Nazrana Times

ਪੰਜਾਬੀ

ਇਹ ਕੈਲੰਡਰ, ‘ਪੁਰਾਤਨ ਨਾਨਕਸ਼ਾਹੀ ਕੈਲੰਡਰ’ ਕਿਵੇਂ ਹੈ? ਸਰਵਜੀਤ ਸਿੰਘ ਸੈਕਰਾਮੈਂਟੋ

22 Mar, 2025 12:27 PM
ਇਹ ਕੈਲੰਡਰ, ‘ਪੁਰਾਤਨ ਨਾਨਕਸ਼ਾਹੀ ਕੈਲੰਡਰ’ ਕਿਵੇਂ ਹੈ? ਸਰਵਜੀਤ ਸਿੰਘ ਸੈਕਰਾਮੈਂਟੋ

ਦਮਦਮੀ ਟਕਸਾਲ ਦੇ ਵਿਦਿਆਰਥੀਆਂ, ਵਿਦਵਾਨਾਂ, ਪ੍ਰਚਾਰਕਾਂ, ਲੇਖਕਾਂ ਅਤੇ ਪ੍ਰਮੁੱਖ ਸੇਵਾਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਉਪ੍ਰੰਤ ਅਰਦਾਸ ਕਰਕੇ, ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਨਵੇਂ ਸਾਲ ਦਾ ਕੈਲੰਡਰ, “ਪੁਰਾਤਨ ਨਾਨਕਸ਼ਾਹੀ ਕੈਲੰਡਰ” ਜਾਰੀ ਕੀਤਾ ਗਿਆ। ਜਿਸ ਬਾਰੇ ਲਿਖਤੀ ਦਾਵਾ ਕੀਤਾ ਗਿਆ ਹੈ, ਕਿ ਇਸ ਕੈਲੰਡਰ ਵਿੱਚ ਪੁਰਾਤਨ ਸਮੇਂ ਤੋਂ ਚਲਦੀ ਰਵਾਇਤ ਅਨੁਸਾਰ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ, ਗੁਰਿਆਈ ਅਤੇ ਜੋਤੀ ਜੋਤ ਦਿਵਸ ਅਤੇ ਹੋਰ ਸ਼ਹੀਦੀ ਦਿਹਾੜਿਆਂ ਸਮੇਤ ਕੌਮੀ ਤਿਉਹਾਰਾਂ ਦੀਆਂ ਪੁਰਾਤਨ ਤਾਰੀਖਾਂ ਦਰਜ ਹਨ। ਕੈਲੰਡਰ ਦੇ ਪਿਛਲੇ ਪਾਸੇ ਸਿੱਖ ਇਤਿਹਾਸ ਦੀ ਸੰਬੰਧਿਤ ਮੁੱਢਲੀ ਜਾਣਕਾਰੀ, ਗੁਰੂ ਸਾਹਿਬਾਨਾਂ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਪੰਜ ਤਖ਼ਤਾਂ, ਚਾਰ ਧਾਮਾਂ, ਪੰਜ ਕਕਾਰਾਂ, ਨਿਤਨੇਮ ਦੀਆਂ ਬਾਣੀਆਂ, ਭਗਤਾਂ, ਭੱਟਾਂ, ਦੇਸੀ ਮਹੀਨਿਆਂ ਅਤੇ ਸ਼ਹੀਦਾਂ ਬਾਰੇ ਵੀ ਜਾਣਕਾਰੀ ਦਰਜ ਹੈ।

