ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਨੂੰ ਸਮੁੱਚੀਆਂ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਬਣਾਉਣ ਲਈ ਬੀਬੀ ਖਾਲੜਾ ਅੱਗੇ ਆਉਣ : ਫੈਡਰੇਸ਼ਨ ਭਿੰਡਰਾਂਵਾਲਾ
01 Oct, 2025 01:26 AM
ਅੰਮ੍ਰਿਤਸਰ, 30 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ
[FACTBOX]
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਇੱਕ ਵਾਰ ਫਿਰ ਭਾਈ ਸੰਦੀਪ ਸਿੰਘ ਸੰਨੀ ਦੇ ਹੱਕ 'ਚ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਸਾਰੀਆਂ ਪੰਥਕ ਜਥੇਬੰਦੀਆਂ ਦੀ ਸਹਿਮਤੀ ਨਾਲ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਨੂੰ ਸਾਂਝਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਾਰੇ ਅਕਾਲੀ ਦਲਾਂ ਅਤੇ ਪੰਥਕ ਜਥੇਬੰਦੀਆਂ ਨੂੰ ਇਹ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਤਰਨ ਤਾਰਨ ਦੀ ਚੋਣ 'ਚ ਭਾਈ ਸੰਦੀਪ ਸਿੰਘ ਸੰਨੀ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਾ ਉਤਾਰਿਆ ਜਾਏ। ਉਹਨਾਂ ਬਾਦਲਕਿਆਂ ਨੂੰ ਵੀ ਕਿਹਾ ਕਿ ਉਹ ਸਿੱਖ ਵੋਟ ਵੰਡਣ ਦਾ ਕੋਝਾ ਯਤਨ ਨਾ ਕਰਨ ਤੇ ਤਰਨ ਤਾਰਨ ਤੋਂ ਆਪਣਾ ਉਮੀਦਵਾਰ ਤੁਰੰਤ ਵਾਪਸ ਲੈਣ। ਜੇਕਰ ਬਾਦਲ ਦਲ ਅਜਿਹਾ ਨਹੀਂ ਕਰਦਾ ਤਾਂ ਉਸ ਉੱਤੇ ਹੁਣ ਇੱਕ ਹੋਰ ਕਲੰਕ ਲੱਗੇਗਾ ਜਿਵੇਂ 2024 ਵਿੱਚ ਬਾਦਲਕਿਆਂ ਨੇ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਵਿਰਸਾ ਸਿੰਘ ਵਲਟੋਹਾ ਨੂੰ ਖੜ੍ਹਾ ਕੀਤਾ ਸੀ ਪਰ ਬਾਦਲਕਿਆਂ ਨੂੰ ਮੂੰਹ ਦੀ ਖਾਣੀ ਪਈ।
ਭਾਈ ਰਣਜੀਤ ਸਿੰਘ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇੱਕ ਵਾਰ ਦੁਬਾਰਾ ਫਿਰ ਅਪੀਲ ਕੀਤੀ ਕਿ ਜਿਵੇਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਕਿੰਗ ਮੇਕਰ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ ਉਸੇ ਤਰ੍ਹਾਂ ਬੀਬੀ ਖਾਲੜਾ ਜੀ ਹੁਣ ਵੀ ਭਾਈ ਸੰਦੀਪ ਸਿੰਘ ਸੰਨੀ ਨੂੰ ਸਮੁੱਚੀਆਂ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਬਣਾਉਣ ਲਈ ਯਤਨ ਕਰਨ ਅਤੇ ਭਾਈ ਸੰਨੀ ਦੀ ਚੋਣ ਮੁਹਿੰਮ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇੱਕ ਹੋਰ ਸ਼ਾਨਦਾਰ ਇਤਿਹਾਸ ਨੂੰ ਜਨਮ ਦੇਣ। ਉਹਨਾਂ ਕਿਹਾ ਕਿ ਖਾਲੜਾ ਪਰਿਵਾਰ ਦੀ ਘਾਲਣਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ, ਬੀਬੀ ਖਾਲੜਾ ਜੀ ਇਸ ਸਮੇਂ ਪੰਥ ਅਤੇ ਪੰਜਾਬ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਭਾਈ ਸੰਦੀਪ ਸਿੰਘ ਸੰਨੀ ਲਈ ਮੋਰਚਾ ਸੰਭਾਲਣ। ਫੈਡਰੇਸ਼ਨ ਆਗੂਆਂ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਵੀ ਅਪੀਲ ਕੀਤੀ ਕਿ ਉਹ ਭਾਈ ਸੰਦੀਪ ਸਿੰਘ ਸੰਨੀ ਨੂੰ ਹੀ ਸਮਰਥਨ ਦੇਣ।
ਫੈਡਰੇਸ਼ਨ ਆਗੂਆਂ ਨੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਭਾਈ ਤਰਸੇਮ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਭਾਈ ਸੰਦੀਪ ਸਿੰਘ ਸੰਨੀ ਨੂੰ ਆਪਣੀ ਪਾਰਟੀ ਵੱਲੋਂ ਚੋਣ ਲੜਾਉਣ ਦੀ ਬਜਾਏ ਸਗੋਂ ਪੰਥ ਦੇ ਵਡੇਰੇ ਹਿੱਤਾਂ ਲਈ ਉਸ ਨੂੰ ਸਾਂਝੇ ਪੰਥਕ ਉਮੀਦਵਾਰ ਵਜੋਂ ਸਮਰਥਨ ਦੇਣ। ਭਾਈ ਰਣਜੀਤ ਸਿੰਘ ਨੇ ਖਾਲਿਸਤਾਨੀ ਜਰਨੈਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਸਰਬਜੀਤ ਸਿੰਘ ਮਲੋਆ ਐਮ ਪੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੇ ਪੰਥਕ ਆਗੂ ਇਸ ਸਮੇਂ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਤਾਉਣ ਲਈ ਅੱਗੇ ਆਉਣ।
Posted By: GURBHEJ SINGH ANANDPURI








