ਪੰਥ ਨੂੰ ਇਕ ਹੋਰ ਜਜ਼ਬਾਤੀ ਜਾਲ ਵਿੱਚ ਫਸਾਉਣ ਤੋਂ ਪਹਿਲਾਂ ਦੂਰ ਦੀ ਸੋਚਣ ਦੀ ਲੋੜ ਹੈ- ਗੁਰਜੀਤ ਸਿੰਘ ਅਜ਼ਾਦ
08 Mar, 2026 11:44 AM
ਅੱਜ ਮੈਂ ਇਕ ਬਹੁਤ ਹੀ ਗੰਭੀਰ ਮਸਲੇ ਤੇ ਗੱਲ ਕਰਨ ਆਇਆ ਹਾਂ। ਪੰਜਾਬ ਸਰਕਾਰ ਵੱਲੋਂ ਜਿਹੜਾ “ਬੇਅਦਬੀ ਵਿਰੋਧੀ ਕਨੂੰਨ” ਬਣਾਉਣ ਦੀ ਗੱਲ ਚੱਲ ਰਹੀ ਹੈ, ਬਹੁਤ ਲੋਕ ਇਸ ਨੂੰ ਕੌਮ ਦੀ ਜਿੱਤ ਸਮਝ ਰਹੇ ਹਨ। ਪਰ ਮੈਂ ਸਪਸ਼ਟ ਕਹਿਣਾ ਚਾਹੁੰਦਾ ਹਾਂ — ਇਹ ਕਨੂੰਨ ਕੱਲ੍ਹ ਨੂੰ ਸਿੱਖਾਂ ਨੂੰ ਹੀ ਅਦਾਲਤਾਂ ਵਿੱਚ ਉਲਝਾਉਣ ਦਾ ਹਥਿਆਰ ਬਣ ਸਕਦਾ ਹੈ।
ਅੱਜ ਇੱਕ ਵਿਅਕਤੀ ਟਾਵਰ ਉੱਤੇ ਚੜ੍ਹ ਕੇ ਇਸ ਕਨੂੰਨ ਲਈ ਜ਼ਿੱਦ ਕਰ ਰਿਹਾ ਹੈ। ਪਰ ਸੋਚੋ — ਕੱਲ੍ਹ ਜਦ ਇਹ ਕਨੂੰਨ ਬਣ ਜਾਵੇਗਾ, ਉਸ ਦਾ ਖ਼ਮਿਆਜ਼ਾ ਕੌਣ ਭੁਗਤੇਗਾ? ਕੋਈ ਇੱਕ ਵਿਅਕਤੀ ਨਹੀਂ, ਪੂਰੀ ਕੌਮ ਭੁਗਤੇਗੀ।
ਇਹ ਸਿਰਫ਼ ਕਾਨੂੰਨ ਨਹੀਂ ਹੋਵੇਗਾ — ਇਹ ਡਰ ਦਾ ਮਾਹੌਲ ਪੈਦਾ ਕਰੇਗਾ।
ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਧਾ ਸੰਪਰਕ ਲੋਕਾਂ ਨਾਲੋਂ ਤੋੜਨ ਦੀ ਚਾਲ ਬਣ ਸਕਦਾ ਹੈ।
ਅੱਜ ਵੀ ਅਸੀਂ ਵੇਖਦੇ ਹਾਂ ਕਿ ਕਈ ਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਮਾੜੀ ਬੋਲ-ਬਾਣੀ ਜਾਂ ਰਵੱਈਏ ਕਰਕੇ ਲੋਕ ਗੁਰਦੁਆਰੇ ਜਾਣ ਤੋਂ ਹਟ ਜਾਂਦੇ ਹਨ। ਕੱਲ੍ਹ ਜੇ ਇਹ ਕਨੂੰਨ ਬਣ ਗਿਆ, ਤਾਂ ਉਹੀ ਪ੍ਰਬੰਧਕ ਆਪਣੇ ਵਿਰੋਧੀਆਂ ਉੱਤੇ “ਬੇਅਦਬੀ” ਦੇ ਕੇਸ ਪਾ ਦੇਣਗੇ। ਫਿਰ ਆਮ ਸਿੱਖ ਇਹ ਸੋਚ ਕੇ ਗੁਰਦੁਆਰੇ ਜਾਣ ਤੋਂ ਵੀ ਡਰਣ ਲੱਗੇਗਾ ਕਿ ਕਿਤੇ ਕਿਸੇ ਗੱਲ ਦਾ ਗਲਤ ਅਰਥ ਕੱਢ ਕੇ ਉਸ ਤੇ ਹੀ ਕੇਸ ਨਾ ਪਾ ਦਿੱਤਾ ਜਾਵੇ।
ਸੰਗਤ ਜੀ, ਦੁਨੀਆ ਦੇ ਹਾਲਾਤਾਂ ਤੋਂ ਵੀ ਸਿੱਖਣਾ ਚਾਹੀਦਾ ਹੈ।ਅਸੀਂ ਪਾਕਿਸਤਾਨ ਵਿੱਚ ਵੇਖਦੇ ਹਾਂ ਕਿ ਉੱਥੇ ਕੁਰਾਨ ਦੀ ਬੇਅਦਬੀ ਦੇ ਕਾਨੂੰਨਾਂ ਦੇ ਨਾਮ ਤੇ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਗਿਆ। ਕਈ ਵਾਰ ਬਿਨਾਂ ਅਦਾਲਤ ਦੇ ਫੈਸਲੇ ਦੇ ਹੀ ਭੀੜ ਇਕ ਇਲਜ਼ਾਮ ਲਗਾ ਕੇ ਕਿਸੇ ਨੂੰ ਜਾਨ ਤੋਂ ਮਾਰ ਦਿੰਦੀ ਹੈ। ਕਈ ਕੇਸਾਂ ਵਿੱਚ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਮਾਮਲਾ ਨਿੱਜੀ ਰੰਜਿਸ਼ ਜਾਂ ਜਾਇਦਾਦ ਦੇ ਝਗੜੇ ਦਾ ਸੀ।