image

ਦਮਦਮੀ ਟਕਸਾਲ ਵੱਲੋਂ ਛਾਪੇ ਗਏ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਅਤੇ ਸਾਲ ਦਾ ਆਖਰੀ ਦਿਨ 30 ਫੱਗਣ (13 ਮਾਰਚ) ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਸੂਰਜੀ ਕੈਲੰਡਰ ਹੈ। ਸਾਲ, ਭਾਵ ਉਹ ਸਮਾਂ ਜਿੰਨੇ ਸਮੇਂ ਵਿੱਚ ਧਰਤੀ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਦੀ ਹੈ, ਉਸ ਨੂੰ ਇਕ ਸਾਲ ਕਿਹਾ ਜਾਂਦਾ ਹੈ। ਇਸ ਸਮੇ ਮੁਤਾਬਕ ਸਾਲ ਦੀ 365.242190 ਦਿਨ ਮੰਨੀ ਗਈ। ਪਰ ਜਦੋਂ ਦਮਦਮੀ ਟਕਸਾਲ ਵੱਲੋਂ ਛਾਪੇ ਗਏ ਕੈਲੰਡਰ ਦੇ ਮਹੀਨਿਆਂ ਦਾ ਆਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਦੇ ਮੁਤਾਬਕ ਸਾਲ ਦੀ ਲੰਬਾਈ ਦਾ ਹਿਸਾਬ-ਕਿਤਾਬ ਲਾਇਆ ਤਾਂ ਇਹ 365.256363 ਦਿਨ ਬਣਦੀ ਹੈ। ਜਿਹੜੀ ਦੇ ਕੁਦਰਤ ਦੇ ਨਿਯਮ ਮੁਤਾਬਕ ਧਰਤੀ ਵੱਲੋਂ ਸੂਰਜ ਦਾ ਇਕ ਚੱਕਰ ਪੂਰਾ ਕਰਨ ਦੇ ਸਮੇ ਤੋਂ 0.014173 ਦਿਨ (ਲੱਗਭੱਗ 20 ਮਿੰਟ 24.5 ਸੈਕਿੰਡ) ਵੱਧ ਹੈ। ਦਿਨ ਦੀ ਇਹ ਵਾਧੂ ਲੰਬਾਈ ਲੱਗ ਭੱਗ 71 ਸਾਲ ਪਿਛੋਂ ਇਕ ਦਿਨ ਦੀ ਲੰਬਾਈ ਬਣ ਜਾਂਦੀ ਹੈ। ਇਹ ਲੰਬਾਈ ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਦੇ ਕੈਲੰਡਰ ਦੀ ਲੰਬਾਈ ਹੈ। ਇਹ ਸਿਧਾਂਤ 18-19 ਨਵੰਬਰ 1964 ਈ: ਨੂੰ ਅੰਮ੍ਰਿਤਸਰ ਵਿਖੇ ਹੋਏ ਹਿੰਦੂ ਵਿਦਵਾਨਾਂ ਦੇ ਸਮੇਲਨ ਵੱਲੋਂ ਅਪਣਾਇਆ ਗਿਆ ਗਈ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 1964 ਈ: ਦੀ ਸੋਧ ਮੁਤਾਬਕ ਬਣਾਏ ਗਏ ਬਿਕ੍ਰਮੀ ਕੈਲੰਡਰ ਨੂੰ, ਪੁਰਾਤਨ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ?

