ਹੜ੍ਹ ਪੀੜਤਾਂ ਦੀ ਮਦਦ ਲਈ ਸਿੱਖਿਆ ਵਿਭਾਗ ਨੇ ਸੌਂਪਿਆ 18 ਲੱਖ ਦਾ ਚੈਕ
12 Sep, 2025 02:11 AM
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਭਾਗ ਦੀ ਇਸ ਪਹਿਲ ਦੀ ਕੀਤੀ ਪ੍ਰਸ਼ੰਸਾ
ਹੁਸ਼ਿਆਰਪੁਰ, 11 ਸਤੰਬਰ: ਨਜ਼ਰਾਨਾ ਟਾਈਮਜ ਬਿਊਰੋ
ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 18 ਲੱਖ ਰੁਪਏ ਦਾ ਚੈਕ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਟਾਂਡਾ ਦੇ ਐਸ.ਡੀ.ਐਮ. ਪਰਮਪ੍ਰੀਤ ਸਿੰਘ, ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸ਼ਰਮਾ ਸਮੇਤ ਵਿਭਾਗੀ ਅਧਿਕਾਰੀ ਤੇ ਪ੍ਰਿੰਸਿਪਲ ਖ਼ਾਸ ਤੌਰ 'ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿੱਖਿਆ ਵਿਭਾਗ ਦੀ ਇਸ ਸੰਵੇਦਨਸ਼ੀਲ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਆਈ ਕੁਦਰਤੀ ਆਫ਼ਤ ਨੇ ਕਈ ਪਰਿਵਾਰਾਂ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਅਜੇਹੇ ਸਮੇਂ ਹਰ ਵਰਗ ਦਾ ਸਹਿਯੋਗ ਬਹੁਤ ਕੀਮਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਪੁਨਰਵਾਸ ਕਾਰਜ ਯੁੱਧ ਪੱਧਰ 'ਤੇ ਚਲਾਇਆ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦਾ ਇਹ ਯੋਗਦਾਨ ਪ੍ਰਭਾਵਿਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਆਸ ਜਤਾਈ ਕਿ ਇਹ ਕਦਮ ਹੋਰ ਸੰਸਥਾਵਾਂ ਅਤੇ ਸੰਗਠਨਾਂ ਲਈ ਵੀ ਪ੍ਰੇਰਣਾ ਬਣੇਗਾ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਨੇ ਕਿਹਾ ਕਿ ਅਧਿਆਪਕ ਵਰਗ ਹਮੇਸ਼ਾਂ ਤੋਂ ਹੀ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਅਗਵਾਈ ਕਰਦਾ ਰਿਹਾ ਹੈ। ਇਹ ਯੋਗਦਾਨ ਵੀ ਉਸੇ ਭਾਵਨਾ ਦਾ ਪ੍ਰਤੀਕ ਹੈ ਕਿ ਮੁਸ਼ਕਲ ਵੇਲੇ ਪੀੜਤਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ।
ਇਸ ਮੌਕੇ ਪ੍ਰਿੰਸਿਪਲ ਸ਼ੈਲੰਦਰ ਠਾਕੁਰ, ਰਾਜਨ ਅਰੋੜਾ, ਸੰਜੀਵ ਕੁਮਾਰ, ਧਰਮਿੰਦਰ ਸ਼ਰਮਾ, ਕਰਨ ਸ਼ਰਮਾ, ਰਣਜੀਤ ਸਿੰਘ, ਦੀਪਕ ਸ਼ਰਮਾ, ਜਰਨੈਲ ਸਿੰਘ, ਚੰਦਰ ਮੋਹਨ ਸਮੇਤ ਹੋਰ ਅਧਿਆਪਕ ਅਤੇ ਅਧਿਕਾਰੀ ਵੀ ਹਾਜ਼ਰ ਸਨ।
Posted By: GURBHEJ SINGH ANANDPURI








