ਨਸ਼ੇ ਬੰਦ ਕਰੇ ਭਗਵੰਤ ਮਾਨ ਸਰਕਾਰ, ਹੱਕ ਮੰਗਦੇ ਲੋਕਾਂ ਨੂੰ ਦਬਾਉਣਾ ਛੱਡੇ: ਜਥੇਦਾਰ ਜਗਜੀਤ ਸਿੰਘ ਨਿਹੰਗ

ਨਸ਼ੇ ਬੰਦ ਕਰੇ ਭਗਵੰਤ ਮਾਨ ਸਰਕਾਰ, ਹੱਕ ਮੰਗਦੇ ਲੋਕਾਂ ਨੂੰ ਦਬਾਉਣਾ ਛੱਡੇ: ਜਥੇਦਾਰ ਜਗਜੀਤ ਸਿੰਘ ਨਿਹੰਗ

ਜਗਰਾਉਂ, 30 ਅਕਤੂਬਰ , ਰਣਜੀਤ ਸਿੰਘ ਖਾਲਸਾ- ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਮਾਨਸਾ ਮੋਰਚੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ, ਸੰਘਰਸ਼ੀ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਖਿੱਚਧੂਹ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਨੂੰ ਪੁਲਿਸ ਦਾ ਡਰ ਦਿਖਾਉਣ ਨਾਲ ਉਨ੍ਹਾਂ ਦਾ ਦਰਦ ਮੁੱਕਣ ਵਾਲਾ ਨਹੀਂ। ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨਸ਼ੇ ਬੰਦ ਕਰੇ। ਪੰਜਾਬ ਦੇ ਘਰਾਂ ਵਿੱਚ ਵਿਛਦੇ ਸੱਥਰ ਰੋਕੇ। ਜਿਹੜੇ ਨੌਜਵਾਨ ਨਸ਼ਿਆਂ ਖ਼ਿਲਾਫ਼ ਖੜ੍ਹੇ ਹਨ, ਉਨ੍ਹਾਂ ਨੂੰ ਫੜ ਕੇ ਸਰਕਾਰ ਕਿਹੜੀ ਨਸ਼ਾ ਵਿਰੋਧੀ ਜੰਗ ਲੜ ਰਹੀ ਹੈ ? ਮਾਵਾਂ ਦੇ ਪੁੱਤ ਬਚਾਉਣੇ ਸਰਕਾਰ ਦਾ ਕੰਮ ਹੈ। ਇਨਸਾਫ਼ ਮੰਗਦਿਆਂ ਨੂੰ ਚੁੱਕਣਾ ਕਿੱਥੋਂ ਦੀ ਅਕਲ ਹੈ ?” ਜਥੇਦਾਰ ਨੇ ਕਿਹਾ ਕਿ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਮੋਰਚੇ ਦੀਆਂ ਮੰਗਾਂ ਸੁਣੀਆਂ ਜਾਣ ਅਤੇ ਗ੍ਰਿਫ਼ਤਾਰ ਨੌਜਵਾਨ ਰਿਹਾਅ ਕੀਤੇ ਜਾਣ। ਉਨ੍ਹਾਂ ਆਖਿਆ ਕਿ ਸਰਕਾਰੀ ਇਸ਼ਤਿਹਾਰਾਂ ਨਾਲ ਪੰਜਾਬ ਦੇ ਜ਼ਖ਼ਮ ਨਹੀਂ ਭਰਨੇ; ਲੋਕਾਂ ਨੂੰ ਜ਼ਮੀਨ ਉੱਤੇ ਕੰਮ ਅਤੇ ਇਨਸਾਫ਼ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਨਾਲ ਖਿੱਚਧੂਹ ਕਰਨੀ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਦੇ ਹੱਕ ਕਮਜ਼ੋਰ ਕਰਨ ਲਈ ਸਿਆਸੀ ਦਾਅ-ਪੇਚ ਖੇਡ ਰਹੀ ਹੈ ਅਤੇ ਮਾਨ ਸਰਕਾਰ ਵੀ ਪੰਜਾਬ ਦੇ ਹਿੱਤਾਂ ਲਈ ਡਟਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, “ਪੰਜਾਬ ਕਿਸੇ ਦੀ ਜਾਗੀਰ ਨਹੀਂ। ਲੋਕਾਂ ਦੇ ਸਬਰ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਪਿੰਡਾਂ ਦੇ ਲੋਕ, ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ। ਧੱਕੇਸ਼ਾਹੀ ਅੱਗੇ ਚੁੱਪ ਰਹਿਣ ਨਾਲ ਹਾਕਮਾਂ ਦਾ ਹੌਸਲਾ ਹੋਰ ਵਧਦਾ ਹੈ।”

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.