ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤ

ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤ

ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤ

ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਪਾਰਟੀਆਂ ਦੇ ਆਗੂਆਂ ਦੇ ਝੂਠ ਵੀ ਵੱਧਦੇ ਜਾ ਰਹੇ ਨੇ। ਕੋਈ ਸਿਆਸੀ ਆਗੂ ਜਿੰਨਾ ਵੱਧ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਂਦਾ ਹੈ ਓਨਾ ਹੀ ਉਹ ਚਰਚਾ ਵਿੱਚ ਆਉਂਦਾ ਹੈ। ਬਾਦਲਕੇ, ਕਾਂਗਰਸੀ, ਭਾਜਪਾਈ ਤੇ ਝਾੜੂ ਵਾਲੇ ਸਭ ਆਪਣਾ ਦਾਅ ਲਗਾਉਣ 'ਤੇ ਲੱਗੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਤਾਂ ਚੁਟਕਲੇ ਸੁਣਾ ਕੇ ਹੀ ਲੋਕਾਂ ਦਾ ਮਨੋਰੰਜਨ ਕਰੀ ਜਾ ਰਿਹਾ ਹੈ, ਓਹਦੀਆਂ ਹਾਸੇ ਵਿੱਚ ਲੁਕੀਆਂ ਚਲਾਕੀ ਭਰੀਆਂ ਗੱਲਾਂ ਲੋਕਾਂ ਨੂੰ ਪੰਜਾਬ ਦੇ ਅਸਲ ਮੁੱਦੇ ਹੀ ਭੁਲਾ ਦਿੰਦੀਆਂ ਨੇ ਤੇ ਪੰਜਾਬ ਦੇ ਸਿੱਧੇ-ਸਾਦੇ, ਬੇਪ੍ਰਵਾਹ ਤੇ ਭੋਲ਼ੇ ਲੋਕ ਤਾੜੀਆਂ ਮਾਰਦੇ ਰਹਿ ਜਾਂਦੇ ਨੇ। ਨਸ਼ਿਆਂ ਵਿੱਚ ਡੁੱਬਦਾ ਤੇ ਗੈਂਗਵਾਦ ਦੀ ਅੱਗ 'ਚ ਸੜਦਾ 'ਪੰਜਾਬ' ਝਾੜੂ ਵਾਲਿਆਂ ਨੂੰ ਨਹੀਂ ਦਿਸ ਰਿਹਾ। ਸਿਰਫ਼ ਫੋਕੀਆਂ ਮਸ਼ਹੂਰੀਆਂ ਨਾਲ ਵਾਹ-ਵਾਹ ਖੱਟੀ ਜਾ ਰਹੀ ਹੈ। ਜਦੋਂ ਭਗਵੰਤ ਮਾਨ ਦੀਆਂ ਸ਼ਰਾਬ ਵਿੱਚ ਰੱਜੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਪੂਰੀ ਦੁਨੀਆਂ 'ਚ ਪੰਜਾਬ ਦਾ ਜਲੂਸ ਨਿਕਲਦਾ ਹੈ। ਇਸ ਨੇ ਅੱਜ-ਤਕ ਕਦੇ ਵੀ ਕੋਈ ਗੰਭੀਰ ਅਤੇ ਸੁਹਿਰਦ ਤਕਰੀਰ ਨਹੀਂ ਕੀਤੀ ਤੇ ਜੁਗਨੂੰ ਪ੍ਰੋਗਰਾਮ ਵਾਂਗ ਜਾਂ ਝੰਡਾ ਅਮਲੀ ਦੇ ਰੋਲ ਵਾਂਗ ਬਸ ਝੱਲ ਹੀ ਖਿਲਾਰਿਆ ਹੈ। ਇਮਾਨਦਾਰੀ ਦੇ ਨਾਂ ਉੱਤੇ ਗੰਧਲੀ ਸਿਆਸਤ ਕਰਕੇ ਇਹ ਪੰਜਾਬ ਨੂੰ ਗੰਧਲਾ ਬਣਾਉਣ 'ਤੇ ਤੁਲੇ ਹੋਏ ਹਨ, ਰੰਗਲੇ ਪੰਜਾਬ ਵਾਲੇ ਸਾਰੇ ਦਾਅਵੇ ਫੋਕੇ ਸਿੱਧ ਹੋਏ ਹਨ। ਭਗਵੰਤ ਮਾਨ ਦੇ ਕੋਲ ਸਿਰਫ਼ ਕਮੇਡੀ ਹੈ। 

ਭਗਵੰਤ ਮਾਨ ਤਾਂ ਚਲੋ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਹੈ ਹੀ ਕਮੇਡੀਅਨ ਸੀ ਪਰ ਇੱਥੇ ਤਾਂ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਸੁਖਬੀਰ ਸਿੰਘ ਬਾਦਲ ਵੀ ਕਿਸੇ ਭੰਡ ਨਾਲ਼ੋਂ ਘੱਟ ਨਹੀਂ ਹੈ, ਓਹਦੀਆਂ ਗੱਲਾਂ ਵੀ ਅਸਮਾਨ ਤੋਂ ਤਾਰੇ ਤੋੜ ਲਿਆਉਂਦੀਆਂ ਨੇ। ਪਹਿਲਾਂ ਸੁਖਬੀਰ ਦੇ ਪਿਤਾ ਸਮਾਨ ਵੱਡੇ ਬਾਦਲ ਸਾਬ੍ਹ ਜਨਤਾ ਨੂੰ ਮੂਰਖ ਬਣਾ ਕੇ ਪੰਜਾਬ ਨੂੰ ਲੁੱਟਦੇ-ਕੁੱਟਦੇ ਰਹੇ ਤੇ ਓਦੋਂ ਕਾਕਾ ਜੀ ਉਪ ਮੁੱਖ ਮੰਤਰੀ ਬਣ ਕੇ ਬਰਗਾੜੀ, ਬਹਿਬਲ ਤੇ ਕੋਟਕਪੂਰਾ ਵਰਗੇ ਕਾਂਡ ਵਰਤਾਉਂਦੇ ਰਹੇ ਤੇ ਹੁਣ ਉਹ ਪੰਜਾਬ ਦੀ ਧਰਤੀ ਨੂੰ ਦੁਬਾਰਾ ਖ਼ੂਨ 'ਚ ਰੰਗਣ ਲਈ ਤਰਲੋ-ਮੱਛੀ ਹੋਏ ਫਿਰਦੇ ਨੇ। ਕੋਈ ਪੰਥ ਅਤੇ ਪੰਜਾਬ ਪੱਖੀ ਗੱਲ ਤਾਂ ਸੁਖਬੀਰ ਨੂੰ ਆਉਂਦੀ ਹੀ ਨਹੀਂ, ਬਸ ਜਬਲੀਆਂ ਨੂੰ ਹੀ ਇਹ ਚੋਣ ਪ੍ਰਚਾਰ ਤੇ ਪੰਜਾਬ ਦੀ ਸੇਵਾ ਮੰਨੀ ਫਿਰਦੇ ਨੇ। ਸੁਖਬੀਰ ਬਾਦਲ ਤਾਂ ਕਿਸੇ ਪੱਖੋਂ ਵੀ ਅਕਾਲੀ ਆਗੂ ਨਹੀਂ ਲੱਗਦਾ, ਇਹੋ ਜਿਹੇ ਨਮੂਨੇ ਪੰਜਾਬ ਦਾ ਕੀ ਸਵਾਰਨਗੇ! ਇਹਨਾਂ ਬਾਦਲਕਿਆਂ ਨੇ ਝੂਠ ਬੋਲ-ਬੋਲ ਕੇ ਪਹਿਲਾਂ ਵੀ ਬਥੇਰੀ ਵਾਰ ਸਰਕਾਰ ਬਣਾ ਲਈ ਸੀ, ਨਾ ਓਦੋਂ ਪੰਥ ਤੇ ਪੰਜਾਬ ਲਈ ਕੁਝ ਕਰ ਸਕੇ ਤੇ ਨਾ ਹੀ ਇਹਨਾਂ ਨੇ ਅਗਾਂਹ ਕੁਝ ਕਰਨਾ ਹੈ। 

