ਬਾਬਾ ਹਰਨਾਮ ਸਿੰਘ ਧੂੰਮਾ ਵੱਲੋਂ ਮਹਾਂਕੁੰਭ ਚ ਨਹਾਉਣਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖਾਲਸਾ ਪੰਥ ਅਤੇ ਦਮਦਮੀ ਟਕਸਾਲ ਦਾ ਅਪਮਾਨ ; ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
31 Jan, 2025 05:30 AM
ਅੰਮ੍ਰਿਤਸਰ 31 ਜਨਵਰੀ (ਨਜ਼ਰਾਨਾ ਟਾਈਮਜ਼ ਬਿਊਰੋ ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਕੁੰਭ ਮੇਲੇ 'ਤੇ ਜਾ ਕੇ ਹਿੰਦੂ ਤੀਰਥਾਂ 'ਤੇ ਇਸ਼ਨਾਨ ਕਰਨਾ ਤੇ ਹਿੰਦੂ ਰਹੁ-ਰੀਤਾਂ ਨੂੰ ਅਪਣਾਉਣਾ ਖ਼ਾਲਸਾ ਪੰਥ ਅਤੇ ਦਮਦਮੀ ਟਕਸਾਲ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਨਿਆਰੀ ਸਿੱਖੀ ਅਤੇ ਕਲਗੀਧਰ ਪਾਤਸ਼ਾਹ ਵੱਲੋਂ ਚਲਾਈ ਦਮਦਮੀ ਟਕਸਾਲ ਦਾ ਹਿੰਦੂਕਰਨ ਕਰਨ ਦੇ ਯਤਨ ਹਨ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ "ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਤਉ ਮੈ ਨ ਕਰਉ ਇਨ ਕੀ ਪਰਤੀਤ॥" ਉਹਨਾਂ ਕਿਹਾ ਕਿ ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬਾਨਾਂ ਤੇ ਗੁਰਬਾਣੀ ਨੇ ਸਾਨੂੰ ਵਰਜਿਆ ਹੈ, ਬਾਬਾ ਹਰਨਾਮ ਸਿੰਘ ਵੱਲੋਂ ਉਸ ਦੇ ਉਲਟ ਜਾ ਕੇ ਕਰਮਕਾਂਡ ਕਰਨੇ ਇਹ ਸਿੱਖੀ ਨਾਲ ਛਲਾਵਾ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਪੱਲਾ ਫੜ ਕੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਪੰਥਕ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ, ਇਸ ਨਾਲ ਹਰ ਸਿੱਖ ਅਤੇ ਦਮਦਮੀ ਟਕਸਾਲ ਦੇ ਅਣਖੀਲੇ ਵਿਦਿਆਰਥੀਆਂ ਦਾ ਮਨ ਦੁਖਿਆ ਹੈ। ਉਹਨਾਂ ਕਿਹਾ ਕਿ ਕੁੰਭ ਵਿੱਚ ਇਸ਼ਨਾਨ ਕਰਨਾ, ਭਗਵਾਂ ਪਹਿਨਣਾ, ਕਰਮਕਾਂਡ ਕਰਨੇ ਇਹ ਹਿੰਦੂਆਂ ਨੂੰ ਮੁਬਾਰਕ ਹੈ ਪਰ ਆਪਣੇ ਆਪ ਨੂੰ ਸਿੱਖਾਂ ਦਾ ਧਾਰਮਿਕ ਆਗੂ ਅਤੇ ਦਮਦਮੀ ਟਕਸਾਲ ਦਾ ਮੁਖੀ ਅਖਵਾ ਕੇ ਸਨਾਤਨੀਆਂ ਵਾਲੇ ਕੰਮ ਕਰਨੇ ਇਹ ਸ਼ੋਭਦਾ ਨਹੀਂ, ਇਹ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਸਵਾਲੀਆ ਚਿੰਨ੍ਹ ਲਾਉਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਵੱਡੇ ਮਹਾਂਪੁਰਸ਼ ਤਾਂ ਲੋਕਾਈ ਨੂੰ ਅਕਾਲ ਪੁਰਖ ਦੀ ਭਗਤੀ ਨਾਲ ਜੋੜਦੇ ਰਹੇ, ਪੰਥਕ ਪ੍ਰੰਪਰਾਵਾਂ 'ਤੇ ਪਹਿਰਾ ਦਿੰਦੇ ਰਹੇ, ਮਨਮਤਿ ਤੋਂ ਹਟਾ ਕੇ ਗੁਰਮਤਿ 'ਚ ਪ੍ਰਪੱਕ ਕਰਦੇ ਰਹੇ, ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਪਰ ਬਾਬਾ ਹਰਨਾਮ ਸਿੰਘ ਤਾਂ ਦਮਦਮੀ ਟਕਸਾਲ ਉੱਤੇ ਕਾਬਜ ਹੋ ਕੇ ਮਨਆਈਆਂ ਤੇ ਆਪਹੁਦਰੀਆਂ ਕਰ ਰਿਹਾ ਹੈ ਜਿਸ ਨਾਲ ਦਮਦਮੀ ਟਕਸਾਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਭਾਰੀ ਸੱਟ ਵੱਜ ਰਹੀ ਹੈ।
Posted By: GURBHEJ SINGH ANANDPURI








