ਅਟਾਰੀ-ਵਾਹਘਾ ਬਾਰਡਰ ਖੋਲ੍ਹਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਰੀ ਇਕੱਠ, ਜੰਗ ਰੋਕਣ ਦੀ ਕੀਤੀ ਅਪੀਲ
28 Mar, 2026 06:49 PM
ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਬਾਰਡਰ ਵੱਲ ਨੂੰ ਕੀਤੀ ਗਈ ਕੂਚ ਨੂੰ ਬੀਐਸਐਫ ਦੇ ਜਵਾਨਾਂ ਨੇ ਰੋਕਿਆ
ਅਟਾਰੀ, ਅੰਮ੍ਰਿਤਸਰ 28 ਮਾਰਚ ਅਲੀ ਇਮਰਾਨ ਚੱਠਾ
ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਟਾਰੀ-ਵਾਹਘਾ ਸਰਹੱਦ ‘ਤੇ ਇੱਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਸਰਹੱਦ ਖੋਲ੍ਹਣ ਅਤੇ ਭਾਰਤ-ਪਾਕਿਸਤਾਨ ਦਰਮਿਆਨ ਵਪਾਰਕ ਸਾਂਝ ਵਧਾਉਣ ਦੀ ਮੰਗ ਉਠਾਈ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਅਟਾਰੀ-ਵਾਹਘਾ ਬਾਰਡਰ ਖੋਲ੍ਹਿਆ ਜਾਂਦਾ ਹੈ ਅਤੇ ਵਪਾਰ ਨੂੰ ਇਸ ਰਾਹੀਂ ਮੁੜ ਸ਼ੁਰੂ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕ ਆਰਥਿਕ ਪੱਖੋਂ ਮਜ਼ਬੂਤ ਹੋਣਗੇ ਅਤੇ ਦੇਸ਼ ਦੀ ਕੁੱਲ ਘਰੇਲੂ ਉਤਪਾਦ (GDP) ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਨੇ ਹੋਰ ਕਿਹਾ ਕਿ ਅੱਜ ਅਸੀਂ ਸਰਹੰਦ ‘ਤੇ ਖੜ੍ਹ ਕੇ ਜੰਗ ਰੋਕਣ ਅਤੇ ਬਾਰਡਰ ਖੋਲ੍ਹਣ ਦੀ ਅਪੀਲ ਕਰ ਰਹੇ ਹਾਂ, ਕਿਉਂਕਿ ਜੇਕਰ ਜੰਗ ਦੀ ਸਥਿਤੀ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪਾਈਪਲਾਈਨ ਰਾਹੀਂ ਐਲਪੀਜੀ ਗੈਸ ਅਤੇ ਸੀਮੈਂਟ ਖਰੀਦਣ ਅਤੇ ਪਾਕਿਸਤਾਨ ਨੂੰ ਕਣਕ, ਸਬਜ਼ੀਆਂ ਅਤੇ ਦੁੱਧ ਵਰਗੀਆਂ ਖੇਤੀਬਾੜੀ ਉਤਪਾਦਾਂ ਦੀ ਨਿਰਯਾਤ ਕਰਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਾਂਝ ਮਜ਼ਬੂਤ ਹੋ ਸਕਦੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਸਥਿਤ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ, ਜਿਸ ਨਾਲ ਧਾਰਮਿਕ ਅਤੇ ਸਾਂਸਕ੍ਰਿਤਿਕ ਸੰਬੰਧ ਮਜ਼ਬੂਤ ਹੋਣਗੇ।
ਇਸ ਮੌਕੇ ‘ਤੇ ਪਾਰਟੀ ਦੇ ਸਮੂਹ ਵਰਕਰਾਂ ਅਤੇ ਮੈਂਬਰਾਂ ਨੇ ਬਾਰਡਰ ਵੱਲ ਕੂਚ ਕੀਤਾ ਅਤੇ ਸਰਹੱਦ ਦੇ ਨੇੜੇ ਅਰਦਾਸ ਕੀਤੀ। ਹਾਲਾਂਕਿ, ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਗਾਤਾਰ ਅਟਾਰੀ-ਵਾਹਘਾ ਸਰਹੱਦ ਖੋਲ੍ਹਣ ਅਤੇ ਭਾਰਤ-ਪਾਕਿਸਤਾਨ ਵਿਚਕਾਰ ਵਪਾਰਕ ਅਤੇ ਧਾਰਮਿਕ ਆਵਾਜਾਈ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਦਲ ਖਾਲਸਾ ਦੇ ਆਗੂ ਕਵਰਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਪਾਰਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਹਰਪਾਲ ਸਿੰਘ ਬਲੇਰ , ਉਪਕਾਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਕੁਲਦੀਪ ਸਿੰਘ ਭਾਗੋਵਾਲ, ਸਮੂਹ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ, ਯੂਥ ਆਗੂ ਤੇ ਇਸਤਰੀ ਵਿੰਗ ਦੀਆਂ ਸਮੂਹ ਬੀਬੀਆਂ, ਕਿਸਾਨ ਜਥੇਬੰਦੀਆਂ ਕੁੱਲੀ ਜਥੇਬੰਦੀਆਂ ਹਾਜ਼ਰ ਹੋਈਆਂ।
Posted By: TAJEEMNOOR KAUR







