰਵਾ ਲਏ ਹਨ...।” 
ਫਿਰ 24 ਅਪ੍ਰੈਲ 1980 ਨੂੰ ਨਿਰੰਕਾਰੀਆਂ ਦੇ ਦਿੱਲੀ ਭਵਨ ਵਿੱਚ ਹੀ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਜੁਝਾਰੂ ਭਾਈ ਕਾਬਲ ਸਿੰਘ ਉਰਫ਼ ਨਿਰੰਤਰ ਸਿੰਘ ਨੇ ਨਿਰੰਕਾਰੀ ਮੁਖੀ ਗੁਰਬਚਨੇ ਨੂੰ ਗੋਲੀਆਂ ਮਾਰ ਕੇ ਖ਼ਾਲਸਈ ਰਵਾਇਤਾਂ ਅਨੁਸਾਰ ਸੋਧ ਦਿੱਤਾ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਇਹਨਾਂ ਸੂਰਮਿਆਂ ਨੂੰ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਸੀ।

               ਰਣਜੀਤ ਸਿੰਘ ਦਮਦਮੀ ਟਕਸਾਲ 
       (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
                   ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.