ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ... ਰਣਜੀਤ ਸਿੰਘ ਦਮਦਮੀ ਟਕਸਾਲ

ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ...  ਰਣਜੀਤ ਸਿੰਘ ਦਮਦਮੀ ਟਕਸਾਲ

ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ...
ਰਣਜੀਤ ਸਿੰਘ ਦਮਦਮੀ ਟਕਸਾਲ
ਪੰਜਾਬ ਵਾਸੀਓ! ਅੱਜ ਉਹਨਾਂ ਸੂਰਮਿਆਂ ਦੇ ਲਈ ਪੰਜਾਬ ਬੰਦ ਰੱਖਿਓ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ, ਬਾਣੀ-ਬਾਣੇ ਦੀ ਸਲਾਮਤੀ, ਪੰਥ ਦੀ ਚੜ੍ਹਦੀ ਕਲਾ, ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ। ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਭਖਾਉਂਦਿਆਂ ਅੱਜ (21 ਅਗਸਤ) ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਅਤੇ ਸੜਕੀ ਆਵਾਜਾਈ ਤੇ ਰੇਲ ਗੱਡੀਆਂ ਰੋਕੀਆਂ ਜਾਣੀਆਂ ਹਨ। ਇਸ ਸੱਦੇ ਨੂੰ ਤੁਸੀਂ ਆਪ ਮੁਹਾਰੇ ਹੀ ਸਫ਼ਲਤਾ-ਪੂਰਵਕ ਬਣਾਇਓ, ਕਿਸੇ ਸਿੱਖ ਦੀ ਉਡੀਕ ਨਾ ਕਰਿਓ ਕਿ ਕੋਈ ਤੁਹਾਨੂੰ ਦੁਕਾਨ ਅਤੇ ਗੱਡੀ ਬੰਦ ਕਰਨ ਲਈ ਕਹੇ।
1849 ਵਿੱਚ ਸਿੱਖ ਰਾਜ ਖੁੱਸਣ ਤੋਂ ਬਾਅਦ ਸਿੱਖ ਲਗਾਤਾਰ ਗ਼ੁਲਾਮੀ ਭੋਗ ਰਹੇ ਨੇ। ਅੰਗਰੇਜ਼ਾਂ ਨੂੰ ਭਜਾਉਣ ਲਈ ਅਨੇਕਾਂ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਪਰ 1947 ਵਿੱਚ ਫ਼ਿਰਕੂ ਹਿੰਦੂਤਵੀ ਆਗੂਆਂ ਦੇ ਪਿੱਛੇ ਲੱਗ ਕੇ ਸਿੱਖ ਭਾਰਤ ਦੇ ਗ਼ੁਲਾਮ ਹੋ ਗਏ। ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਐਲਾਨਿਆ ਗਿਆ, ਪੰਥ ਅਤੇ ਪੰਜਾਬ ਦੇ ਹੱਕ-ਹਕੂਕ ਦੱਬ ਲਏ ਗਏ ਤੇ ਪੰਜਾਬੀ ਸੂਬਾ ਬਣਾਉਣ ਲਈ ਸਿੱਖਾਂ ਨੇ ਤਕੜਾ ਸੰਘਰਸ਼ ਲੜਿਆ।
1978 ਵਿੱਚ 13 ਸਿੰਘਾਂ ਦੀਆਂ ਸ਼ਹਾਦਤਾਂ ਨਾਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਮੌਜੂਦਾ ਕੌਮੀ ਸੰਘਰਸ਼ ਦਾ ਆਗਾਜ਼ ਕੀਤਾ ਤੇ ਸਿੱਖਾਂ ਨੂੰ ਡੂੰਘੀ ਨੀਂਦ ਵਿੱਚੋਂ ਜਗਾ ਕੇ ਮੁੜ ਆਪਣੇ ਆਜ਼ਾਦ ਰਾਜ ਵੱਲ ਤੋਰਿਆ। ਸੰਤ ਭਿੰਡਰਾਂਵਾਲਿਆਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਲਾਇਆ ਤੇ ਸਿੰਘਾਂ-ਸਿੰਘਣੀਆਂ ਨੇ ਜੇਲ੍ਹਾਂ ਨੱਕੋ-ਨੱਕ ਭਰ ਦਿੱਤੀਆਂ। ਸਿੱਖ ਕੌਮ ਨਾਲ ਪੰਜ ਸਦੀਆਂ ਦਾ ਵੈਰ ਕੱਢਦਿਆਂ ਭਾਰਤੀ ਹਿੰਦੂਤਵੀ ਹਾਕਮਾਂ ਨੇ ਸਿੱਖਾਂ ਦੀ ਜ਼ਿੰਦ-ਜਾਨ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਜਿਸ ਤੋਂ ਬਾਅਦ ਜੁਝਾਰੂ ਸਿੰਘਾਂ ਨੇ ਦਸ ਸਾਲ ਹਥਿਆਰਬੰਦ ਲੜਾਈ ਲੜੀ ਤੇ ਪੂਰੀ ਦੁਨੀਆਂ ਵਿੱਚ ਖ਼ਾਲਿਸਤਾਨ ਦੀਆਂ ਗੂੰਜਾਂ ਪਾ ਦਿੱਤੀਆਂ।
