ਖ਼ਾਲਿਸਤਾਨੀ ਜਰਨੈਲ ਸਿਮਰਨਜੀਤ ਸਿੰਘ ਮਾਨ ਵਾਲਾ ਹੀ ਅਸਲ ਅਕਾਲੀ ਦਲ ਹੈ, ਪੰਜਾਬ ਵਾਸੀ ਸਾਥ ਦੇਣ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
02 May, 2025 02:24 AM
ਸਿਮਰਨਜੀਤ ਸਿੰਘ ਮਾਨ ਕੌਮ ਦਾ ਸਰਦਾਰ ਤੇ ਸੁਖਬੀਰ ਬਾਦਲ ਗ਼ੱਦਾਰ ਹੈ : ਫੈਡਰੇਸ਼ਨ ਭਿੰਡਰਾਂਵਾਲਾ
ਅੰਮ੍ਰਿਤਸਰ, 1 ਮਈ ,ਨਜ਼ਰਾਨਾ ਟਾਈਮਜ ਬਿਊਰੋ
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 31ਵੀਂ ਵਰ੍ਹੇਗੰਢ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾ ਕੇ ਮਨਾਈ ਗਈ, ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅੱਜ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਾਨਤਾ ਮਿਲੀ ਹੈ, ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ, ਘਾਲਣਾ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੇ ਸੱਚ ਦੀ ਜਿੱਤ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਵਾਲਾ ਹੀ ਅਸਲ ਅਕਾਲੀ ਦਲ ਹੈ ਜੋ 1 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਈ ਅਕਾਲੀ ਧੜਿਆਂ ਨੂੰ ਇਕੱਠਾ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਰਾਜਸੀ ਲਾਲਸਾਵਾਂ ਦੇ ਮੱਦੇਨਜ਼ਰ ਕਈ ਆਗੂ ਵਿਕ ਗਏ, ਸਰਕਾਰਾਂ ਅੱਗੇ ਝੁਕ ਗਏ, ਸਿਧਾਂਤ ਅਤੇ ਸੰਘਰਸ਼ ਨੂੰ ਛੱਡ ਗਏ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਇੱਕ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਡਟੇ ਰਹੇ। ਫੈਡਰੇਸ਼ਨ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ 'ਪੰਥ ਵਸੈ ਮੈ ਉਜੜਾਂ' ਅਤੇ 'ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ' ਸਿਧਾਂਤ ਦੇ ਧਾਰਨੀ ਗੁਰਸਿੱਖ ਹਨ ਜਿਨ੍ਹਾਂ ਵਿੱਚ ਪੁਰਾਤਨ ਅਕਾਲੀਆਂ ਵਾਲਾ ਜਜ਼ਬਾ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਉੱਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਡਟ ਕੇ ਪਹਿਰਾ ਦੇ ਰਹੀ ਹੈ, ਤੱਤੀਆਂ ਹਵਾਵਾਂ ਵਗਣ ਦੇ ਬਾਵਜੂਦ ਉਹ ਆਪਣੇ ਅਕੀਦੇ ਤੋਂ ਨਾ ਥਿੜਕੇ, ਉਹਨਾਂ ਨੇ ਸਿਆਸੀ ਕੁਰਸੀ ਨੂੰ ਨਹੀਂ ਬਲਕਿ ਪੰਥ ਅਤੇ ਪੰਜਾਬ ਨੂੰ ਪਹਿਲ ਦਿੱਤੀ ਹੈ। ਸ. ਸਿਮਰਨਜੀਤ ਸਿੰਘ ਮਾਨ ਦੇ ਸਦਕਾ ਹੀ ਖ਼ਾਲਿਸਤਾਨ ਦਾ ਸੰਘਰਸ਼ ਅੱਗੇ ਵੱਧਦਾ ਜਾ ਰਿਹਾ ਹੈ, ਸਰਕਾਰਾਂ ਨੇ ਖ਼ਾਲਿਸਤਾਨ ਨੂੰ ਹਊਆ ਬਣਾਇਆ ਪਰ ਸਿਮਰਨਜੀਤ ਸਿੰਘ ਮਾਨ ਨੇ ਕਾਨੂੰਨੀ, ਰਾਜਸੀ ਅਤੇ ਲੋਕਤੰਤਰਿਕ ਢੰਗ-ਤਰੀਕੇ ਵਰਤ ਲੋਕਾਂ ਦੇ ਮਨਾਂ 'ਚੋਂ ਡਰ ਕੱਢ ਕੇ ਪੰਜਾਬ ਵਾਸੀਆਂ ਨੂੰ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ ਦਾ ਸੱਦਾ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਨਹੀਂ ਬਲਕਿ ਉਹ ਤਾਂ ਬੇਅਦਬੀ ਦਲ, ਬਾਦਲ ਦਲ ਅਤੇ ਬਈਆ ਦਲ ਬਣ ਚੁੱਕਾ ਹੈ, ਸੁਖਬੀਰ ਸਿੰਘ ਬਾਦਲ ਪੰਥ ਅਤੇ ਪੰਜਾਬ ਦਾ ਗ਼ੱਦਾਰ ਹੈ ਅਤੇ ਸਿਮਰਨਜੀਤ ਸਿੰਘ ਮਾਨ ਕੌਮ ਦਾ ਸਰਦਾਰ ਹੈ। ਭਾਈ ਰਣਜੀਤ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲ ਨੂੰ ਨਕਾਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਦਾ ਹੀ ਸਾਥ ਦੇਣ।
Posted By: GURBHEJ SINGH ANANDPURI








