ਪੁਰਸ਼ ਨੇਸ਼ਨਜ਼ ਕੱਪ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ, 19 ਤੋਂ 28 ਫ਼ਰਵਰੀ 2027 ਤੱਕ ਹੋਣਗੇ ਮੁਕਾਬਲੇ
- ਅੰਤਰਰਾਸ਼ਟਰੀ
- (Asia/Kolkata)
ਲਾਹੌਰ/ਇਸਲਾਮਾਬਾਦ (ਨਜ਼ਰਾਨਾ ਟਾਈਮਜ਼ ਖੇਡ ਡੈਸਕ): ਪਾਕਿਸਤਾਨ 24 ਸਾਲਾਂ ਦੇ ਵਕਫ਼ੇ ਮਗਰੋਂ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਇੱਕ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਐੱਫਆਈਐੱਚ ਹਾਕੀ ਪੁਰਸ਼ ਨੇਸ਼ਨਜ਼ ਕੱਪ ਦਾ ਪੰਜਵਾਂ ਐਡੀਸ਼ਨ ਲਾਹੌਰ ਵਿੱਚ 19 ਤੋਂ 28 ਫ਼ਰਵਰੀ 2027 ਤੱਕ ਹੋਵੇਗਾ।
ਐੱਫਆਈਐੱਚ ਦੇ ਪ੍ਰਧਾਨ ਤੱਯਬ ਇਕਰਾਮ ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਅੰਤਰਿਮ ਪ੍ਰਧਾਨ ਮੋਹਿਉੱਦੀਨ ਅਹਿਮਦ ਵਾਨੀ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਹੋਏ ਸਮਾਗਮ ਦੌਰਾਨ ਇਹ ਐਲਾਨ ਕੀਤਾ। ਦੋਵਾਂ ਨੇ 10 ਟੀਮਾਂ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ।
ਟੂਰਨਾਮੈਂਟ ਵਿੱਚ ਪਾਕਿਸਤਾਨ ਤੋਂ ਇਲਾਵਾ ਮਿਸਰ, ਆਇਰਲੈਂਡ, ਜਾਪਾਨ, ਮਲੇਸ਼ੀਆ, ਨਿਊਜ਼ੀਲੈਂਡ, ਸਕਾਟਲੈਂਡ, ਦੱਖਣੀ ਅਫ਼ਰੀਕਾ, ਕੋਰੀਆ ਅਤੇ ਅਮਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪਹਿਲੀ ਵਾਰ ਟੀਮਾਂ ਦੀ ਗਿਣਤੀ ਅੱਠ ਤੋਂ ਵਧਾ ਕੇ 10 ਕੀਤੀ ਗਈ ਹੈ।
ਲਾਹੌਰ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 2027-28 ਦੀ ਐੱਫਆਈਐੱਚ ਪ੍ਰੋ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ। ਪਾਕਿਸਤਾਨ 2024-25 ਦੇ ਨੇਸ਼ਨਜ਼ ਕੱਪ ਵਿੱਚ ਉਪ ਜੇਤੂ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਨੇ 2025-26 ਦਾ ਸੀਜ਼ਨ ਐੱਫਆਈਐੱਚ ਪ੍ਰੋ ਲੀਗ ਵਿੱਚ ਖੇਡਿਆ।
Leave a Reply