Nazrana Times

ਪੰਜਾਬੀ

ਖਡੂਰ ਸਾਹਿਬ ਦੇ ਲੋਕ ਐਮ.ਪੀ. ਦੀ ਗੈਰਹਾਜ਼ਰੀ ਕਾਰਨ ਸਹੂਲਤਾਂ ਤੋਂ ਸੱਖਣੇ- ਬ੍ਰਹਮਪੁਰਾ

30 Apr, 2025 01:14 AM
ਖਡੂਰ ਸਾਹਿਬ ਦੇ ਲੋਕ ਐਮ.ਪੀ. ਦੀ ਗੈਰਹਾਜ਼ਰੀ ਕਾਰਨ ਸਹੂਲਤਾਂ ਤੋਂ ਸੱਖਣੇ- ਬ੍ਰਹਮਪੁਰਾ

ਬ੍ਰਹਮਪੁਰਾ ਨੇ ਨਸ਼ਿਆਂ ਦੇ ਮੁੱਦੇ 'ਤੇ ਪੁਲਿਸ ਦੀ ਕਾਰਵਾਈ 'ਤੇ ਉਠਾਏ ਵੱਡੇ ਸਵਾਲੀਆ ਨਿਸ਼ਾਨ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,29 ਅਪ੍ਰੈਲ