ਖਾਲਿਸਤਾਨ ਦਾ ਇਹ ਸੰਘਰਸ਼ ਲੜਦਿਆਂ ਅਨੇਕਾਂ ਜੁਝਾਰੂ-ਜਰਨੈਲ ਸ਼ਹਾਦਤਾਂ ਪਾ ਗਏ ਅਤੇ ਕੁਝ ਕੌਮੀ ਸੂਰਮੇ ਸਰਕਾਰਾਂ ਦੀ ਗ੍ਰਿਫ਼ਤ ਵਿੱਚ ਆ ਗਏ ਜੋ 90 ਦੇ ਦਹਾਕੇ ਤੋਂ ਹੁਣ ਤੱਕ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਭਾਰਤੀ ਹਾਕਮ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੇ ਤੇ ਹਰ ਪਲ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਰਹੇ ਨੇ ਤੇ ਸਿੱਖ ਕੌਮ ਦੀ ਅਣਖ਼ ਨੂੰ ਰੋਲਣਾ ਚਾਹੁੰਦੇ ਨੇ ਜੋ ਬੰਦੀ ਸਿੰਘਾਂ ਅਤੇ ਕਿਸੇ ਵੀ ਸਿੱਖ ਨੂੰ ਮਨਜ਼ੂਰ ਨਹੀਂ ਹੈ ਤੇ ਸਿੱਖ ਕੌਮ ਆਪਣੇ ਸਵੈਮਾਣ ਨੂੰ ਕਾਇਮ ਰੱਖਦਿਆਂ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਸਰਕਾਰਾਂ ਮੂਹਰੇ ਹਿੱਕਾਂ ਤਾਣ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਅਸਫ਼ਲ ਬਣਾਉਣ ਲਈ ਸਰਕਾਰਾਂ ਕਈ ਯਤਨ ਕਰ ਚੁੱਕੀਆਂ ਹਨ ਪਰ ਹਰ ਵਾਰ ਸਿੱਖਾਂ ਵੱਲੋਂ ਸੰਘਰਸ਼ ਨੂੰ ਮੁੜ ਭਖਾ ਦਿੱਤਾ ਜਾਂਦਾ ਹੈ ਜੋ ਬੰਦੀ ਸਿੰਘਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਪ੍ਰਤੱਖ ਮਿਸਾਲ ਹੈ। ਪੰਥਕ ਜਥੇਬੰਦੀਆਂ ਲੰਬੇ ਸਮੇਂ ਤੋਂ ਮਾਰਚ, ਪ੍ਰਦਰਸ਼ਨ, ਧਰਨੇ, ਮੋਰਚੇ ਅਤੇ ਕਾਨੂੰਨੀ ਚਾਰਾਜੋਈ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹਨ। ਭਾਈ ਗੁਰਬਖਸ਼ ਸਿੰਘ ਖ਼ਾਲਸਾ ਅਤੇ ਬਾਪੂ ਸੂਰਤ ਸਿੰਘ ਖ਼ਾਲਸਾ ਨੇ ਭੁੱਖ ਹੜਤਾਲਾਂ ਰਾਹੀਂ ਸੰਘਰਸ਼ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਹੁੰਚਾਇਆ ਤੇ ਸਿੱਖਾਂ ਨੇ ਵਿਸ਼ਵ ਭਰ ਵਿੱਚ ਬੰਦੀ ਸਿੰਘਾਂ ਪ੍ਰਤੀ ਆਪਣਾ ਫ਼ਰਜ ਨਿਭਾਇਆ।
ਪਿਛਲੇ ਤਿੰਨ ਸਾਲਾਂ ਭਾੜ ਸੰਨ 2023 ਤੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਨ 2019 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਕਹਿ ਕੇ ਬਾਅਦ ਵਿੱਚ ਫਿਰ ਮੁੱਕਰ ਗਏ ਪਰ ਇਸ ਦੇ ਬਾਵਜੂਦ ਵੀ ਬਾਬਾ ਹਰਨਾਮ ਸਿੰਘ ਧੁੰਮਾ ਵਰਗੇ ਪਿਛਲੇ ਦੋ ਸਾਲਾਂ ਤੋਂ ਭਾਜਪਾ ਲਈ ਵੋਟਾਂ ਮੰਗ ਰਹੇ ਹਨ ਪਰ ਬੰਦੀ ਸਿੰਘਾਂ ਲਈ ਉਹਨਾਂ ਕੱਖ ਨਾ ਕੀਤਾ। ਇਸ ਸਮੇਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਜ਼ੁਰਗ ਮਾਤਾ ਜੀ ਬੇਹੱਦ ਬਿਮਾਰ ਹਨ ਤੇ ਉਹ ਆਪਣੇ ਪੁੱਤਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਸਿੱਖਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਜਥੇਦਾਰ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਵੀ ਨਹੀਂ ਦੇ ਰਹੀ। ਸਿੱਖਾਂ ਦੇ ਸ਼ਾਂਤਮਈ ਮਾਰਚ-ਪ੍ਰਦਰਸ਼ਨ ਉੱਤੇ ਪੁਲਿਸ ਜ਼ੁਲਮ ਕਰਦੀ ਹੈ ਤੇ ਉਲ਼ਟਾ ਸਿੱਖਾਂ ਉੱਤੇ ਹੀ ਪਰਚੇ ਦਰਜ ਕਰ ਦਿੰਦੀ ਹੈ ਜਿਸ ਦੇ ਜਵਾਬ ਵਜੋਂ ਅੱਜ ਪੰਜਾਬ ਬੰਦ ਦਾ ਸੱਦਾ ਹੈ। ਅੱਜ ਪੰਜਾਬ ਨੂੰ ਮੁਕੰਮਲ ਬੰਦ ਕਰਕੇ ਭਾਰਤ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾਏ ਕਿ ਹਰ ਸਿੱਖ ਅਤੇ ਪੰਜਾਬੀ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਹੈ, ਅਸੀਂ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੋਣ ਦਿਆਂਗੇ।

       (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 

                     ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.