Nazrana Times

ਪੰਜਾਬੀ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਘਰ-ਘਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ

26 Nov, 2026 09:27 PM

ਖਡੂਰ ਸਾਹਿਬ, 26 ਨਵੰਬਰ (ਰਵੀ ਖਹਿਰਾ): ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ‘ਆਓ ਪੰਜਾਬ ਦੇ ਵਾਰਿਸ ਬਣੀਏ’ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ), ਖਡੂਰ ਸਾਹਿਬ ਤੋਂ ਪੂਰੇ ਪੰਜਾਬ ਲਈ ਘਰ-ਘਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦਾ ਆਗਾਜ਼ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।

ਇਸ ਮੌਕੇ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਪੰਜਾਬ ਦੇ ਹਰ ਘਰ ਤੱਕ ਪਹੁੰਚਣ ਅਤੇ ਪਾਰਟੀ ਦੀ ਵਿਚਾਰਧਾਰਾ, ਨੀਤੀਆਂ ਤੇ ਪੰਜਾਬ ਅਤੇ ਪੰਥ ਨਾਲ ਸਬੰਧਤ ਮੁੱਦਿਆਂ ਬਾਰੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਸੰਕਲਪ ਲਿਆ।

ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਸਿਆਸੀ ਪ੍ਰਚਾਰ ਦੇ ਨਾਲ ਪੰਜਾਬ ਦੇ ਲੋਕਾਂ ਦੇ ਦੁੱਖ-ਦਰਦ ਨੂੰ ਨੇੜਿਓਂ ਸਮਝਣ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਣ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਿੰਡਾਂ, ਸ਼ਹਿਰਾਂ, ਗਲੀਆਂ ਅਤੇ ਮੁਹੱਲਿਆਂ ਤੱਕ ਪਹੁੰਚ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਰੇਗੀ।

ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪੰਜਾਬ ਦੇ ਹੱਕਾਂ, ਨੌਜਵਾਨਾਂ ਦੇ ਭਵਿੱਖ, ਨਸ਼ਿਆਂ ਦੀ ਗੰਭੀਰ ਸਮੱਸਿਆ, ਪੰਜਾਬ ਦੇ ਪਾਣੀਆਂ, ਕਿਸਾਨਾਂ ਦੇ ਮਸਲਿਆਂ ਅਤੇ ਹੋਰ ਅਹਿਮ ਲੋਕ ਮੁੱਦਿਆਂ ਬਾਰੇ ਸੰਗਤ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਸੰਗਤ ਪਾਰਟੀ ਦੀ ਅਸਲ ਤਾਕਤ ਹਨ। ਉਨ੍ਹਾਂ ਮੁਤਾਬਕ ਪਾਰਟੀ ਬੰਦ ਕਮਰਿਆਂ ਦੀ ਸਿਆਸਤ ਦੀ ਥਾਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਰਾਏ ਸੁਣਨ ਅਤੇ ਉਨ੍ਹਾਂ ਦੀਆਂ ਉਮੀਦਾਂ ਤੇ ਸਮੱਸਿਆਵਾਂ ਨੂੰ ਸਮਝਣ ਵਿੱਚ ਵਿਸ਼ਵਾਸ ਰੱਖਦੀ ਹੈ।

ਪਾਰਟੀ ਅਨੁਸਾਰ ਖਡੂਰ ਸਾਹਿਬ ਤੋਂ ਸ਼ੁਰੂ ਹੋਈ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ। ਪਾਰਟੀ ਦੇ ਆਗੂ, ਵਰਕਰ ਅਤੇ ਸੇਵਾਦਾਰ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨਗੇ।

ਪਾਰਟੀ ਆਗੂਆਂ ਨੇ ਕਿਹਾ ਕਿ ਇਹ ਮੁਹਿੰਮ ਪੰਜਾਬ ਦੀ ਸਿਆਸਤ ਵਿੱਚ ਲੋਕਾਂ ਨਾਲ ਸਿੱਧੇ ਰਾਬਤੇ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇਣ ਵੱਲ ਇੱਕ ਅਹਿਮ ਕਦਮ ਹੈ। ਪਾਰਟੀ ਨੇ ਲੋਕਾਂ ਨੂੰ ਮੁਹਿੰਮ ਨਾਲ ਜੁੜਨ, ਆਪਣੇ ਵਿਚਾਰ ਸਾਂਝੇ ਕਰਨ ਅਤੇ ਆਪਣੇ ਇਲਾਕਿਆਂ ਦੇ ਮਸਲੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਧਿਆਨ ਵਿੱਚ ਲਿਆਉਣ ਦੀ ਅਪੀਲ ਕੀਤੀ।

ਇਸ ਮੌਕੇ ਭਾਈ ਕਲਦਮਨਰੂਪ ਸਿੰਘ, ਭਾਈ ਅਰਜਿੰਦਰ ਸਿੰਘ ਹੀਰਾ, ਭਾਈ ਦਲਜੀਤ ਸਿੰਘ ਨੰਬਰਦਾਰ, ਸਰਦਾਰ ਸਰਬਜੀਤ ਸਿੰਘ ਬੰਟੀ, ਸਰਦਾਰ ਰਣਜੀਤ ਸਿੰਘ, ਸਰਦਾਰ ਗੁਰਦੇਵ ਸਿੰਘ, ਸਰਦਾਰ ਮਨਜੀਤ ਸਿੰਘ, ਸਰਦਾਰ ਬਲਬੀਰ ਸਿੰਘ, ਸਰਦਾਰ ਪਲਵਿੰਦਰ ਸਿੰਘ, ਸਰਦਾਰ ਹਰਦੇਵ ਸਿੰਘ, ਸਰਦਾਰ ਰਣਜੀਤ ਸਿੰਘ ਫੌਜੀ ਅਤੇ ਭਾਈ ਜੋਰਾਵਰ ਸਿੰਘ ਮੌਜੂਦ ਸਨ।

ਸਾਬਕਾ ਮੈਂਬਰ ਸਰਦਾਰ ਇਕਬਾਲ ਸਿੰਘ, ਬਾਬਾ ਬਲਵਿੰਦਰ ਸਿੰਘ ਜੀ, ਸਾਬਕਾ ਮੈਂਬਰ ਸਰਦਾਰ ਕੁਲਬੀਰ ਸਿੰਘ, ਸਰਦਾਰ ਨਿਰਮਲ ਸਿੰਘ, ਸਰਦਾਰ ਜਤਿੰਦਰ ਸਿੰਘ, ਸਰਦਾਰ ਇਕਬਾਲ ਸਿੰਘ ਚੌਧਰੀ, ਹਰਜਿੰਦਰ ਸਿੰਘ ਜਿੰਦਾ, ਸਰਦਾਰ ਮੰਗਲ ਸਿੰਘ, ਸੁਖਰਾਜ ਸਿੰਘ ਕੈਨੇਡਾ, ਇਕਬਾਲ ਖਾਨ, ਸਵਾਰਨ ਦੀਨ, ਸਾਹਿਬ ਦੀਨ ਅਤੇ ਹੀਰਾ ਦੀਨ ਵੀ ਹਾਜ਼ਰ ਸਨ।

Posted By: RAVINDER SINGH KHERA

Latest News