Nazrana Times

ਪੰਜਾਬੀ

ਪਿਛਲੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਆਪ ਵਿਧਾਇਕ ਗਿਆਸਪੁਰਾ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਦਾਖ਼ਲੇ ਤੋਂ ਰੋਕਿਆ, ਜਾਤੀ ਵਿਤਕਰੇ ਦੇ ਦੋਸ਼ ਝੂਠੇ

12 Oct, 2026 05:19 PM

ਸ੍ਰੀ ਅੰਮ੍ਰਿਤਸਰ, 12 ਅਕਤੂਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਆਮ ਆਦਮੀ ਪਾਰਟੀ (ਆਪ) ਨਾਲ ਸਬੰਧਤ ਪੰਜਾਬ ਦੇ ਕੁਝ ਵਿਧਾਇਕ ਤੇ ਆਗੂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਲੀ ’ਚ ਚੱਲ ਰਹੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੂਹ ਨਾਲ ਸਬੰਧਤ ਘਟਨਾਵਾਂ ਬਾਰੇ ਸ਼ਿਕਾਇਤ ਪੱਤਰ ਲੈ ਕੇ ਪੁੱਜੇ ਸਨ। ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਸ ਸ. ਬਗੀਚਾ ਸਿੰਘ ਨੇ ਵਿਧਾਇਕਾਂ ਪਾਸੋਂ ਸਤਿਕਾਰ ਸਹਿਤ ਪੱਤਰ ਪ੍ਰਾਪਤ ਕੀਤਾ। ਵਿਧਾਇਕਾਂ ਨੂੰ ਦੱਸਿਆ ਗਿਆ ਕਿ ਇਹ ਪੱਤਰ ਸਿੰਘ ਸਾਹਿਬ ਦੇ ਸਨਮੁਖ ਯੋਗ ਕਾਰਵਾਈ ਲਈ ਪੇਸ਼ ਕੀਤਾ ਜਾਵੇਗਾ। 

ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੋ ਬਾਕੀ ਵਿਧਾਇਕਾਂ ਨਾਲ ਪੁੱਜੇ ਸਨ ਉਨ੍ਹਾਂ ਨੂੰ ਬੀਤੇ ਸਮੇਂ ਵਿੱਚ ਸਿੱਖ ਸਖ਼ਸ਼ੀਅਤਾਂ ਤੇ ਸਿੱਖ ਸੰਸਥਾਵਾਂ ਵਿਰੁੱਧ ਕੀਤੀ ਬਦਜਬਾਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਡੀਆ ਨੂੰ ਦਿੱਤੇ ਉਸ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਖੰਡਨ ਕੀਤਾ ਕਿ ਉਨ੍ਹਾਂ ਨੂੰ ਜਾਤ ਅਧਾਰਤ ਵਿਤਕਰਾ ਕਰਦਿਆਂ ਅੰਦਰ ਜਾਣ ਤੋਂ ਰੋਕਿਆ ਗਿਆ। 

ਸ. ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਵਰਣਾਂ ਲਈ ਖੁੱਲ੍ਹੇ ਦਰਵਾਜ਼ੇ ਦੇ ਸਿਧਾਂਤ ਅਨੁਸਾਰ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਕਾਰਜ ਕਰਦਾ ਹੈ ਜਿੱਥੇ ਕੋਈ ਵੀ ਮਨੁੱਖ ਆ ਸਕਦਾ ਹੈ, ਪਰੰਤੂ ਵਿਧਾਇਕ ਗਿਆਸਪੁਰਾ ਨੂੰ ਰੋਕਣ ਦਾ ਕਾਰਨ ਬੀਤੇ ਸਮੇਂ ਉਨ੍ਹਾਂ ਵੱਲੋਂ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਸਥਾਵਾਂ ਪ੍ਰਤੀ ਕੀਤੀ ਭੱਦੀ, ਅਤਿ ਇਤਰਾਜ਼ਯੋਗ ਅਤੇ ਧਮਕੀ ਭਰੀ ਬਿਆਨਬਾਜ਼ੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਆਏ ਵਿਧਾਇਕਾਂ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ. ਦਲਬੀਰ ਸਿੰਘ ਅਤੇ ਮਹਿਲ ਕਲਾਂ ਤੋਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਲ ਸਨ, ਜੋ ਕਿ ਉਸੇ ਭਾਈਚਾਰੇ ਵਿੱਚੋਂ ਆਉਂਦੇ ਹਨ ਜਿਸ ਵਿੱਚੋਂ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਗਿਆਸਪੁਰਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਰੇ ਬਹੁਤ ਹੀ ਇਤਰਾਜ਼ਯੋਗ ਗੱਲਾਂ ਬੋਲੀਆਂ ਹਨ, ਜਿਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਗਿਆਸਪੁਰਾ ਨੂੰ ਆਪਣੇ ਦਿੱਤੇ ਝੂਠੇ ਅਤੇ ਗਲਤ ਪ੍ਰਾਪੇਗੰਡਾ ਵਾਲੇ ਬਿਆਨ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਿਆਸਪੁਰਾ ਵੱਲੋਂ ਕੇਂਦਰੀ ਸਿੱਖ ਅਸਥਾਨ ਉੱਤੇ ਆ ਕੇ ਅਜਿਹਾ ਝੂਠ ਬੋਲਣਾ ਅਤੇ ਗਲਤ ਪ੍ਰਾਪੇਗੰਡਾ ਕਰਨਾ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਜਿਸਦੀ ਜਿਤਨੀ ਨਿੰਦਾ ਹੋ ਸਕੇ ਘੱਟ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਕੋਈ ਜਾਤ-ਪਾਤ ਨਹੀਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਖੁਦ ਇੱਕ ਅੰਮ੍ਰਿਤਧਾਰੀ ਸਿੱਖ ਹਨ ਜਿਨ੍ਹਾਂ ਵੱਲੋਂ ਅਜਿਹਾ ਝੂਠਾ ਪ੍ਰਾਪੇਗੰਡਾ ਅਤਿ ਨਿੰਦਣਯੋਗ ਹੈ। 

ਦਿੱਲੀ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਦਾਖਲ ਹੋਏ ਧਰਨਾਕਾਰੀਆਂ ਅਤੇ ਪੁਲਿਸ ਸਬੰਧੀ ਸ. ਜਸਕਰਨ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਰਫ਼ੋਂ ਕਿਹਾ ਗੁਰਦੁਆਰਾ ਸਾਹਿਬਾਨ ਦੀ ਇੱਕ ਤੈਅ ਮਰਯਾਦਾ ਹੈ ਜਿਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰਮਤਿ ਫ਼ਲਸਫ਼ੇ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਸੰਘਰਸ਼ਾਂ ਤੋਂ ਬਿਨਾਂ ਸਿਆਸੀ ਸਰਗਰਮੀ ਜਾਂ ਰੋਸ ਪ੍ਰਰਦਰਸ਼ਨ ਗੁਰਦੁਆਰਾ ਸਾਹਿਬਾਨ ਦੇ ਅੰਦਰ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਕੋਈ ਵਿਰੋਧ ਪ੍ਰਦਰਸ਼ਨ ਦੇ ਬੈਨਰ ਤੇ ਤਖ਼ਤੀਆਂ ਲੈ ਕੇ ਗੁਰੂ ਘਰ ਦੇ ਅੰਦਰ ਜਾਇਆ ਜਾ ਸਕਦਾ ਹੈ। ਜੇਕਰ ਪੁਲਿਸ ਗੁਰੂ ਘਰ ਅੰਦਰ ਦਾਖਲ ਹੋਈ ਹੈ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੁੱਢਲੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਮਰਯਾਦਾ ਨੂੰ ਕਾਇਮ ਰੱਖਣਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਵੀ ਸ਼ਿਕਾਇਤਾਂ ਤੇ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ, ਜਿਨ੍ਹਾਂ ਦੀ ਘੋਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸਿਧਾਂਤ ਹੈ ਕਿ ਗੁਰੂ ਘਰ ਦੇ ਦਰਵਾਜ਼ੇ ਹਰ ਇੱਕ ਮਨੁੱਖ ਲਈ ਖੁੱਲ੍ਹੇ ਹਨ, ਇੱਥੇ ਮਰਯਾਦਾ ਅਨੁਸਾਰ ਕੋਈ ਆਵੇ ਉਸ ਦਾ ਸੁਆਗਤ ਹੈ ਪਰੰਤੂ ਗੁਰੂ ਘਰਾਂ ਨੂੰ ਸਿਆਸਤ ਤੇ ਧਰਨੇ ਪ੍ਰਦਰਸ਼ਨਾਂ ਦੇ ਪਲੇਟਫਾਰਮਾਂ ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਧਿਰ ਆਪਣੀ ਸਿਆਸਤ ਨੂੰ ਗੁਰਦੁਆਰਾ ਸਾਹਿਬਾਨ ਤੋਂ ਪਾਸੇ ਰੱਖੇ ਅਤੇ ਸਿੱਖ ਆਗੂ ਇਨ੍ਹਾਂ ਚੱਲਦੇ ਪ੍ਰਦਰਸ਼ਨਾਂ ਵਿੱਚ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। 