ਕਾਂਗਰਸ ਦਾ ਰਾਜਾ ਵੜਿੰਗ ਤਾਂ ਸਭ ਤੋਂ ਖੋਟਾ ਸਿੱਕਾ ਹੈ ਜਿਸ ਦੇ ਮਨ ਵਿੱਚ ਪੰਥ ਤੇ ਪੰਜਾਬ ਪ੍ਰਤੀ ਅੰਤਾਂ ਦੀ ਨਫ਼ਰਤ ਭਰੀ ਹੋਈ ਹੈ, ਇਹ ਪੰਜਾਬ ਦਾ ਖਾ ਕੇ ਚਾਕਰੀ ਦਿੱਲੀ ਦੀ ਕਰਦਾ ਹੈ। ਸਿੱਖ ਕੌਮ ਦੇ ਯੋਧਿਆਂ ਭਾਈ ਬਿਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਗੋਲ਼ੀਆਂ ਨਾਲ ਭੁੰਨੀ ਦੁਸ਼ਟ ਇੰਦਰਾ ਗਾਂਧੀ ਨੂੰ ਰਾਜਾ ਵੜਿੰਗ ਆਪਣੀ ਮਾਂ ਆਖਦਾ ਹੈ ਤੇ ਉਸ ਦੀ ਫੋਟੋ ਵਾਲ਼ੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਨੂੰ ਜਾਇਜ਼ ਠਹਿਰਾਉਂਦਾ ਹੋਇਆ ਸਮੁੱਚੀ ਸਿੱਖ ਕੌਮ ਨੂੰ ਚਿੜਾਉਂਦਾ ਹੈ। ਇਹ ਵੀ ਹੁਣ ਪੱਗ ਬੰਨ੍ਹ ਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਅੱਖ ਧਰੀ ਫਿਰਦਾ ਹੈ। ਇਸ ਦੀਆਂ ਗੱਲਾਂ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਅਕਲ ਤਾਂ ਇਸ ਦੇ ਨੇੜਿਓਂ ਵੀ ਨਾ ਲੰਘੀ ਹੋਵੇ। ਵੈਸੇ ਇਹੋ ਜਿਹੇ ਵੱਧ ਤੋਂ ਵੱਧ ਲੀਡਰ ਕਾਂਗਰਸ ਵਿੱਚ ਚਾਹੀਦੇ ਹਨ ਜੋ ਪੰਜਾਬ ਤੇ ਭਾਰਤ 'ਚੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਕਰਵਾ ਦੇਣ ਤੇ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦਾ ਇੱਕ ਵੀ ਪੱਤਾ ਹਰਾ ਨਾ ਰਹੇ। ਰਾਜਾ ਵੜਿੰਗ ਨੇ ਕਦੋਂ ਸ਼ੇਰ ਨੂੰ ਖੋਤਾ ਤੇ ਖੋਤੇ ਨੂੰ ਸ਼ੇਰ ਕਹਿ ਦੇਣਾ ਹੈ ਕੋਈ ਪਤਾ ਨਹੀਂ ਲੱਗਦਾ। ਇਹ ਤਾਂ ਇੱਕ ਅਜਿਹਾ ਨਿਕੰਮਾ ਆਗੂ ਹੈ ਜੋ ਆਪਣੀ ਹੀ ਪਾਰਟੀ ਦੇ ਉਮੀਦਵਾਰ ਦੀ ਤੁਲਨਾ ਉਸਦੇ ਹੀ ਪਿੰਡ ਦੇ ਕੁੱਤੇ ਨਾਲ ਕਰ ਦਿੰਦਾ ਹੈ। ਕਦੇ ਉਹ ਢੱਡਰੀਆਂ ਵਾਲੇ ਨੂੰ ਬਾਂਦਰ ਸੈਨਾ ਦਾ ਮਹਾਰਾਜ ਬਣਾ ਦਿੰਦਾ ਹੈ, ਕਦੇ 12 ਗੁਣਾਂ 5 ਨੂੰ ਹੜਤਾਲੀ ਬਣਾ ਦਿੰਦਾ ਹੈ ਤੇ ਸਟੇਜਾਂ ਉੱਤੇ ਹਮੇਸ਼ਾਂ ਹੀ ਝੂਠ ਦੀਆਂ ਕੰਧਾਂ ਖੜ੍ਹੀਆਂ ਕਰਦਾ ਰਹਿੰਦਾ ਹੈ। 

