Nazrana Times

ਪੰਜਾਬੀ

ਫੈਡਰੇਸ਼ਨ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਸ੍ਰੀਨਗਰ ਵਿਖੇ ਸਮਾਗਮ 7 ਜੂਨ ਨੂੰ : ਭਾਈ ਚਰਨਦੀਪ ਸਿੰਘ ਖ਼ਾਲਸਾ

14 May, 2026 06:23 PM

ਅੰਮ੍ਰਿਤਸਰ, 14 ਮਈ , ਨਜ਼ਰਾਨਾ ਟਾਈਮਜ - ਜੂਨ 1984 ਦਾ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ 7 ਜੂਨ 2026 ਨੂੰ ਸ਼੍ਰੀ ਨਗਰ, ਕਸ਼ਮੀਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦੇਂਦੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੰਚ ਪ੍ਰਧਾਨੀ ਦੇ ਮੈਂਬਰ ਚਰਨਦੀਪ ਸਿੰਘ ਖਾਲਸਾ ਹੁਸ਼ਿਆਰਪੁਰ ਨੇ ਦੱਸਿਆ ਕੇ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹਜ਼ਾਰਾਂ ਨਿਹੱਥੇ ਅਤੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਆਪਣੇ ਪ੍ਰਾਣ ਵਾਰ ਦਿੱਤੇ। ਉਨ੍ਹਾਂ ਦਾ ਖੂਨ ਅੱਜ ਵੀ ਕੌਮ ਨੂੰ ਜ਼ੁਲਮ ਖਿਲਾਫ ਲੜਨ ਦਾ ਸੁਨੇਹਾ ਦਿੰਦਾ ਹੈ। ਸ਼੍ਰੀ ਨਗਰ ਦੀ ਧਰਤੀ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਇੱਥੋਂ ਦੀ ਸਿੱਖ ਸੰਗਤ ਨੇ 1984 ਦੇ ਜ਼ਖਮਾਂ ਨੂੰ ਹੰਢਾਇਆ ਹੈ। ਸਮਾਗਮ ਦੌਰਾਨ ਅਰਦਾਸ, ਕੀਰਤਨ ਅਤੇ ਵਿਦਵਾਨ ਬੁਲਾਰੇ ਸਾਕਾ ਨੀਲਾ ਤਾਰਾ ਦੇ ਕਾਰਨਾਂ ਅਤੇ ਦਿੱਲੀ ਦਰਬਾਰ ਦੀ ਸਿੱਖ-ਮਾਰੂ ਨੀਤੀ ਨੂੰ ਨੰਗਾ ਕਰਨਗੇ। ਫੈਡਰੇਸ਼ਨ ਸਪੱਸ਼ਟ ਕਰਦੀ ਹੈ ਕਿ ਜੂਨ 1984 ਦਾ ਇਨਸਾਫ ਲੈ ਕੇ ਰਹਾਂਗੇ। ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਕੌਮ ਦਾ ਰੋਸ ਸ਼ਾਂਤ ਨਹੀਂ ਹੋਵੇਗਾ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਵੱਧ-ਚੜ੍ਹ ਕੇ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ।

Posted By: GURBHEJ SINGH ANANDPURI

Latest News