ਸ਼ਹੀਦ ਮਾਸਟਰ ਕਮਲਜੀਤ ਸਿੰਘ ਬੱਬਰ ਦੀ ਯਾਦ 'ਚ ਸ਼ਹੀਦੀ ਸਮਾਗਮ 4 ਨੂੰ : ਭਾਈ ਰਣਜੀਤ ਸਿੰਘ/ਢਾਡੀ ਅਮਰਜੀਤ ਸਿੰਘ
03 May, 2025 02:42 AM
ਅੰਮ੍ਰਿਤਸਰ, 2 ਮਈ ,ਨਜ਼ਰਾਨਾ ਟਾਈਮਜ਼ ਬਿਊਰੋ
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ ਬੱਬਰ ਖ਼ਾਲਸਾ ਦੇ ਮਾਝਾ ਜੋਨ ਦੇ ਮੁਖੀ ਅਮਰ ਸ਼ਹੀਦ ਭਾਈ ਕਮਲਜੀਤ ਸਿੰਘ ਬੱਬਰ ਉਰਫ਼ ਮਾਸਟਰ ਦੀ ਯਾਦ 'ਚ ਸ਼ਹੀਦੀ ਸਮਾਗਮ ਉਹਨਾਂ ਦੇ ਗ੍ਰਹਿ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ 4 ਮਈ 2025 ਨੂੰ ਕਰਵਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਕਮਲਜੀਤ ਸਿੰਘ ਬੱਬਰ ਦੇ ਭਰਾ ਢਾਡੀ ਭਾਈ ਅਮਰਜੀਤ ਸਿੰਘ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ਼ਹੀਦ ਮਾਸਟਰ ਕਮਲਜੀਤ ਸਿੰਘ ਬੱਬਰ ਦਾ ਜੱਦੀ ਪਿੰਡ ਘਣੀਏ ਕੇ ਬਾਂਗਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ 'ਚ ਹੈ, ਜਿੱਥੇ ਭਵਿੱਖ ਵਿੱਚ ਇਨ੍ਹਾਂ ਸਮੂਹ ਸ਼ਹੀਦਾਂ ਦੀ ਯਾਦ 'ਚ ਗੇਟ ਵੀ ਬਣਾਇਆ ਜਾਏਗਾ। ਉਹਨਾਂ ਕਿਹਾ ਕਿ ਭਾਈ ਕਮਲਜੀਤ ਸਿੰਘ ਬੱਬਰ ਨੇ ਫਿਲੌਰ ਵਿੱਚ ਬੁੱਚੜ ਪੁਲਿਸ ਅਫ਼ਸਰ ਰਾਮ ਮੂਰਤੀ ਅਤੇ ਸੂਰੀ ਥਾਣੇਦਾਰ ਸੋਧਿਆ ਸੀ। ਉਹਨਾਂ ਦੱਸਿਆ ਕਿ 19 ਅਪ੍ਰੈਲ 1993 ਨੂੰ ਭਾਈ ਸਾਹਿਬ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਫਿਰ ਭਾਰੀ ਤਸ਼ੱਦਦ ਕਰਕੇ 21 ਅਪ੍ਰੈਲ 1993 ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਭਾਈ ਕਮਲਜੀਤ ਸਿੰਘ ਬੱਬਰ ਜੋ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਅਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਨੇੜਲੇ ਸਾਥੀ ਸਨ।
Posted By: TAJEEMNOOR KAUR