ਜੇ ਪੰਜਾਬ ਦੇ ਭਾਜਪਾਈ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ਼ ਤਾਂ ਕੋਈ ਵਿਚਾਰਧਾਰਾ ਹੈ ਹੀ ਨਹੀਂ, ਉਹ ਤਾਂ ਬਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੂਟ ਪਾਲਸ਼ ਕਰਨ ਉੱਤੇ ਹੀ ਲੱਗੇ ਹੋਏ ਹਨ। ਜਦੋਂ ਇਹ ਆਗੂ ਆਖਦੇ ਹਨ ਕਿ ਭਾਜਪਾ ਪੰਜਾਬ ਨੂੰ ਬਚਾਏਗੀ ਤਾਂ ਇਹ ਗੱਲ ਆਪਣੇ ਆਪ ਵਿੱਚ ਹੀ ਹਾਸੋਹੀਣੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ 2019 ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਕਹਿ ਕੇ ਮੋਦੀ ਮੁੱਕਰ ਗਿਆ ਸੀ, ਭਾਜਪਾ ਦਾ ਮਤਲਬ ਹੀ ਅਕ੍ਰਿਤਘਣ, ਮੱਕਾਰੀ ਅਤੇ ਝੂਠ ਹੈ। ਹਰੇਕ ਅਣਖੀਲਾ ਸਿੱਖ ਤੇ ਜਾਗਦੀ ਜ਼ਮੀਰ ਵਾਲ਼ਾ ਪੰਜਾਬੀ ਇਹ ਗੱਲ ਜਾਣਦਾ ਹੈ ਕਿ ਇਹ ਭਾਜਪਾ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ ਜਿਸ ਦਾ ਏਜੰਡਾ ਨਫ਼ਰਤ ਦੀ ਰਾਜਨੀਤੀ, ਧਰਮਾਂ ਨੂੰ ਲੜਾਉਣਾ, ਜਾਤ-ਪਾਤ ਦੀਆਂ ਵੰਡੀਆਂ ਪਾਉਣੀਆਂ ਤੇ ਸਿੱਖਾਂ ਤੇ ਹੋਰ ਘੱਟ ਗਿਣਤੀ ਕੌਮਾਂ ਦੀ ਪਛਾਣ ਮਿਟਾਉਣਾ ਹੈ। ਭਾਜਪਾ ਕੱਟੜ ਹਿੰਦੂਵਾਦ ਲਈ ਤਾਂ ਚੰਗੀ ਹੋ ਸਕਦੀ ਹੈ ਪਰ ਸਿੱਖਾਂ ਅਤੇ ਪੰਜਾਬ ਲਈ ਇਹ ਜ਼ਹਿਰ ਹੈ। ਜੇ ਪੰਜਾਬ 'ਚ ਭਾਜਪਾ ਕਾਮਯਾਬ ਹੁੰਦੀ ਹੈ ਤਾਂ ਸਮਝੋ ਕਿ ਪੰਜਾਬੀਆਂ 'ਚ ਖਾਨਾਜੰਗੀ ਸ਼ੁਰੂ ਹੋ ਜਾਵੇਗੀ। ਧਰਮਾਂ ਤੇ ਜਾਤਾਂ ਦੇ ਨਾਂ 'ਤੇ ਹਰ ਰੋਜ਼ ਝਗੜੇ ਅਤੇ ਕਤਲੋਗਾਰਦ ਹੋਵੇਗੀ। ਫਿਰ ਲੋਕ ਕਾਂਗਰਸੀਆਂ, ਬਾਦਲਕਿਆਂ ਤੇ ਝਾੜੂ ਵਾਲਿਆਂ ਦੇ ਕਾਰਿਆਂ ਨੂੰ ਭੁੱਲ ਜਾਣਗੇ ਤੇ ਭਾਜਪਾ ਦੇ ਕਹਿਰ ਨੂੰ ਝੱਲਣ ਲਈ ਮਜਬੂਰ ਹੋਣਗੇ। 