ਸ. ਜਸਕਰਨ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀਆਂ ਵੱਲੋਂ ਇਹ ਆਖਿਆ ਗਿਆ ਸੀ ਕਿ ਉਹ ਬਾਹਰ ਮੀਡੀਆ ਨੂੰ ਜਾ ਕੇ ਇਹ ਗੱਲ ਸਪੱਸ਼ਟ ਕਰਨ ਕਿ ਵਿਧਾਇਕਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਗਿਆ। ਲੇਕਿਨ ਸ. ਨਿੱਝਰ ਵੱਲੋਂ ਮੀਡੀਆ ਨੂੰ ਸੰਬੋਧਤ ਹੁੰਦਿਆਂ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ, ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ।

ਸ. ਜਸਕਰਨ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੇ ਆਉਣ ਸਬੰਧੀ ਸਰਕਾਰ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲਾਂ ਤੋਂ ਕੋਈ ਸਮਾਂ ਨਹੀਂ ਲਿਆ ਗਿਆ ਅਤੇ ਅੱਜ ਮਿਤੀ 12 ਅਕਤੂਬਰ ਸਵੇਰੇ ਕਰੀਬ 9:30 ਵਜੇ ਅੰਮ੍ਰਿਤਸਰ ਲੋਕ ਸੰਪਰਕ ਅਧਿਕਾਰੀ ਸ. ਇੰਦਰਜੀਤ ਸਿੰਘ ਹਰਪੁਰਾ ਦੀ ਤਰਫ਼ੋਂ ਫੋਨ ਉੱਤੇ ਹੀ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ੋਂ ਸਕੱਤਰੇਤ ਵਿਖੇ ਕੋਈ ਸੂਚੀ ਸਾਂਝੀ ਨਹੀਂ ਕੀਤੀ ਗਈ ਕਿ ਕਿਹੜੇ ਵਿਧਾਇਕ ਅੱਜ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਤਰਫ਼ੋਂ ਵਿਧਾਇਕਾਂ ਦੀ ਸੂਚੀ ਪਹਿਲਾਂ ਭੇਜੀ ਜਾਂਦੀ ਤੇ ਉਸ ਵਿੱਚ ਗਿਆਸਪੁਰਾ ਦਾ ਨਾਮ ਹੁੰਦਾ ਤਾਂ ਸਬੰਧਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਕਿ ਗਿਆਸਪੁਰਾ ਨੂੰ ਸਕੱਤਰੇਤ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

Posted By: GURBHEJ SINGH ANANDPURI

Latest News