ਗੁਰੂ ਕਾਲ ਵੇਲੇ ਆਪਣੇ ਖਿੱਤੇ ਵਿੱਚ ਪ੍ਰਚੱਲਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਸੀ। ਇਸ ਦੇ ਸਾਲ ਦੀ ਲੰਬਾਈ 365.258756 ਦਿਨ ਮੰਨੀ ਗਈ ਸੀ। ਜਿਹੜੀ ਕਿ ਰੁੱਤੀ ਸਾਲ (Tropical Year) ਤੋਂ 0.16566 ਦਿਨ (ਲੱਗਭੱਗ 23 ਮਿੰਟ 51.3 ਸਕਿੰਟ ) ਵੱਧ ਸੀ। ਜਿਸ ਕਾਰਨ 60 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਯਾਦ ਰਹੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ, ਹੁਣ ਤਾਈਂ 9 ਦਿਨਾਂ ਦਾ ਫਰਕ ਪੈ ਚੁੱਕਾ ਹੈ। 1964 ਈ: ਵਿੱਚ ਸਾਲ ਦੀ ਲੰਬਾਈ ਘਟਾਉਣ ਕਾਰਨ, ਇਸ ਸਾਲ ਭਾਵ ਸੰਮਤ 2082 ਬਿਕ੍ਰਮੀ ਵਿੱਚ 4 ਸੰਗਰਾਂਦਾਂ ਵਿੱਚ ਇਕ ਦਿਨ ਦਾ ਫ਼ਰਕ ਪੈ ਚੁੱਕਾ ਹੈ। ਹੌਲੀ- ਹੌਲੀ 12 ਦੀਆਂ 12 ਸੰਗਰਾਂਦਾਂ ਹੀ ਵੱਖ ਹੋ ਜਾਣਗੀਆਂ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਦਾ ਫ਼ਰਕ ਵੀ ਹੇਠ ਦਿੱਤੇ ਟੇਬਲ ਵਿੱਚ ਵੇਖਿਆ ਜਾ ਸਕਦਾ। ਇਸ ਨਜ਼ਰੀਏ ਤੋਂ ਵੀ ਦਮਦਮੀ ਟਕਸਾਲ ਵੱਲੋਂ ਛਾਪੇ ਅਤੇ ਵੰਡੇ ਗਏ ਕੈਲੰਡਰ ਨੂੰ, ਪੁਰਾਤਨ ਕੈਲੰਡਰ ਨਹੀਂ ਕਿਹਾ ਜਾ ਸਕਦਾ ਹੈ।

ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਉੱਪਰ ਹੀ ਨਾਨਕਸ਼ਾਹੀ ਸੰਮਤ ਲਿਖੇ ਜਾਣ ਬਾਰੇ, ਹੁਣ ਤਾਈਂ ਕੀਤੀ ਖੋਜ-ਪੜਤਾਲ ਮੁਤਾਬਕ, ਲਾਹੌਰ ਤੋਂ ਛਪੀ ਜਨਮਸਾਖੀ ਉੱਪਰ ਸੰਮਤ ਸ੍ਰੀ ਗੁਰੂ ਨਾਨਕ 414 (1883 ਈ:) ਮਿਲਿਆ ਹੈ। (ਜੇ ਕਿਸੇ ਸੱਜਣ ਪਾਸ ਇਸ ਤੋਂ ਪਹਿਲਾ ਨਾਨਕਸ਼ਾਹੀ ਸੰਮਤ ਲਿਖੇ ਜਾਣ ਦੀ ਜਾਣਕਾਰੀ ਹੋਵੇ ਤਾਂ ਸਬੂਤ ਸਮੇਤ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ) ਡਾ ਗੰਡਾ ਸਿੰਘ ਜੀ ਵੱਲੋਂ ਸੰਪਾਦਕ ਕੀਤੀ ਗਈ ਕਿਤਾਬ, ‘ਹੁਕਮਨਾਮੇ’ ਵਿੱਚ ਆਖਰੀ ਹੁਕਮਨਾਮਾ, ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦਾ ਦਰਜ ਹੈ। ਇਸ ਉਪਰ ਮਾਘ ਸੁਦੀ 5, ਸੰਮਤ 1918 ਬਿਕ੍ਰਮੀ (4 ਫਰਵਰੀ 1862 ਈ:) ਤਾਰੀਖ ਦਰਜ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ 1862 ਈ: ਤੀਕ ਨਾਨਕਸ਼ਾਹੀ ਸੰਮਤ ਲਿਖਣ ਦਾ ਰਿਵਾਜ ਨਹੀਂ ਸੀ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ 1992 ਈ: ਦੀ ਜੰਤਰੀ ਉੱਪਰ ਸੰਮਤ ਬਿਕ੍ਰਮੀ 2048-2049, ਸੰਮਤ ਨਾਨਕਸ਼ਾਹੀ 523-524, ਸੰਮਤ ਸਾਕਾ 1913-1914 ਅਤੇ ਸੰਮਤ ਖਾਲਸਾ 293-294 ਦਰਜ ਹੈ। ਇਸ ਜੰਤਰੀ ਦਾ ਆਰੰਭ 1 ਜਨਵਰੀ 1992 ਈ: ਤੋਂ ਹੁੰਦਾ ਹੈ। ਇਸ ਜੰਤਰੀ ਮੁਤਾਬਕ ਸੰਮਤ 2049 ਦਾ ਆਰੰਭ ਚੇਤ ਸੁਦੀ ੧ (4 ਅਪ੍ਰੈਲ) ਤੋਂ ਹੁੰਦਾ ਹੈ। ਨਾਨਕਸ਼ਾਹੀ ਸੰਮਤ 524, ਭਾਵ ਨਵੇਂ ਸਾਲ ਦਾ ਆਰੰਭ ਕੱਤਕ ਦੀ ਪੁੰਨਿਆ (10 ਨਵੰਬਰ) ਤੋਂ ਹੁੰਦਾ ਹੈ। ਇਸ ਤੋਂ ਸਹਿਜੇ ਹੀ ਅਸੀਂ ਇਸ ਨਤੀਜੇ ਤੇ ਪੁੱਜ ਜਾਂਦੇ ਹਾਂ ਕਿ ਪੁਰਾਣਾ ਨਾਨਕਸ਼ਾਹੀ ਸੰਮਤ ਚੰਦ ਦੇ ਸਾਲ (ਕੈਲੰਡਰ) ਮੁਤਾਬਕ ਬਦਲਦਾ ਸੀ ਨਾਕਿ ਸੂਰਜੀ ਸਾਲ ਮੁਤਾਬਕ। ਟਕਸਾਲ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦਾ ਆਰੰਭ ੧ ਚੇਤ ਤੋਂ ਹੁੰਦਾ ਹੈ। ਦਮਦਮੀ ਟਕਸਾਲ ਵੱਲੋਂ ਆਪਣੇ ਕੈਲੰਡਰ ਉੱਪਰ “ਪੁਰਾਤਨ ਨਾਨਕਸ਼ਾਹੀ ਕੈਲੰਡਰ” ਲਿਖਣਾ ਇਸ ਕਸਵੱਟੀ ਤੇ ਪੂਰਾ ਵੀ ਪੂਰਾ ਨਹੀਂ ਉਤਰਦਾ।  

image
 

ਗੁਰੂ ਕਾਲ ਅਤੇ ਮੌਜੂਦਾ ਸਮੇਂ ਪ੍ਰਚਲਤ ਕੈਲੰਡਰਾਂ ਦੀਆਂ ਚੰਦ੍ਰਮਾ ਦੀਆਂ ਵਦੀਆਂ- ਸੁਦੀਆਂ ਵਾਲੀਆਂ ਤਿੱਥਾਂ ਨੂੰ ਮਿਲਾ ਕੇ ਵੇਖਿਆ ਤਾਂ ਉਨ੍ਹਾਂ ਵਿੱਚ ਵੀ ਫ਼ਰਕ ਸਪਸ਼ਟ ਵਿਖਾਈ ਦਿੰਦਾ ਹੈ। ਉਪ੍ਰੋਕਤ ਸਾਰਣੀ ਨੂੰ ਧਿਆਨ ਨਾਲ ਵੇਖੋ। ਗੁਰੂ ਕਾਲ ਵਾਲੇ ਭਾਵ ਪੁਰਾਤਨ ਕੈਲੰਡਰ (ਸੂਰਜੀ ਸਿਧਾਂਤ) ਅਤੇ 1964 ਈ: ਵਿੱਚ ਕੀਤੀ ਗਈ ਸੋਧ ਮੁਤਾਬਕ (ਦ੍ਰਿਕ ਗਿਣਤ ਸਿਧਾਂਤ) ਵਾਲੇ ਨਵੇਂ ਬਿਕ੍ਰਮੀ ਕੈਲੰਡਰ ਦੇ, ਨਵੇਂ ਸਾਲ (ਸੰਮਤ 2082 ਬਿਕ੍ਰਮੀ) ਦਾ ਆਰੰਭ ਚੇਤ ਸੁਦੀ ੧, (30 ਮਾਰਚ ) ਦਿਨ ਐਤਵਾਰ ਤੋਂ ਹੋਵੇਗਾ। 31 ਮਾਰਚ ਨੂੰ ਦੋਵਾਂ ਕੈਲੰਡਰਾਂ ਦੀ ਚੇਤ ਸੁਦੀ ੨ ਹੈ। 1 ਅਤੇ 2 ਅਪ੍ਰੈਲ ਨੂੰ ਇਕ ਦਿਨ ਦਾ ਫਰਕ ਪੈ ਜਾਂਦਾ ਹੈ। 3 ਅਪ੍ਰੈਲ ਨੂੰ ਫੇਰ ਦੋਵਾਂ ਸਿਧਾਂਤਾਂ ਮੁਤਾਬਕ ਚੇਤ ਸੁਦੀ ੬ ਆ ਜਾਂਦੀ ਹੈ।

