Nazrana Times

ਪੰਜਾਬੀ

ਮਾਂ ਤੇ ਪੁੱਤ ਦੀ ਮਿਲਣੀ 'ਚ ਸਰਕਾਰ ਬਣੀ ਦੀਵਾਰ

22 Feb, 2026 09:17 PM
ਮਾਂ ਤੇ ਪੁੱਤ ਦੀ ਮਿਲਣੀ 'ਚ ਸਰਕਾਰ ਬਣੀ ਦੀਵਾਰ

ਬੀਤੇ ਕੱਲ੍ਹ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵਿਖੇ ਪੰਥਕ ਇਕੱਠ ਹੋਇਆ। ਭਾਈ ਹਵਾਰਾ ਨੂੰ ਸਰਬੱਤ ਖ਼ਾਲਸਾ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ਹੈ ਸੀ ਤੇ ਉਹ ਦਿੱਲੀ ਦੀ ਮੰਡੌਲੀ ਜੇਲ੍ਹ 'ਚ ਨਜ਼ਰਬੰਦ ਹਨ, ਉਹਨਾਂ ਦੇ ਮਾਤਾ ਜੀ ਬੀਬੀ ਨਰਿੰਦਰ ਕੌਰ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ ਤੇ ਆਖ਼ਰੀ ਸਾਹਾਂ ਉੱਤੇ ਆਪਣੇ ਪੁੱਤ ਦੀ ਉਡੀਕ ਵਿੱਚ ਤੜਪ ਰਹੇ ਹਨ। ਪਰ ਇੱਕ ਮਾਂ ਤੇ ਪੁੱਤ ਦੀ ਮਿਲਣੀ ਨੂੰ ਰੋਕਣ ਲਈ ਹਿੰਦ ਹਕੂਮਤ ਦਹਾਕਿਆਂ ਤੋਂ ਦੀਵਾਰ ਬਣੀ ਹੋਈ ਹੈ। ਸਜ਼ਾ ਪੂਰੀ ਹੋਣ ਦੇ ਬਾਵਜੂਦ ਭਾਈ ਹਵਾਰਾ ਦੀ ਰਿਹਾਈ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਨੂੰ ਅੱਜ ਤੱਕ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਗਈ। ਸਮੁੱਚਾ ਖਾਲਸਾ ਪੰਥ ਸਮੇਂ-ਸਮੇਂ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਅਤੇ ਸੰਘਰਸ਼ ਕਰਦਾ ਆ ਰਿਹਾ ਹੈ ਪਰ ਹਕੂਮਤ ਬਜਿੱਦ ਹੈ ਕਿ ਬੰਦੀ ਸਿੰਘਾਂ ਨੂੰ ਕੋਈ ਰਾਹਤ ਨਹੀਂ ਦੇਣੀ। ਆਪਣੇ ਪੁੱਤਰਾਂ ਨੂੰ ਮਿਲਣ ਲਈ ਪਤਾ ਨਹੀਂ ਕਿੰਨੀਆਂ ਕੁ ਮਾਂਵਾਂ ਤੜਫਦੀਆਂ ਹੋਈਆਂ ਸੰਸਾਰ ਤੋਂ ਚਲੇ ਗਈਆਂ ਪਰ ਹਕੂਮਤ ਦਾ ਸਿੱਖਾਂ ਪ੍ਰਤੀ ਨਜ਼ਰੀਆ ਨਾ ਬਦਲਿਆ। ਇਹ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਨਫ਼ਰਤ, ਦੁਸ਼ਮਣੀ, ਕਰੂਰਤਾ, ਬੇਗਾਨਾਪਨ ਅਤੇ ਅਕ੍ਰਿਤਘਣ ਹੈ। ਭਾਜਪਾ ਨੂੰ ਸਮਰਥਨ ਕਰਨ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਸੋਹਿਲੇ ਗਾਉਣ ਵਾਲੇ ਕੁਝ ਧਾਰਮਿਕ ਅਤੇ ਸਿਆਸੀ ਆਗੂ ਇਹ ਦਾਅਵੇ ਕਰਦੇ ਰਹੇ ਕਿ ਅਸੀਂ ਸਾਰੇ ਬੰਦੀ ਸਿੰਘਾਂ ਨੂੰ ਪਲਾਂ ਵਿੱਚ ਹੀ ਰਿਹਾਅ ਕਰਵਾ ਲਵਾਂਗੇ ਤੇ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਕਰਵਾ ਲਵਾਂਗੇ। ਪਰ ਹੁਣ ਜਦੋਂ ਭਾਈ ਹਵਾਰਾ ਦੇ ਬਿਮਾਰ ਮਾਤਾ ਜੀ, ਵੀਲ੍ਹ ਚੇਅਰ 'ਤੇ ਬੈਠ ਕੇ ਬੰਦ ਅੱਖਾਂ ਨਾਲ ਆਪਣੇ ਪੁੱਤ ਨੂੰ ਵੇਖਣ ਲਈ 'ਜਗਤਾਰ-ਜਗਤਾਰ' ਕਰ ਰਹੇ ਹਨ ਤਾਂ ਇਹਨਾਂ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਉਸ ਮਾਂ ਦਾ ਇਹ ਹੌਕਾ ਕਿਉਂ ਨਹੀਂ ਸੁਣ ਰਿਹਾ, ਇਹ ਕਿਹੜੇ ਭੌਰਿਆਂ ਵਿੱਚ ਵੜ ਗਏ ਹਨ ? ਸਿਆਸੀ ਆਗੂਆਂ ਨੇ ਵੀ ਕੇਵਲ ਆਪਣੀਆਂ ਰੋਟੀਆਂ ਸੇਕ ਲਈਆਂ ਹਨ, ਕਿਸੇ ਨੇ ਸਿਆਸੀ ਅਹੁਦੇ ਲੈ ਲਏ ਤੇ ਕਿਸੇ ਨੇ ਨਿੱਜੀ ਕੰਮ ਕਢਵਾ ਲਏ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਹੈ, ਇਹਨਾਂ ਦੇ 92 ਵਿਧਾਇਕ ਵੀ ਆਪਣੀ ਜ਼ੁਬਾਨ ਨਹੀਂ ਹਿਲਾ ਰਹੇ। ਸੁਖਬੀਰ ਸਿੰਘ ਬਾਦਲ ਤਾਂ ਭਾਈ ਹਵਾਰਾ ਨੂੰ ਕਾਤਲ ਕਹਿ ਚੁੱਕਾ ਹੈ। ਕਾਂਗਰਸ ਇਹਨਾਂ ਨੂੰ ਅੱਤਵਾਦੀ ਆਖਦੀ ਹੈ ਤੇ ਸਭ ਤੋਂ ਵੱਡੀ ਮੱਕਾਰੀ ਕੇਂਦਰ ਦੀ ਭਾਜਪਾ ਸਰਕਾਰ ਕਰ ਰਹੀ ਹੈ। ਬਾਬਾ ਹਰਨਾਮ ਸਿੰਘ ਧੁੰਮਾ, ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਇਸ ਮਾਮਲੇ 'ਤੇ ਖ਼ਾਮੋਸ਼ ਹਨ ਤੇ ਬੰਦੀ ਸਿੰਘਾਂ ਨੂੰ ਵਿਸਾਰ ਕੇ ਭਾਜਪਾ ਦੀ 'ਜੀ ਹਜ਼ੂਰੀ' ਕਰਨ ਵਿੱਚ ਮਸਤ ਹਨ। ਭਾਜਪਾ ਨਾਲ ਮਿਲ ਕੇ ਬਾਬਾ ਧੁੰਮਾਂ ਵੱਲੋਂ ਮਹਾਂਰਾਸ਼ਟਰ ਵਿੱਚ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ ਪਰ ਬੰਦੀ ਸਿੰਘਾਂ ਬਾਰੇ ਇੱਕ ਲਫ਼ਜ਼ ਨਹੀਂ ਬੋਲਿਆ ਜਾ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਲੰਘ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਪਰ ਬਾਅਦ ਵਿੱਚ ਡੱਕਾ ਨਹੀਂ ਭੰਨਿਆ ਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਸਮਾਗਮ ਵੀ ਲੰਘ ਗਿਆ ਪਰ ਬੰਦੀ ਸਿੰਘਾਂ ਨੂੰ ਖੁੱਲ੍ਹੀ ਹਵਾ ਵੇਖਣੀ ਨਸੀਬ ਨਾ ਹੋਈ। ਇਹ ਗ਼ੁਲਾਮੀ ਨਹੀਂ ਤਾਂ ਹੋਰ ਕੀ ਹੈ ? ਹੋਰ ਕਿਸ ਨੂੰ ਗ਼ੁਲਾਮੀ ਕਹਿੰਦੇ ਹਨ ? ਜਿੰਨਾ ਫ਼ਿਰਕੂ ਹਿੰਦੂਤਵੀਆਂ ਦਾ ਰਾਜ ਹੈ ਉਹਨਾਂ ਨੇ ਆਪਣੇ ਦੋਸ਼ੀ ਬੰਦਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਜੇ ਕੋਈ ਜੇਲ੍ਹ ਗਿਆ ਵੀ ਤਾਂ ਝੱਟ ਹੀ ਰਿਹਾਅ ਤੇ ਬਰੀ ਕਰਵਾ ਲਏ ਪਰ ਏਧਰ ਗ਼ੁਲਾਮ ਸਿੱਖ ਕੌਮ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ ਤੇ ਵੱਡੇ-ਵੱਡੇ ਇਕੱਠ ਕਰਦੀ ਫਿਰਦੀ ਹੈ ਪਰ ਭਾਰਤੀ ਹਾਕਮਾਂ ਨੂੰ ਸਿੱਖਾਂ ਦੀ ਰੱਤਾ ਪਰਵਾਹ ਨਹੀਂ। ਉਹ ਬੰਦੀ ਸਿੰਘਾਂ ਨੂੰ ਅੱਜ ਵੀ ਹਊਆ ਬਣਾ ਕੇ ਪੇਸ਼ ਕਰਦੇ ਹਨ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਡੱਕੇ ਰੱਖ ਕੇ ਦੱਸ ਰਹੇ ਹਨ ਕਿ ਰਾਜੇ ਕੌਣ ਹਨ ਤੇ ਗੁਲਾਮ ਕੌਣ ਹਨ ਪਰ ਸਾਡੇ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਪੈਂਦੀ। ਭਾਈ ਹਵਾਰਾ ਦੇ ਨੇੜਲੇ ਪਿੰਡਾਂ ਦੀਆਂ 65 ਪੰਚਾਇਤਾਂ ਸਰਕਾਰ ਨੂੰ ਲਿਖ ਕੇ ਦੇ ਚੁੱਕੀਆਂ ਹਨ ਕਿ ਭਾਈ ਹਵਾਰਾ ਪੈਰੌਲ ਉੱਤੇ ਬਾਹਰ ਆ ਕੇ ਪੰਜਾਬ ਦੇ ਅਮਨ-ਕਾਨੂੰਨ ਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਪੈਦਾ ਕਰਨਗੇ, ਮਾਹੌਲ ਸ਼ਾਂਤ ਚਿੱਤ ਅਤੇ ਸੁਰੱਖਿਅਤ ਰਹੇਗਾ ਤੇ ਉਹਨਾਂ ਨੂੰ ਆਪਣੇ ਮਾਤਾ ਜੀ ਨਾਲ ਮਿਲਾਇਆ ਜਾਵੇ। ਪਰ ਹਕੂਮਤ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਸਾਡੇ ਜੁਝਾਰੂ ਸਿੰਘਾਂ ਨੂੰ 30-30 ਸਾਲ ਤੋਂ ਵੱਧ ਜੇਲ੍ਹਾਂ ਕਟਵਾ ਕੇ ਵੀ ਹਕੂਮਤ ਦਾ ਢਿੱਡ ਨਹੀਂ ਭਰਿਆ ਤੇ ਅਜੇ ਵੀ ਕਾਨੂੰਨ ਅਤੇ ਸੰਵਿਧਾਨ ਤੋਂ ਉਲਟ ਜਾ ਕੇ ਬੰਦੀ ਸਿੰਘਾਂ ਉੱਤੇ ਸ਼ਿਕੰਜਾ ਕੱਸਿਆ ਹੋਇਆ ਹੈ। ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਉਲਟਾ ਭਾਈ ਜਗਤਾਰ ਸਿੰਘ ਜੱਗੀ ਜੋਹਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਸਮੇਤ ਹੋਰ ਕਈ ਸਿੱਖਾਂ ਨੂੰ ਬੰਦੀ ਬਣਾਇਆ ਜਾ ਚੁੱਕਾ ਹੈ। ਇਹ ਬੰਦੀ ਸਿੰਘ ਸਿੱਖ ਕੌਮ ਦੀ ਆਜ਼ਾਦੀ ਲਈ ਸੇਵਾਵਾਂ ਕਰਦਿਆਂ ਕੈਦ ਹੋਏ ਹਨ ਉਹਨਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਸਫਲਤਾ ਜ਼ਰੂਰ ਬਖਸ਼ਣਗੇ। ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਸਾਡੀ ਸਭ ਦੀ ਮਾਂ ਹੈ।
 

        ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
            ਮੋ: 8872293883.

Posted By: GURBHEJ SINGH ANANDPURI

Loading…
Loading the web debug toolbar…
Attempt #