ਇਹੀ ਖ਼ਤਰਾ ਅਜਿਹੇ ਕਾਨੂੰਨਾਂ ਵਿੱਚ ਹੁੰਦਾ ਹੈ — ਜਦ ਧਾਰਮਿਕ ਜਜ਼ਬਾਤ ਕਾਨੂੰਨ ਬਣ ਜਾਂਦੇ ਹਨ ਤਾਂ ਉਨ੍ਹਾਂ ਦੀ ਦੁਰਵਰਤੋਂ ਵੀ ਹੋਣ ਲੱਗਦੀ ਹੈ।
ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਧਰਮ — ਮੁਸਲਮਾਨ, ਈਸਾਈ ਅਤੇ ਹਿੰਦੂ — ਜਿਨ੍ਹਾਂ ਦੇ ਮਾਨਣ ਵਾਲੇ ਕਰੋੜਾਂ ਵਿੱਚ ਹਨ, ਉਹਨਾਂ ਵਿੱਚ ਵੀ ਜ਼ਿਆਦਾਤਰ ਦੇਸ਼ਾਂ ਵਿੱਚ ਅਜਿਹੇ ਅਤਿ ਸਖ਼ਤ ਕਾਨੂੰਨ ਨਹੀਂ ਹਨ ਜਿਹੜੇ ਹਰ ਵਿਚਾਰ ਨੂੰ ਅਪਰਾਧ ਬਣਾ ਦੇਣ।
ਸਿੱਖ ਧਰਮ ਤਾਂ ਹੋਰ ਵੀ ਉੱਚੀ ਸੋਚ ਵਾਲਾ ਧਰਮ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਡਰ ਤੋਂ ਮੁਕਤ ਹੋ ਕੇ ਸੱਚ ਬੋਲਣਾ ਸਿਖਾਇਆ ਹੈ।
ਸੋਚੋ — ਜੇ ਕੋਈ ਸਿੱਖ ਗੁਰਦੁਆਰੇ ਦੀ ਗਲਤ ਪ੍ਰਬੰਧਕੀ ਤੇ ਸਵਾਲ ਕਰੇ, ਜੇ ਕੋਈ ਗਲਤ ਰਿਵਾਜਾਂ ਦੀ ਆਲੋਚਨਾ ਕਰੇ, ਤਾਂ ਕੀ ਉਸ ਉੱਤੇ ਵੀ ਬੇਅਦਬੀ ਦਾ ਕੇਸ ਲੱਗੇਗਾ?
ਇਸ ਤਰ੍ਹਾਂ ਦੇ ਕਾਨੂੰਨ ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਵਰਤੇ ਜਾ ਸਕਦੇ ਹਨ।
ਸੱਚ ਇਹ ਹੈ ਕਿ ਕਿਸੇ ਧਾਰਮਿਕ ਗ੍ਰੰਥ ਦੀ ਸਭ ਤੋਂ ਵੱਡੀ ਬੇਅਦਬੀ ਇਹ ਨਹੀਂ ਕਿ ਕਿਸੇ ਨੇ ਕੋਈ ਗੱਲ ਕਹਿ ਦਿੱਤੀ।
ਸਭ ਤੋਂ ਵੱਡੀ ਬੇਅਦਬੀ ਇਹ ਹੈ — ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਪਰ ਉਨ੍ਹਾਂ ਦੀ ਸਿੱਖਿਆ ਤੇ ਨਹੀਂ ਚਲਦੇ।
ਜੇ ਅਸੀਂ ਗੁਰੂ ਦੀ ਬਾਣੀ ਤੇ ਚੱਲੀਏ — ਸੱਚ, ਨਿਆਂ ਅਤੇ ਸਮਾਨਤਾ ਦਾ ਰਾਹ ਫੜੀਏ — ਤਾਂ ਕਾਨੂੰਨਾਂ ਦੀ ਲੋੜ ਹੀ ਘੱਟ ਪੈ ਜਾਵੇਗੀ।
ਇਸ ਲਈ ਸੰਗਤ ਜੀ, ਜਜ਼ਬਾਤਾਂ ਵਿੱਚ ਨਹੀਂ, ਸਮਝ ਨਾਲ ਫੈਸਲਾ ਕਰੋ।
ਕਾਨੂੰਨ ਉਹ ਬਣਨਾ ਚਾਹੀਦਾ ਹੈ ਜੋ ਨਿਆਂ ਦੇਵੇ, ਨਾ ਕਿ ਉਹ ਜੋ ਕੌਮ ਨੂੰ ਅਦਾਲਤਾਂ ਦੇ ਚੱਕਰਾਂ ਵਿੱਚ ਫਸਾ ਦੇਵੇ।
ਪੰਥ ਨੂੰ ਇਕ ਹੋਰ ਜਜ਼ਬਾਤੀ ਜਾਲ ਵਿੱਚ ਫਸਾਉਣ ਤੋਂ ਪਹਿਲਾਂ ਦੂਰ ਦੀ ਸੋਚਣ ਦੀ ਲੋੜ ਹੈ।
ਗੁਰਜੀਤ ਸਿੰਘ ਅਜ਼ਾਦ ,ਕੋਆਰਡੀਨੇਟਰ
ਸਿੱਖ ਮਿਸ਼ਨਰੀ ਫੈਡਰੇਸ਼ਨ ਇੰਟਰਨੈਸ਼ਨਲ
Posted By: GURBHEJ SINGH ANANDPURI








