Nazrana Times

ਪੰਜਾਬੀ

ਭਾਜਪਾ ਦੇ ਪਿੱਠੂ ਬਣਨ ਵਾਲਿਆਂ ਨੂੰ ਧਿਰਕਾਰ

09 Mar, 2026 10:02 PM
ਭਾਜਪਾ ਦੇ ਪਿੱਠੂ ਬਣਨ ਵਾਲਿਆਂ ਨੂੰ ਧਿਰਕਾਰ

ਜਿਹੜੀ ਗੱਲ ਪੰਜਾਬ ਦਾ ਹਰ ਬੱਚਾ, ਬੀਬੀ, ਨੌਜਵਾਨ ਤੇ ਬਜ਼ੁਰਗ ਸਮਝ ਰਿਹਾ ਹੈ, ਉਹ ਗੱਲ ਪੰਜਾਬ ਦੇ ਵਿਕਾਊ ਆਗੂਆਂ ਤੇ ਅਖੌਤੀ ਬਾਬਿਆਂ ਨੂੰ ਸਮਝ ਕਿਉਂ ਨਹੀਂ ਪੈ ਰਹੀ! ਉਹ ਕਿਉਂ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਤਰਲੋਮੱਛੀ ਹੋਏ ਫਿਰਦੇ ਨੇ, ਹੋਰਾਂ ਨੂੰ ਤਾਂ ਛੱਡੋ ਇੱਥੇ ਤਾਂ ਬਾਬਾ ਧੁੰਮਾ ਵੀ ਭਾਜਪਾ ਦਾ ਝੰਡਾ ਚੁੱਕੀ ਫਿਰਦੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਆਰ ਐਸ ਐਸ, ਭਾਜਪਾ, ਭਗਵਾਂ ਬ੍ਰਿਗੇਡ ਤੇ ਸੰਘੀ ਲਾਣੇ ਦਾ ਏਜੰਡਾ ਹਿੰਦੂ ਰਾਸ਼ਟਰ ਦਾ ਹੈ ਤੇ ਉਹ ਸਿੱਖਾਂ ਦੀ ਵੱਖਰੀ ਪਛਾਣ ਮਿਟਾ ਦੇਣਾ ਚਾਹੁੰਦੇ ਨੇ ਤੇ ਗੁਰੂਆਂ ਦੇ ਪੰਜਾਬ ਨੂੰ ਭਗਵੇਂ ਰੰਗ 'ਚ ਰੰਗ ਦੇਣਾ ਚਾਹੁੰਦੇ ਨੇ। ਬਾਬੇ ਧੁੰਮੇ ਤੇ ਸਿਆਸੀ ਆਗੂਆਂ ਨਾਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਹ ਨੌਜਵਾਨ ਵਿਦਿਆਰਥੀ ਲੱਖ ਦਰਜ਼ੇ ਚੰਗੇ ਨੇ ਜੋ ਆਰ ਐਸ ਐਸ ਦਾ ਡੱਟ ਕੇ ਵਿਰੋਧ ਕਰ ਰਹੇ ਨੇ ਭਾਵੇਂ ਕਿ ਉਹਨਾਂ ਨੂੰ ਪੁਲਿਸ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਹ ਆਰ ਐਸ ਐਸ ਵਾਲੇ ਸਿੱਖ ਇਤਿਹਾਸ ਤੇ ਪੰਜਾਬ ਦੇ ਸੱਭਿਆਚਾਰ ਨੂੰ ਮਲੀਆਮੇਟ ਕਰ ਦੇਣਗੇ, ਇਹਨਾਂ ਦਾ ਵਿਰੋਧ ਓਵੇਂ ਹੀ ਲਾਜ਼ਮੀ ਹੈ ਜਿਵੇਂ ਅਠਾਰ੍ਹਵੀਂ ਸਦੀ 'ਚ ਸਿੰਘਾਂ-ਸੂਰਮਿਆਂ ਨੇ ਬਾਹਰੋਂ ਆਏ ਧਾੜਵੀਆਂ ਮੁਗਲਾਂ-ਪਠਾਣਾ ਤੇ ਅਫ਼ਗ਼ਾਨਾਂ ਦਾ ਕੀਤਾ ਸੀ ਤੇ ਲਹੂ-ਵਿੱਢਵਾਂ ਸੰਘਰਸ਼ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ। ਆਰ ਐਸ ਐਸ/ਭਾਜਪਾ ਨੂੰ ਭਲਾ ਕਿੱਥੋਂ ਚੇਤੇ ਆ ਗਿਆ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਸਮਾਗਮ, ਜਦ ਕਿ ਜਿੱਥੇ ਗੁਰੂ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਦਿੱਤੀ ਓਥੇ ਹੀ ਇਹਨਾਂ ਨੇ ਕਾਂਗਰਸੀਆਂ ਨਾਲ ਮਿਲ ਕੇ ਸਿੱਖਾਂ ਨੂੰ ਫੜ-ਫੜ ਕੇ ਗਲਾਂ 'ਚ ਟਾਇਰ ਪਾ ਕੇ ਸਾੜਿਆ, ਧੀਆਂ-ਭੈਣਾਂ ਦੀ ਪੱਤ ਰੋਲੀ, ਜਾਇਦਾਦਾਂ ਸਾੜੀਆਂ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਵੀ ਅੱਗ ਲਾ ਦਿੱਤੀ ਸੀ। ਇਹ ਸਾਡੀ ਨਸਲਕੁਸ਼ੀ ਕਰਨ, ਘੱਲੂਘਾਰੇ ਵਪਰਾਉਣ ਤੇ ਇਤਿਹਾਸ ਵਿਗਾੜਨ ਵਾਲੇ ਹਿੰਦੂਤਵੀਏ ਸਾਨੂੰ ਸਾਡਾ ਇਤਿਹਾਸ ਦੱਸਣਗੇ ? ਕੀ ਸਿੱਖ ਪੰਥ ਕੋਲ ਆਪਣੇ ਵਿਦਵਾਨ, ਕਥਾਵਾਚਕ, ਪ੍ਰਚਾਰਕ, ਖੋਜੀ, ਬੁੱਧੀਜੀਵੀ ਤੇ ਇਤਿਹਾਸਕਾਰਾਂ ਦੀ ਕਮੀ ਹੈ ? ਅਸਲ 'ਚ ਇਹ ਸੰਘੀ ਲਾਣਾ ਗੁਰਬਾਣੀ, ਇਤਿਹਾਸ ਤੇ ਸਿਧਾਂਤ ਦੀ ਆਪਣੇ ਬ੍ਰਾਹਮਣੀ ਏਜੰਡੇ ਅਨੁਸਾਰ ਵਿਆਖਿਆ ਕਰੇਗਾ ਜਿਵੇਂ ਬਾਬੇ ਧੁੰਮੇ ਨੇ ਨਾਗਪੁਰ, ਨੰਦੇੜ ਤੇ ਮੁੰਬਈ ਸਮਾਗਮਾਂ ਦੇ ਬਹਾਨੇ ਹਿੰਦੂਤਵ ਦਾ ਬੋਲਬਾਲਾ ਕੀਤਾ, ਹਿੰਦੂ ਕਰਮਕਾਂਡ ਕੀਤੇ ਤੇ ਵੱਖਰੀ ਸਿੱਖ ਕੌਮ ਨੂੰ ਸਨਾਤਨੀ ਬਣਨ ਦੇ ਬਾਗੇਸ਼ਵਰ ਵਾਲੇ ਤੋਂ ਐਲਾਨ ਕਰਵਾਏ। ਅੱਜ ਜਦੋਂ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਆਰ ਐਸ ਐਸ ਦੇ ਬੁਲਾਰਿਆਂ ਦਾ ਡੱਟਵਾਂ ਵਿਰੋਧ ਕੀਤਾ ਤਾਂ ਉਹਨਾਂ 'ਚ ਬਾਬਾ ਧੁੰਮਾਂ ਵੀ ਹੋਣਾ ਚਾਹੀਦਾ ਸੀ ਤਾਂ ਜੋ ਉਸਨੂੰ ਪਤਾ ਲੱਗਦਾ ਕਿ ਪੰਥ ਤੇ ਪੰਜਾਬ ਕੀ ਚਾਹੁੰਦਾ ਹੈ! ਸਿੱਖੋ ਇਹ ਗੱਲ ਯਾਦ ਰੱਖਿਓ ਜੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਪੰਥ ਤੇ ਪੰਜਾਬ-ਪ੍ਰਸਤਾਂ ਦਾ ਜਿਊਣਾ ਦੁੱਭਰ ਹੋ ਜਾਏਗਾ। ਪੰਥ ਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਅੱਤਵਾਦੀ ਤੇ ਦੇਸ਼ ਧ੍ਰੋਹੀ ਐਲਾਨਿਆ ਜਾਏਗਾ, ਯੂਏਪੀਏ ਤੇ ਐਨ ਐਸ ਏ ਲੱਗਿਆ ਕਰੇਗੀ ਤੇ ਜਿਹੜਾ ਵੀ ਸਿਰ ਚੁੱਕੇਗਾ ਫੇਹ ਦਿੱਤਾ ਜਾਏਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ, ਮਾਰਚਾਂ, ਪ੍ਰਦਰਸ਼ਨਾਂ ਤੇ ਸ਼ਹੀਦੀ ਸਮਾਗਮਾਂ 'ਤੇ ਪਾਬੰਦੀਆਂ ਲੱਗਣਗੀਆਂ ਓਦੋ ਬਾਬੇ ਧੁੰਮੇ ਤੇ ਚੇਲੇ-ਚਾਪਲੂਸ ਪੱਟਾਂ ਉਤੇ ਥਾਪੀਆਂ ਮਾਰ ਕੇ ਸਿੱਖਾਂ ਨੂੰ ਮਿਹਣੇ ਮਾਰਿਆ ਕਰਨਗੇ ਕਿ 'ਹੁਣ ਕਰੋ ਖ਼ਾਲਿਸਤਾਨ ਦੀ ਗੱਲ, ਫਿਰ ਤੁਹਾਡੇ ਪਟਾ ਫਿਰਾਉਂਨੇ ਆਂ।' ਇਸ ਲਈ ਜਾਗਰੂਕ ਹੋਵੋ ਖ਼ਾਲਸਾ ਜੀ! ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸੱਥ ਦੇ ਨੌਜਵਾਨਾਂ ਦਾ ਧੰਨਵਾਦ ਤੇ ਉਹਨਾਂ ਸਾਰੇ ਅਖੌਤੀ ਬਾਬਿਆਂ ਅਤੇ ਸਿਆਸੀ ਆਗੂਆਂ 'ਤੇ ਲਾਹਣਤ-ਧਿਰਕਾਰ ਜੋ ਭਾਜਪਾ ਦੇ ਪਿੱਠੂ ਬਣੇ ਹੋਏ ਹਨ।
 

       ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
           ਮੋ: 8872293883.

Posted By: GURBHEJ SINGH ANANDPURI

Loading…
Loading the web debug toolbar…
Attempt #