Nazrana Times

ਪੰਜਾਬੀ

ਪੰਜਾਬ ਦੇ ਹੜ੍ਹ ਪੀੜਤਾਂ ਨੂੰ ਬੇਹੱਦ ਵੱਡੀ ਰਾਹਤ, ਹਸਪਤਾਲ ਤੋਂ CM ਮਾਨ ਨੇ ਕਰ 'ਤੇ ਵੱਡੇ ਐਲਾਨ

08 Sep, 2025 09:13 PM
ਪੰਜਾਬ ਦੇ ਹੜ੍ਹ ਪੀੜਤਾਂ ਨੂੰ ਬੇਹੱਦ ਵੱਡੀ ਰਾਹਤ, ਹਸਪਤਾਲ ਤੋਂ CM ਮਾਨ ਨੇ ਕਰ 'ਤੇ ਵੱਡੇ ਐਲਾਨ

ਚੰਡੀਗੜ੍ਹ , ਨਜ਼ਰਾਨਾ ਟਾਈਮਜ ਬਿਊਰੋ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਤੋਂ ਲਾਈਵ ਹੁੰਦਿਆਂ ਕੈਬਨਿਟ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੂਬੇ ਦੇ ਹੜ੍ਹ ਪੀੜਤਾਂ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਦਰਿਆਵਾਂ ਦੇ ਕੰਢੇ ਜ਼ਮੀਨਾਂ ਹਨ, ਉਨ੍ਹਾਂ ਨੂੰ ਮਿੱਟੀ ਚੁੱਕਣ ਦੀ ਇਜਾਜ਼ਤ ਦੇ ਰਹੇ ਹਾਂ। ਕਿਸਾਨ ਆਪਣੀ ਇੱਛਾ ਮੁਤਾਬਕ ਮਿੱਟੀ ਵੇਚ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਬਰਬਾਦੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਹ ਕਿਸੇ ਵੀ ਸੂਬੇ ਵਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਅਤੇ ਚੈੱਕ ਲੋਕਾਂ ਦੇ ਹੱਥਾਂ 'ਚ ਫੜ੍ਹਾਏ ਜਾਣਗੇ। ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ, 4 ਲੱਖ ਰੁਪਿਆ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਢਹਿ ਗਏ ਅਤੇ ਪਾਣੀ 'ਚ ਰੁੜ੍ਹ ਗਏ ਹਨ, ਉਨ੍ਹਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਮਦਦ ਦੇਵੇਗੀ ਕਿਉਂਕਿ ਅਜੇ ਪਾਣੀ ਹੌਲੀ-ਹੌਲੀ ਉਤਰ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਵੀ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਕੋ-ਆਪਰੇਟਿਵ ਸੋਸਾਇਟੀਆਂ ਜਾਂ ਬੈਂਕਾਂ ਤੋਂ ਜਿਹੜੇ ਕਰਜ਼ੇ ਲਏ ਹੋਏ ਹਨ, ਕਰਜ਼ਾ ਚੁਕਾਉਣ ਦੀ ਲਿਮਟ 6 ਮਹੀਨਿਆਂ ਤੱਕ ਵਧਾ ਦਿੱਤੀ ਗਈ ਹੈ ਅਤੇ ਇਸ ਦੌਰਾਨ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ ਅਤੇ ਨਾ ਹੀ ਕੋਈ ਵਿਆਜ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂਆਂ ਅਤੇ ਜਾਨਵਰਾਂ ਦੀ ਮੌਤ ਨੂੰ ਲੈ ਕੇ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪਸ਼ੂਆਂ ਦੀ ਮੌਤ ਕਾਰਨ ਕੋਈ ਬੀਮਾਰੀ ਨਾ ਫੈਲੇ, ਇਸ ਲਈ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਸ਼ੁਰੂ ਕਰਾਵਾਂਗੇ। ਹੜ੍ਹਾਂ ਤੋਂ ਬਾਅਦ ਲੋਕਾਂ 'ਚ ਵੀ ਬੀਮਾਰੀਆਂ ਨਾ ਫੈਲਣ, ਇਸ ਦੇ ਲਈ 1700 ਪਿੰਡਾਂ 'ਚ 300 ਦੇ ਕਰੀਬ ਸ਼ਹਿਰੀ ਵਾਰਡਾਂ ਨੂੰ ਫੌਗਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹਰ ਪਿੰਡ 'ਚ ਡਾਕਟਰ ਆਉਣਗੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਿੰਡਾਂ 'ਚ ਕੈਂਪ ਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।

ਸ਼ਹਿਰੀ ਵਾਰਡਾਂ 'ਚ ਵਿਆਪਕ ਪੱਧਰ 'ਤੇ ਸਫ਼ਾਈ ਮੁਹਿੰਮ ਚਲਾਵਾਂਗੇ। ਇਸ ਤੋਂ ਇਲਾਵਾ ਸਰਕਾਰੀ ਜਾਇਦਾਦਾਂ ਦੇ ਨੁਕਸਾਨ ਦਾ ਵੀ ਸਰਵੇ ਕਰਵਾ ਕੇ ਜੰਗੀ ਪੱਧਰ 'ਤੇ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ। ਮੈਂ ਠੀਕ ਹੋ ਰਿਹਾ ਹਾਂ ਅਤੇ ਜਦੋਂ ਛੁੱਟੀ ਮਿਲ ਗਈ, ਮੈਂ ਤੁਹਾਡੇ ਨਾਲ ਹੀ ਹੋਵਾਂਗਾ ਕਿਉਂਕਿ ਮੈਂ ਲੋਕਾਂ ਬਿਨਾਂ ਰਹਿ ਨਹੀਂ ਸਕਦਾ। ਮੈਨੂੰ ਲੋਕਾਂ ਦੇ ਦਰਦ ਦੇ ਮੁਕਾਬਲੇ ਆਪਣਾ ਦਰਦ ਬਹੁਤ ਘੱਟ ਲੱਗਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਫ਼ਿਕਰ ਨਾ ਕਰਨ ਕਿਉਂਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਹਰ ਸੰਕਟ ਦੇ ਮੌਕੇ, ਦੁੱਖ ਦੀ ਘੜੀ 'ਚ ਅਸੀਂ ਲੋਕਾਂ ਦੇ ਨਾਲ ਖੜ੍ਹਾਂਗੇ।

Posted By: GURBHEJ SINGH ANANDPURI

Loading…
Loading the web debug toolbar…
Attempt #