ਇਹਨਾਂ ਚਾਰਾਂ ਪਾਰਟੀਆਂ ਕਾਂਗਰਸ, ਬਾਦਲ ਦਲ, ਭਾਜਪਾ ਤੇ ਝਾੜੂ ਵਾਲਿਆਂ ਵਿੱਚੋਂ ਕੋਈ ਵੀ ਪੰਥ ਤੇ ਪੰਜਾਬ ਦਾ ਹਿਤੈਸ਼ੀ ਨਹੀਂ ਹੈ। ਇਹ ਸਭ ਚੋਰ, ਡਾਕੂ ਅਤੇ ਲੁਟੇਰੇ ਹਨ ਤੇ ਝੂਠ ਦੇ ਸਹਾਰੇ ਆਪਣੀ ਸਿਆਸਤ ਕਰਦੇ ਹਨ। ਪੰਥ ਅਤੇ ਪੰਜਾਬ ਦੇ ਦਰਦੀ ਲੋਕ ਇਹਨਾਂ ਨੂੰ ਨਕਾਰਨ ਅਤੇ ਪਛਾੜਨ ਤੇ ਪੰਥ ਅਤੇ ਪੰਜਾਬ ਨੂੰ ਪ੍ਰਣਾਈਆ ਪੰਥਕ ਧਿਰਾਂ ਦਾ ਹਰ ਪੱਖ ਤੋਂ ਸਾਥ ਦੇਣ। ਭਾਜਪਾ ਦੇ ਏਜੰਡੇ ਵਿੱਚੋਂ ਹੀ ਝਾੜੂ ਪਾਰਟੀ ਨਿਕਲੀ ਸੀ ਤੇ ਇਹਨਾਂ ਰਾਸ਼ਟਰਵਾਦੀ ਭਗਤਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ, ਇਹਨਾਂ ਨੂੰ ਤਾਕਤ ਦੇਣੀ ਪੰਜਾਬੀਆਂ ਦੀ ਵੱਡੀ ਗਲਤੀ ਸੀ ਜਿੰਨੀ ਛੇਤੀ ਹੋ ਸਕੇ ਹੁਣ ਸੁਧਾਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਭਵਿੱਖ ਵਿੱਚ ਬਹੁਤ ਪਛਤਾਉਣਾ ਪਵੇਗਾ। ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਹੀ ਪੰਥ ਤੇ ਪੰਜਾਬ ਦਾ ਭਵਿੱਖ ਰੁਸ਼ਨਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ, ਇਹਨਾਂ ਨਾਲ ਖੜ੍ਹਨ ਦੀ ਲੋੜ ਹੈ। ਜੇ ਵੋਟ ਪਾਉਣੀ ਹੀ ਹੈ ਤਾਂ ਆਪਣਿਆਂ ਨੂੰ ਪਾਓ, ਬੇਗਾਨਿਆਂ ਨੂੰ ਨਹੀਂ। ਝੂਠ ਦੇ ਵਪਾਰੀਆਂ ਤੋਂ ਖਹਿੜਾ ਛੁਡਾਉਣਾ ਹੀ ਪੰਜਾਬ ਲਈ ਬਿਹਤਰ ਹੋਵੇਗਾ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.