ਪ੍ਰਧਾਨ ਮੰਤਰੀ ਜੀ,ਜਨਮਦਿਨ 'ਤੇ ਕਰੋ ਇਤਿਹਾਸਕ ਐਲਾਨ- ਬ੍ਰਹਮਪੁਰਾ
18 Sep, 2025 02:44 AM
ਬ੍ਰਹਮਪੁਰਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ 'ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪੂਰੀ ਤਰ੍ਹਾਂ ਖੋਲ੍ਹਣ ਦੀ ਅਪੀਲ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,17 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਵਧਾਈ ਦਿੰਦਿਆਂ ਇੱਕ ਪੱਤਰ ਲਿਖਿਆ ਹੈ,ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਤਰ੍ਹਾਂ ਮੁੜ ਖੋਲ੍ਹਣ ਦਾ ਇਤਿਹਾਸਕ ਐਲਾਨ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।ਆਪਣੇ ਪੱਤਰ ਵਿੱਚ,ਸ.ਬ੍ਰਹਮਪੁਰਾ ਨੇ ਕਿਹਾ,ਮੈਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਖਡੂਰ ਸਾਹਿਬ ਦੇ ਸਮੂਹ ਨਿਵਾਸੀਆਂ ਵੱਲੋਂ ਤੁਹਾਡੇ ਜਨਮਦਿਨ ਦੇ ਇਸ ਸ਼ੁਭ ਮੌਕੇ 'ਤੇ ਹਾਰਦਿਕ ਵਧਾਈ ਦਿੰਦਾ ਹਾਂ।ਉਨ੍ਹਾਂ ਨੇ ਪ੍ਰਮਾਤਮਾ ਅੱਗੇ ਪ੍ਰਧਾਨ ਮੰਤਰੀ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ ਤਾਂ ਜੋ ਉਹ ਦੇਸ਼ ਦੀ ਅਗਵਾਈ ਕਰਦੇ ਰਹਿਣ।ਸ.ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਦੇ ਇਤਿਹਾਸਕ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ,"ਪ੍ਰਧਾਨ ਮੰਤਰੀ ਜੀ,ਸਿੱਖ ਇਤਿਹਾਸ ਵਿੱਚ ਤੁਹਾਡਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਨਾਨਕ ਨਾਮ ਲੇਵਾ ਸੰਗਤਾਂ ਦੀ 70 ਸਾਲਾਂ ਦੀ ਅਰਦਾਸ ਪੂਰੀ ਕੀਤੀ ਸੀ।ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਫ਼ੈਸਲੇ ਨੇ ਦੋਵਾਂ ਦੇਸ਼ਾਂ ਦਰਮਿਆਨ ਸ਼ਰਧਾ ਅਤੇ ਸ਼ਾਂਤੀ ਦਾ ਅਜਿਹਾ ਪੁਲ ਬਣਾਇਆ,ਜਿਸ ਲਈ ਸਿੱਖ ਕੌਮ ਹਮੇਸ਼ਾ ਤੁਹਾਡੀ ਧੰਨਵਾਦੀ ਰਹੇਗੀ।ਲਾਂਘੇ ਨੂੰ ਦਰਪੇਸ਼ ਮੌਜੂਦਾ ਮੁਸ਼ਕਲਾਂ ਵੱਲ ਧਿਆਨ ਦਿਵਾਉਂਦਿਆਂ ਸ.ਬ੍ਰਹਮਪੁਰਾ ਨੇ ਲਿਖਿਆ,ਕੁਝ ਕਾਰਨਾਂ ਕਰਕੇ,ਇਸ ਪਵਿੱਤਰ ਲਾਂਘੇ ਰਾਹੀਂ ਗੁਰੂ ਘਰ ਦੇ ਦਰਸ਼ਨ-ਦੀਦਾਰ ਵਿੱਚ ਕੁਝ ਰੁਕਾਵਟਾਂ ਪੈਦਾ ਹੋ ਗਈਆਂ ਹਨ। ਉਨ੍ਹਾਂ ਨੇ ਇੱਕ ਨਿਮਰ ਬੇਨਤੀ ਕਰਦਿਆਂ ਕਿਹਾ,ਕਿ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਜਨਮਦਿਨ ਦੇ ਤੋਹਫ਼ੇ ਵਜੋਂ,ਸਿੱਖ ਕੌਮ ਨੂੰ ਇਹ ਲਾਂਘਾ ਬਿਨਾਂ ਕਿਸੇ ਰੋਕ-ਟੋਕ ਦੇ, ਮੁੜ ਪੂਰੀ ਤਰ੍ਹਾਂ ਖੋਲ੍ਹਣ ਦਾ ਇਤਿਹਾਸਕ ਐਲਾਨ ਕਰੋ।ਸ.ਬ੍ਰਹਮਪੁਰਾ ਨੇ ਭਾਵੁਕ ਅਪੀਲ ਕਰਦਿਆਂ ਕਿਹਾ,ਤੁਹਾਡੇ ਇਸ ਇੱਕ ਫ਼ੈਸਲੇ ਨਾਲ ਕਰੋੜਾਂ ਸ਼ਰਧਾਲੂਆਂ ਦੇ ਦਿਲਾਂ ਵਿੱਚੋਂ ਨਿਕਲੀਆਂ ਦੁਆਵਾਂ ਅਤੇ ਅਰਦਾਸਾਂ ਸਿੱਧੇ ਤੌਰ 'ਤੇ ਤੁਹਾਨੂੰ ਅਸੀਸ ਦੇਣਗੀਆਂ।ਉਨ੍ਹਾਂ ਕਿਹਾ ਕਿ ਕਿਸੇ ਵੀ ਨੇਤਾ ਲਈ ਉਸਦੇ ਜਨਮਦਿਨ 'ਤੇ ਇਸ ਤੋਂ ਵੱਡੀ ਹੋਰ ਕੋਈ ਦੌਲਤ ਨਹੀਂ ਹੋ ਸਕਦੀ।ਉਨ੍ਹਾਂ ਅੰਤ ਵਿਚ ਇੱਕ ਵਾਰ ਫ਼ਿਰ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕਰਦਿਆਂ ਉਮੀਦ ਜਤਾਈ ਕਿ ਉਹ ਨਾਨਕ ਨਾਮ ਲੇਵਾ ਸੰਗਤ ਦੀ ਇਸ ਪੁਕਾਰ ਨੂੰ ਜ਼ਰੂਰ ਸੁਣਨਗੇ।
Posted By: GURBHEJ SINGH ANANDPURI








