ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨ

ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨ

ਅੰਮ੍ਰਿਤਸਰ, 14 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 
ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੀਆਂ ਸਲਾਨਾ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਿੱਖ ਵਿਦਿਆਰਥੀ ਉਂਕਾਰ ਸਿੰਘ ਦੀ ਸ਼ਾਨਦਾਰ ਵਿੱਦਿਅਕ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਹੌਸਲਾ ਅਫ਼ਜ਼ਾਈ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨ ਕਰੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਇਹ ਫੈਸਲਾ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਉਂਕਾਰ ਸਿੰਘ ਨੇ ਇਸ ਤੋਂ ਪਹਿਲਾਂ ਨੌਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵੀ ਦੂਜਾ ਸਥਾਨ ਹਾਸਲ ਕੀਤਾ ਸੀ ਅਤੇ ਉਹ ਲਗਾਤਾਰ ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਕਾਰ ਸਿੰਘ ਦੇ ਪਿਤਾ ਡਾ. ਮਿਮਪਾਲ ਸਿੰਘ, ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਖ਼ੁਦ ਵੀ ਵਿੱਦਿਅਕ ਅਤੇ ਡਾਕਟਰੀ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਰੱਖਦੇ ਹਨ। ਉਹ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਮਗਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਉਂਕਾਰ ਸਿੰਘ ਵੱਲੋਂ ਵਿੱਦਿਅਕ ਖੇਤਰ ਵਿੱਚ ਹਾਸਲ ਕੀਤੀ ਇਹ ਮਾਣਮੱਤੀ ਪ੍ਰਾਪਤੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਂਕਾਰ ਸਿੰਘ ਆਪਣੀ ਮੇਹਨਤ ਤੇ ਲਿਆਕਤ ਨਾਲ ਸਿੱਖ ਕੌਮ ਦਾ ਨਾਮ ਰੌਸ਼ਨ ਕਰੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.