ਸ਼੍ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਮੌਜੂਦਾ ਸੰਸਦ ਮੈਂਬਰ ਦੀ ਲੰਮੇ ਸਮੇਂ ਤੋਂ ਗੈਰ-ਮੌਜੂਦਗੀ ਕਾਰਨ ਹਲਕਾ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਐਮਪੀ ਕੋਟੇ ਦੀਆਂ ਸਹੂਲਤਾਂ ਤੋਂ ਵਾਂਝੇ ਹੋਣ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਪੁਲਿਸ ਵੱਲੋਂ 31 ਮਈ ਤੱਕ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੇ ਦਾਅਵਿਆਂ ਨੂੰ 'ਖੋਖਲਾ' ਕਰਾਰ ਦਿੰਦਿਆਂ ਪੁਲਿਸ ਦੀ ਕਾਰਗੁਜ਼ਾਰੀ ਅਤੇ ਨੀਤੀ 'ਤੇ ਸਵਾਲੀਆ ਨਿਸ਼ਾਨ ਲਗਾਇਆ ਹੈ।ਸ.ਬ੍ਰਹਮਪੁਰਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰੀ ਨੂੰ 31 ਮਈ ਤੱਕ ਖ਼ਤਮ ਕਰਨ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਿਆਨ ਸਿਰਫ਼ ਕਾਗਜ਼ੀ ਕਾਰਵਾਈ ਜਾਪਦੇ ਹਨ,ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਵਰਗਾ ਸਰਹੱਦੀ ਇਲਾਕਾ ਖ਼ੁਦ ਨਸ਼ਿਆਂ ਦਾ ਇੱਕ ਵੱਡਾ ਕੇਂਦਰ ਬਣ ਚੁੱਕਾ ਹੈ ਅਤੇ ਪੁਲਿਸ ਦੇ ਦਾਅਵਿਆਂ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਉਨ੍ਹਾਂ ਪੁਲਿਸ ਨੂੰ ਸਵਾਲ ਕੀਤਾ,ਪੁਲਿਸ ਸਪੱਸ਼ਟ ਕਰੇ ਕਿ ਉਹ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਕਿਵੇਂ ਤੋੜੇਗੀ ਅਤੇ ਅਸਲ ਨਸ਼ਾ ਤਸਕਰਾਂ,ਖ਼ਾਸ ਕਰਕੇ 'ਵੱਡੀਆਂ ਮੱਛੀਆਂ' ਨੂੰ ਕਿਵੇਂ ਕਾਬੂ ਕਰੇਗੀ? ਸਿਰਫ਼ ਡੈੱਡਲਾਈਨ ਦੇ ਦੇਣਾ ਕਾਫ਼ੀ ਨਹੀਂ ਹੈ,ਠੋਸ ਕਾਰਵਾਈ ਦੀ ਲੋੜ ਹੈ।ਸ.ਬ੍ਰਹਮਪੁਰਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਨਸ਼ਿਆਂ ਦੇ ਖ਼ਾਤਮੇ ਨੂੰ ਮੁੱਖ ਚੋਣ ਮੁੱਦਾ ਬਣਾਇਆ ਸੀ,ਪਰ ਹੁਣ ਉਹ ਖ਼ੁਦ ਇਸ ਮੋਰਚੇ 'ਤੇ ਅਸਫ਼ਲ ਸਾਬਤ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੰਮ੍ਰਿਤਪਾਲ ਸਿੰਘ ਦਾ ਆਪਣਾ ਛੋਟਾ ਭਰਾ ਹਰਪ੍ਰੀਤ ਸਿੰਘ ਕਥਿਤ ਤੌਰ 'ਤੇ ਨਸ਼ਿਆਂ ਦਾ ਆਦੀ ਹੈ,ਜੋ ਉਨ੍ਹਾਂ ਦੇ ਨਸ਼ਾ ਵਿਰੋਧੀ ਸਟੈਂਡ 'ਤੇ ਗੰਭੀਰ ਸਵਾਲ ਖ਼ੜ੍ਹੇ ਕਰਦਾ ਹੈ।ਸਭ ਤੋਂ ਵੱਡੀ ਚਿੰਤਾ ਜ਼ਾਹਰ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਲੰਮੇ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਇਸ ਕਾਰਨ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਪੂਰੀ ਤਰ੍ਹਾਂ ਬੇਸਹਾਰਾ ਹੋ ਗਏ ਹਨ ਅਤੇ ਸੰਸਦ ਮੈਂਬਰ ਦੇ ਕੋਟੇ ਵਿੱਚੋਂ ਮਿਲਣ ਵਾਲੀਆਂ ਲੋੜੀਂਦੀ ਸਹੂਲਤਾਂ ਤੋਂ ਵਾਂਝੇ ਹਨ।ਉਨ੍ਹਾਂ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ (ਕੈਂਸਰ ਰਾਹਤ ਯੋਜਨਾ) ਤਹਿਤ ਮਿਲਣ ਵਾਲੀ ਮਾਲੀ ਸਹਾਇਤਾ ਲੋੜਵੰਦ ਕੈਂਸਰ ਪੀੜਤਾਂ ਤੱਕ ਨਹੀਂ ਪਹੁੰਚ ਰਹੀ, ਕਿਉਂਕਿ ਇਸ ਲਈ ਐਮਪੀ ਦੀ ਸਿਫ਼ਾਰਸ਼ ਜ਼ਰੂਰੀ ਹੁੰਦੀ ਹੈ।ਆਪਣੇ ਪਿਤਾ, ਮਰਹੂਮ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੇ ਸੰਸਦ ਮੈਂਬਰੀ ਕਾਰਜਕਾਲ ਨੂੰ ਯਾਦ ਕਰਦਿਆਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ, 'ਜਦੋਂ ਮੇਰੇ ਪਿਤਾ ਜੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸਨ,ਤਾਂ ਹਲਕੇ ਦਾ ਕੋਈ ਵੀ ਲੋੜਵੰਦ ਵਿਅਕਤੀ ਐਮਪੀ ਕੋਟੇ ਦੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਿਹਾ।ਭਾਵੇਂ ਉਹ ਲਿੰਕ ਸੜਕਾਂ ਹੋਣ, ਸਿਹਤ ਸਹੂਲਤਾਂ ਹੋਣ ਜਾਂ ਖ਼ਾਸ ਕਰਕੇ ਕੈਂਸਰ ਪੀੜਤਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਮਦਦ ਦਿਵਾਉਣੀ ਹੋਵੇ,ਹਰ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਂਦਾ ਸੀ।'ਉਨ੍ਹਾਂ ਸਵਾਲ ਕੀਤਾ ਕਿ ਹੁਣ ਖਡੂਰ ਸਾਹਿਬ ਦੇ ਲੋਕ ਆਪਣੀਆਂ ਸਮੱਸਿਆਵਾਂ ਅਤੇ ਐਮਪੀ ਕੋਟੇ ਦੀਆਂ ਸਹੂਲਤਾਂ ਲਈ ਕਿਸ ਕੋਲ ਜਾਣ?ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ।

Posted By: GURBHEJ SINGH ANANDPURI

Loading…
Loading the web debug toolbar…
Attempt #