ਪਾਠਕ ਵੇਖ ਸਕਦੇ ਹਨ ਕਿ ਦਮਦਮੀ ਟਕਸਾਲ ਵੱਲੋਂ ਛਾਪਿਆ “ਪੁਰਾਤਨ ਨਾਨਕਸ਼ਾਹੀ ਕੈਲੰਡਰ” ਕਿਸੇ ਵੀ ਕਸਵੱਟੀ ਉੱਪਰ ਪੂਰਾ ਨਹੀਂ ਉਤਰਿਆ। ਇਸ ਕੈਲੰਡਰ ਨੂੰ ‘ਪੁਰਾਤਨ ਨਾਨਕਸ਼ਾਹੀ ਕੈਲੰਡਰ’ ਕਹਿਣਾ ਤਾਂ ਦੂਰ ਦੀ ਗੱਲ, ‘ਪੁਰਾਤਨ ਬਿਕ੍ਰਮੀ ਕੈਲੰਡਰ’ ਵੀ ਨਹੀਂ ਕਿਹਾ ਜਾ ਸਕਦਾ। ਕੀ ਇਕ ਧਾਰਮਿਕ ਸੰਸਥਾ ਨੂੰ ਕੈਲੰਡਰ ਸਬੰਧੀ ਗੁਮਰਾਹ ਕੁਨ ਪ੍ਰਚਾਰ ਕਰਨਾ ਸ਼ੋਭਾ ਦਿੰਦਾ ਹੈ? ਹੁਣ ‘ਖ਼ਾਲਸਾ ਪੰਥ ਦੀ ਚੱਕਰਵਰਤੀ ਧਾਰਮਿਕ ਯੂਨੀਵਰਸਿਟੀ’ ਦੇ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹ ਸਾਬਿਤ ਕਰਨ, ਕਿ ਦਮਦਮੀ ਟਕਸਾਲ ਵੱਲੋਂ ਛਾਪ ਕੇ ਦੇਸ਼-ਵਿਦੇਸ਼ ਵਿੱਚ ਵੰਡਿਆ ਗਿਆ ਇਹ ਕੈਲੰਡਰ ‘ਪੁਰਾਤਨ ਨਾਨਕਸ਼ਾਹੀ ਕੈਲੰਡਰ’ ਕਿਵੇਂ ਹੈ?

ਸਰਬਜੀਤ ਸਿੰਘ ਸੈਂਕਰਾਮੈਂਟੋ

Posted By: GURBHEJ SINGH ANANDPURI

Loading…
Loading the web debug toolbar…
Attempt #