Nazrana Times

ਪੰਜਾਬੀ

ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

10 Jun, 2025 02:24 AM
ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ , 9 ਜੂਨ , ਨਜ਼ਰਾਨਾ ਟਾਈਮਜ ਬਿਊਰੋ

ਜੂਨ 1984 ਦੇ ਘੱਲੂਘਾਰੇ ਦੀ 41ਵੇਂ ਵਰ੍ਹੇਗੰਢ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ 'ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਭਾਈ ਅੰਗਦ ਸਿੰਘ ਖ਼ਾਲਸਾ ਨੇ ਕਿਹਾ ਕਿ ਕੌਮ ਦਾ ਰਾਜਸੀ ਨਿਸ਼ਾਨਾ ‘ਖ਼ਾਲਿਸਤਾਨ’ ਮਿੱਥਿਆ ਜਾ ਚੁੱਕਾ ਹੈ ਜੋ ਸਾਡੇ ਧਾਰਮਿਕ ਸਿਧਾਂਤਾਂ ਨਾਲ ਜੁੜਿਆ ਹੈ। ਕੌਮ ਦੇ ਨਿਸ਼ਾਨੇ ਨੂੰ ਬਦਲਣਾ ਜਾਂ ਉਸ ਦਾ ਵਿਰੋਧ ਕਰਨਾ ਗੁਰੂ ਨੂੰ ਬੇੇਦਾਵਾ ਦੇਣ ਦੇ ਸਮਾਨ ਹੈ, ਕੌਮ ਦੇ ਨਾਲ਼ ਸਾਡੀ ਵਚਨਬੱਧਤਾ ਹੈ ਕਿ ਅਸੀਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਮਰਦੇ ਦਮ ਤਕ ਸੰਘਰਸ਼ ਕਰਦੇ ਰਹਾਂਗੇ। ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਹਮੇਸ਼ਾਂ ਲਈ ਰੱਦ ਕਰ ਦਿੱਤਾ ਹੈ, ਜਿਸ ਨੇ ਸਾਡਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ’ਤੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਸਨ। ਹੁਣ ਪੰਜਾਬ ਦੀ ਰਾਜਨੀਤੀ 'ਚ ਚਾਹੇ ਕਿੰਨੀਆਂ ਵੀ ਤਬਦੀਲੀਆਂ ਆ ਜਾਣ, ਪਰ ਸਾਨੂੰ ਓਨਾ ਚਿਰ ਤਕ ਰੱਜ ਨਹੀਂ ਆਉਣਾ ਜਿੰਨਾ ਚਿਰ ਤਕ ਇਸ ਧਰਤੀ ’ਤੇ ਖ਼ਾਲਸਾ ਰਾਜ (ਖ਼ਾਲਿਸਤਾਨ) ਕਾਇਮ ਨਹੀਂ ਹੋ ਜਾਂਦਾ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ। ਅਸੀਂ ਆਪਣੇ ਆਖ਼ਰੀ ਸਾਹਾਂ ਤਕ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ, ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਦੀ ਰਾਖੀ, ਸਿੱਖੀ ਸਵੈਮਾਣ, ਚੜ੍ਹਦੀ ਕਲਾ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੂਰੀ ਦੁਨੀਆਂ 'ਚ ਫੈਲੇਗੀ ਤਾਂ ਸਾਰਾ ਸੰਸਾਰ ਸੁਖੀ ਵਸੇਗਾ। ਆਖ਼ਰ ਦਸਮੇਸ਼ ਪਿਤਾ ਦਾ ਖ਼ਾਲਸਾ ਹੀ ਸਮੇਂ ਦੀਆਂ ਹਕੂਮਤਾਂ ਵੱਲੋਂ ਸਤਾਏ ਨਿਮਾਣਿਆਂ, ਨਿਤਾਣਿਆਂ ਤੇ ਲਤਾੜੇ ਹੋਏ ਲੋਕਾਂ ਦਾ ਸਹਾਰਾ ਬਣੇਗਾ। ਇਸ ਮੌਕੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਭਾਈ ਹਰਪ੍ਰੀਤ ਸਿੰਘ ਬੰਟੀ, ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #