ਨਹੀਂ ਰੁਕਣਗੀਆਂ ਬੇਅਦਬੀਆਂ ,ਸਿਖ ਪੰਥ ਨਵੀਂ ਨੀਤੀ ਘੜੇ ਆਪਣੇ ਵਿਕਾਸ ਤੇ ਹੋਂਦ ਦੀ
08 Mar, 2026 11:18 AM
ਨਹੀਂ ਰੁਕਣਗੀਆਂ ਬੇਅਦਬੀਆਂ ,ਸਿਖ ਪੰਥ ਨਵੀਂ ਨੀਤੀ ਘੜੇ ਆਪਣੇ ਵਿਕਾਸ ਤੇ ਹੋਂਦ ਦੀ
ਬਲਵਿੰਦਰਪਾਲ ਸਿੰਘ ਪ੍ਰੋਫੈਸਰ
ਗੁਰੂ ਗ੍ਰੰਥ ਸਾਹਿਬ ਜੀ ਕੋਈ ਸਾਧਾਰਨ ਪੁਸਤਕ ਨਹੀਂ, ਸਗੋਂ ਸਦੀਵੀ ਸਤਿਗੁਰੂ ਹੈ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਜੀਵੰਤ ਗੁਰੂ ਘੋਸ਼ਿਤ ਕੀਤਾ। ਹੋਰ ਗ੍ਰੰਥਾਂ—ਭਗਵਦ ਗੀਤਾ ਦੀ ਸੰਵਾਦ-ਰੂਪੀ ਪ੍ਰਗਟਾਵਾ, ਕੁਰਾਨ ਦੀ ਨਬੀਆਂ ਵਾਲੀ ਬਾਣੀ ਜਾਂ ਬਾਈਬਲ ਦੀਆਂ ਕਹਾਣੀਆਂ—ਨਾਲੋਂ ਵੱਖਰਾ ਤੇ ਨਿਰਾਲਾ ਹੈ, ਇਹ ਜੀਵੰਤ ਹੈ। ਗੁਰਬਾਣੀ ਆਪਣੇ ਆਪ ਵਿੱਚ ਕਹਿੰਦੀ ਹੈ: “ਸਬਦੁ ਗੁਰੂ ਸੁਰਤਿ ਧੁਨਿ ਚੇਲਾ” (ਪੰਨਾ 943)। ਇਹ ਸੱਚਾਈ ਦਾ ਆਦਰਸ਼ਕ ਮਾਡਲ ਹੈ, ਜੋ ਦੁਨੀਆ ਦੇ ਖਿੰਡਾਅ ,ਨਸਲਵਾਦ ,ਅਨਿਆਂ,ਵਿਤਕਰੇ ,ਜ਼ੁਲਮ ,ਗੁਲਾਮੀ ਨੂੰ ਚੁਣੌਤੀ ਦਿੰਦਾ ਹੈ।
ਇਸ ਕਾਰਨ ਇਸ ਬਾਰੇ ਵੱਖਰਾ ਕਨੂੰਨ ਬਣਾਉਣ ਦੀ ਲੋੜ ਹੈ। ਪੰਜਾਬ ਪ੍ਰੀਵੈਂਸ਼ਨ ਆਫ ਆਫੈਂਸਿਜ਼ ਅਗੇਂਸਟ ਹੋਲੀ ਸਕ੍ਰਿਪਚਰਸ ਬਿੱਲ-2025 (ਜੁਲਾਈ 2025 ਵਿੱਚ ਪੇਸ਼, ਹੁਣ ਸਿਲੈਕਟ ਕਮੇਟੀ ਕੋਲ) ਵਿੱਚ ਗੁਰੂ ਗ੍ਰੰਥ ਸਾਹਿਬ, ਗੀਤਾ, ਕੁਰਾਨ ਅਤੇ ਬਾਈਬਲ ਨੂੰ ਇੱਕੋ ਪੱਧਰ ਤੇ ਰੱਖਿਆ ਗਿਆ ਹੈ, ਜਿਸ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੈ। ਪਰ ਇਹ ਸਮਾਨਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵੰਤ ਸਤਿਗੁਰੂ ਵਾਲੀ ਸਥਿਤੀ ਨੂੰ ਘਟਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਵਿਸ਼ੇਸ਼ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ—ਜੋ ਸਿਰਫ਼ ਇਸ ਨੂੰ ਸੰਬੋਧਿਤ ਕਰੇ।
ਬੇਅਦਬੀਆਂ ਕਿਉਂ ਨਹੀਂ ਰੁਕਦੀਆਂ?
ਕਿਉਂਕਿ ਇਹ ਆਮ ਵਰਤਾਰਾ ਨਹੀਂ, ਸਗੋਂ ਯੋਜਨਾਬੱਧ ਹਮਲੇ ਹਨ ਉਸ ਫਿਲਾਸਫੀ ਉੱਤੇ ਜੋ ਫਿਰਕਾਪ੍ਰਸਤੀ, ਮਨੂਵਾਦ, ਨਫ਼ਰਤ, ਅਨਿਆਂ, ਅਸਮਾਨਤਾ, ਛੂਤ-ਛਾਤ ਅਤੇ ਜਾਤੀਵਾਦ ਨੂੰ ਚੁਣੌਤੀ ਦਿੰਦੀ ਹੈ। “ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ” (ਪੰਨਾ 611) ਵਰਗੀਆਂ ਬਾਣੀ ਸਰਬਤ ਅਜ਼ਾਦੀ ਦੇ ਹਿਤ ਵਿਚ—ਰਬ ਸਭ ਵਿੱਚ ਵੱਸਦਾ ਹੈ, ਜਾਤੀਵਾਦੀ ਸਿਸਟਮ,ਵੰਡਾਂ ਭਰਮ ਫਜੂਲ ਹਨ।ਸਭ ਮਨੁੱਖ ਇਕ ਹਨ।ਇਕੋ ਰੱਬ ਦੇ ਬੰਦੇ ਹਨ
2026 ਵਿੱਚ ਵੀ ਘਟਨਾਵਾਂ ਜਾਰੀ ਹਨ: ਅੰਮ੍ਰਿਤਸਰ ਦੇ ਸਥਿਆਲਾ ਪਿੰਡ (ਮਾਰਚ 2026), ਜਲੰਧਰ ਨੇੜੇ ਮਾਹਲ ਪਿੰਡ (ਜਨਵਰੀ 2026), ਬਰਨਾਲਾ ਦੇ ਠੀਕਰੀਵਾਲਾ (ਜਨਵਰੀ 2026) ਵਰਗੀਆਂ ਘਟਨਾਵਾਂ ਨੇ ਸੰਗਤਾਂ ਨੂੰ ਦੁਖੀ ਕੀਤਾ ਹੈ। 2015 ਦੀਆਂ ਬਰਗਾੜੀ ਘਟਨਾਵਾਂ ਵਰਗੇ ਪੁਰਾਣੇ ਜ਼ਖ਼ਮ ਅਜੇ ਵੀ ਤਾਜ਼ੇ ਹਨ। ਇਹ ਉਹਨਾਂ ਤਾਕਤਾਂ ਦਾ ਹਮਲਾ ਹੈ ਜੋ ਗੁਰਬਾਣੀ ਦੀ "ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ" ਵਾਲੀ ਫਿਲਾਸਫੀ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦੀਆਂ ਹਨ।
ਇਹ ਹਮਲੇ ਪੰਥ ਨੂੰ:
ਭਾਵੁਕ ਉਲਝਣ ਵਿੱਚ ਪਾਉਣ ਲਈ ਕੀਤੇ ਜਾਂਦੇ ਹਨ।
ਸੰਘਰਸ਼ਾਂ ਵਿੱਚ ਉਲਝਾ ਕੇ ਉਸ ਦੇ ਅਸਲ ਮਿਸ਼ਨ (ਪਰਮ ਮਨੁੱਖ ਦੀ ਸਿਰਜਣਾ) ਤੋਂ ਦੂਰ ਰੱਖਣ ਲਈ ਕੀਤੇ ਜਾਂਦੇ ਹਨ।
ਸਿੱਖ ਪੰਥ ਅਤੇ ਪੰਥਕ ਜਥੇਬੰਦੀਆਂ ਨੂੰ ਬੇਅਦਬੀਆਂ ਵੱਲੋਂ ਧਿਆਨ ਹਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦੇ ਪ੍ਰਸਾਰ ਉੱਤੇ ਧਿਆਨ ਦੇਣਾ ਚਾਹੀਦਾ ਹੈ। ਨਾਮ ਸਿਮਰਨ ਅਤੇ ਸੇਵਾ ਇਸ ਦੀ ਪ੍ਰੈਕਟੀਕਲ ਵਿਧੀ ਹਨ, ਜੋ ਮਨੁੱਖ ਨੂੰ ਪਰਮ ਮਨੁੱਖ ਬਣਾਉਂਦੀਆਂ ਹਨ।
ਸਿੱਖ ਸਟੇਜਾਂ ਤੇ ਅਕਸਰ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ ਹਨ।ਇਹ ਠੀਕ ਹੈ ਕਿ ਕਥਾ-ਕਹਾਣੀਆਂ ਰੁਚੀ ਪੈਦਾ ਕਰਦੀਆਂ ਹਨ, ਪਰ ਫਿਲਾਸਫੀ ਮਨੁੱਖ ਨੂੰ ਦੇਵਤਾ ਬਣਾਉਂਦੀ ਹੈ। ਪੰਥ ਨੂੰ ਗੁਰੂ ਹੁਕਮ ਦੀ ਵਿਆਖਿਆ ਤੇ ਜ਼ੋਰ ਦੇਣਾ ਚਾਹੀਦਾ ਹੈ।ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਇਸ ਵਲ ਧਿਆਨ ਦੇਣ।
ਬੇਅਦਬੀ ਰੋਕਣ ਦਾ ਸਭ ਤੋਂ ਵੱਡਾ ਹਥਿਆਰ 'ਗੁਰਮਤਿ ਦਾ ਗਿਆਨ' ਹੈ। ਜਿਸ ਦਿਨ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਘਰ-ਘਰ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਰਣਨੀਤੀ ਅਪਣਾ ਲਵੇਗਾ, ਉਸ ਦਿਨ ਨਫ਼ਰਤ ਕਰਨ ਵਾਲਿਆਂ ਦੀਆਂ ਚਾਲਾਂ ਖੁਦ-ਬ-ਖੁਦ ਬੇਅਸਰ ਹੋ ਜਾਣਗੀਆਂ।ਸਿੱਖੀ ਦੀ ਫਿਲਾਸਫੀ ਅੱਜ ਵੀ ਵਿਸ਼ਵ ਨੂੰ ਰੌਸ਼ਨ ਕਰ ਸਕਦੀ ਹੈ। ਪੰਥ ਨੂੰ ਵਿਘਨਾਂ ਤੋਂ ਉੱਪਰ ਉੱਠ ਕੇ ਗੁਰਮਤਿ ਫਿਲਾਸਫੀ ਨੂੰ ਪ੍ਰਚਾਰਨਾ ਚਾਹੀਦਾ ਹੈ, ਤਾਂ ਜੋ ਪਰਮ ਮਨੁੱਖ ਦਾ ਨਿਰਮਾਣ ਹੋ ਸਕੇ।ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰਾ ਦੁਆਰਾ ਮਨੁੱਖ ਦੀ ਅੰਦਰਲ਼ੀ ਚੇਤੰਤਾ ਵਿੱਚ ਪਈ ਹੋਈ ਮਲੀਨਤਾ ਨੂੰ ਧੋਹ ਕੇ, ਤੇ ਦੈਵੀ ਗੁਣਾਂ ਨਾਲ ਭਰ ਕੇ ਜ਼ਮੀਨੀ ਤਲ਼ ਦੇ ਦੇਵਤੇ ਬਣਾਇਆ ਹੈ। ਆਸਾ ਕੀ ਵਾਰ ਵਿੱਚ ਨਿਤਾ ਪ੍ਰਤੀ ਪੜ੍ਹਨ ਵਾਲੇ ਸਲੋਕ ਵਿੱਚ ਮਨੁੱਖ ਤੋਂ ਦੇਵਤਾ ਬਣਨ ਦੀ ਸਥਿੱਤੀ ਰੱਖੀ ਗਈ ਹੈ ਜੇਹਾ ਕਿ---ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥
ਸਲੋਕ ਮ: ੧ ਪੰਨਾ ੪੬੨
ਸੋ ਇਹੀ ਸਾਡਾ ਮਾਰਗ ਹੈ ਜਿਸ ਤੋ ਅਸੀਂ ਭਟਕੇ ਹਾਂ।
ਨੋਟ - ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਪ੍ਰਗਟਾਓ
Posted By: GURBHEJ SINGH ANANDPURI








