Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੇ ਅਸਤੀਫ਼ਾ ਵਾਪਿਸ ਲੈਣ 'ਤੇ ਭਾਈ ਰਣਜੀਤ ਸਿੰਘ ਦਾ ਵੱਡਾ ਬਿਆਨ, ਬਾਦਲ ਪਰਿਵਾਰ 'ਤੇ ਤਿੱਖਾ ਹਮਲਾ

19 Mar, 2025 01:54 AM
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੇ ਅਸਤੀਫ਼ਾ ਵਾਪਿਸ ਲੈਣ 'ਤੇ ਭਾਈ ਰਣਜੀਤ ਸਿੰਘ ਦਾ ਵੱਡਾ ਬਿਆਨ, ਬਾਦਲ ਪਰਿਵਾਰ 'ਤੇ ਤਿੱਖਾ ਹਮਲਾ

ਅੰਮ੍ਰਿਤਸਰ, 18 ਮਾਰਚ , ਜੁਗਰਾਜ ਸਿੰਘ ਸਰਹਾਲੀ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਤਿੱਖੇ ਬਿਆਨ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਵਸ਼ ਵਿੱਚ ਹੈ, ਅਤੇ ਸੁਖਬੀਰ ਬਾਦਲ ਹੀ ਇਸਦਾ ਰਿਮੋਟ ਕੰਟਰੋਲ ਸੰਭਾਲ ਰਹੇ ਹਨ।

ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਦ ਤੋਂ ਅਸਤੀਫ਼ਾ ਸਿਰਫ਼ ਬਾਦਲ ਦਲ ਨੂੰ ਬਚਾਉਣ ਲਈ ਦਿੱਤਾ ਸੀ। ਪਰ ਹੁਣ, ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ, ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ। ਉਨ੍ਹਾਂ ਨੇ ਇਸ ਨੂੰ ਸਿੱਖਾਂ ਨੂੰ ਭਰਮਾਉਣ ਲਈ ਰਚਿਆ ਗਿਆ ਇੱਕ ਸਿਆਸੀ ਡਰਾਮਾ ਕਰਾਰ ਦਿੱਤਾ।

ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗਾਈ ਗਈ ਜ਼ਿੰਮੇਵਾਰੀ ਨੂੰ ਐਡਵੋਕੇਟ ਧਾਮੀ ਨੇ ਠੀਕ ਤਰ੍ਹਾਂ ਨਹੀਂ ਨਿਭਾਇਆ। ਉਨ੍ਹਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਤੋੜਨ ਅਤੇ ਸ਼੍ਰੋਮਣੀ ਕਮੇਟੀ ਦੀ ਵਿਵਸਥਾ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਸ਼੍ਰੋਮਣੀ ਕਮੇਟੀ 'ਤੇ ਬਾਦਲ ਪਰਿਵਾਰ ਦੀ ਹਕੂਮਤ

ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਬਾਦਲ ਦਲ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਵਸ਼ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਉਨ੍ਹਾਂ ਦੇ ਅਨੁਸਾਰ, ਜੇਕਰ ਐਡਵੋਕੇਟ ਧਾਮੀ ਪੰਥਕ ਹਿੱਤਾਂ ਦੇ ਪਹਿਰੇਦਾਰ ਹੁੰਦੇ, ਤਾਂ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣਾ ਵੀ ਬਾਦਲ ਪਰਿਵਾਰ ਦੀ ਯੋਜਨਾ ਦਾ ਹਿੱਸਾ ਸੀ।

ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਬਾਦਲ ਇੱਕ ਪਾਸੇ ਕਹਿੰਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿੱਚ ਦਖ਼ਲ ਨਹੀਂ ਦਿੰਦਾ, ਪਰ ਦੂਜੇ ਪਾਸੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾ ਦਿੱਤਾ।

2 ਦਸੰਬਰ ਦੇ ਫ਼ੈਸਲੇ ਲਾਗੂ ਹੋਣੇ ਚਾਹੀਦੇ - ਭਾਈ ਰਣਜੀਤ ਸਿੰਘ

ਉਨ੍ਹਾਂ ਨੇ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਹੋਂਦ, ਪ੍ਰਭੂਸੱਤਾ ਅਤੇ ਸ਼ਾਨ ਨੂੰ ਕਾਇਮ ਰੱਖਦਿਆਂ 2 ਦਸੰਬਰ 2024 ਦੇ ਫ਼ੈਸਲੇ ਲਾਗੂ ਕੀਤੇ ਜਾਣ।

ਭਾਈ ਰਣਜੀਤ ਸਿੰਘ ਨੇ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਗੁਰਧਾਮਾਂ ਅਤੇ ਤਖ਼ਤਾਂ ਨੂੰ ਬਾਦਲ ਪਰਿਵਾਰ ਦੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #