Nazrana Times

ਪੰਜਾਬੀ

ਨਨਕਾਣਾ ਸਾਹਿਬ ’ਚ 557ਵੇਂ ਪ੍ਰਕਾਸ਼ ਪੁਰਬ ਦੇ ਗੁਰਮਤਿ ਸਮਾਗਮ ’ਚ ਸ਼ਾਮਲ ਹੋਏ ਜਥੇਦਾਰ ਗੜਗੱਜ, ਸੰਗਤ ਵੱਲੋਂ ਪ੍ਰਬੰਧਾਂ ਲਈ ਧੰਨਵਾਦ

24 Nov, 2026 05:30 AM

ਨਨਕਾਣਾ ਸਾਹਿਬ (ਨਜ਼ਰਾਨਾ ਟਾਈਮਜ਼): ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸਬੰਧੀ ਬੀਤੀ ਰਾਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਰਤ ਤੋਂ ਆਏ ਸਿੱਖ ਜਥੇ ਅਤੇ ਦੁਨੀਆ ਭਰ ਤੋਂ ਪਹੁੰਚੀ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਗੁਰਬਾਣੀ ਦਾ ਪਾਠ ਹੋਇਆ ਅਤੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਗੁਰਦੁਆਰਿਆਂ ਨੂੰ ਬਿਜਲੀ ਦੀਆਂ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ।

ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਸਿੰਧੀ ਭਾਈਚਾਰੇ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੁਰਾਣੀ ਰਵਾਇਤ ਅਨੁਸਾਰ ਹਰ ਪਰਿਵਾਰ ਦੇ ਪਹਿਲੇ ਬੱਚੇ ਦੀ ਪਰਵਰਿਸ਼ ਸਾਬਤ ਸੂਰਤ ਸਿੱਖ ਵਜੋਂ ਕਰਨ।

ਉਨ੍ਹਾਂ ਚੜ੍ਹਦੇ ਪੰਜਾਬ ਦੇ ਕੇਸ ਕਤਲ ਕਰਵਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੇ ਸਿੱਖਾਂ ਤੋਂ ਸਿੱਖਣ ਲਈ ਕਿਹਾ। ਜਥੇਦਾਰ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਨੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਸਿੱਖੀ ਨਹੀਂ ਛੱਡੀ ਅਤੇ ਉਨ੍ਹਾਂ ਮੁਤਾਬਕ ਉੱਥੇ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਵਾਉਂਦਾ। ਉਨ੍ਹਾਂ ਚੜ੍ਹਦੇ ਪੰਜਾਬ ਤੋਂ ਆਈ ਸੰਗਤ ਨੂੰ ਕਿਹਾ ਕਿ ਉਹ ਸ੍ਰੀ ਨਨਕਾਣਾ ਸਾਹਿਬ ਤੋਂ ਪਿਸ਼ਾਵਰੀ ਅਤੇ ਸਿੰਧੀ ਸੰਗਤ ਦੇ ਸੇਵਾ ਤੇ ਸ਼ਰਧਾ ਭਾਵ ਦੀ ਪ੍ਰੇਰਨਾ ਲੈ ਕੇ ਪਰਤੇ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਗੁਰਪੁਰਬ ਮੌਕੇ ਬੜੇ ਪਿਆਰ ਨਾਲ ਵੱਡੀਆਂ ਸੇਵਾਵਾਂ ਨਿਭਾਉਂਦੀਆਂ ਹਨ।

ਸ਼ਰਧਾਲੂਆਂ ਵੱਲੋਂ ਪ੍ਰਬੰਧਾਂ ਦੀ ਸ਼ਲਾਘਾ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਘੱਟਗਿਣਤੀ ਭਾਈਚਾਰਿਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਸੂਬਾਈ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨਾਲ ਮਿਲ ਕੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਇਸ ਮੌਕੇ ਪ੍ਰੋਫੈਸਰ ਡਾ. ਮਿੰਪਾਲ ਸਿੰਘ, ਕਮੇਟੀ ਦੀ ਜਨਰਲ ਸਕੱਤਰ ਸਤਵੰਤ ਕੌਰ, ਪ੍ਰੋਫੈਸਰ ਕਲਿਆਣ ਸਿੰਘ ਕਲਿਆਣ, ਸਾਬਕਾ ਪ੍ਰਧਾਨ ਸਰਦਾਰ ਤਾਰਾ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

ਧਾਰਮਿਕ ਅਸਥਾਨਾਂ ਬਾਰੇ ਵਧੀਕ ਸਕੱਤਰ ਨਾਸਿਰ ਮੁਸ਼ਤਾਕ, ਡਿਪਟੀ ਸਕੱਤਰ ਫ਼ਰਾਜ਼ ਅੱਬਾਸ ਅਤੇ ਡਿਪਟੀ ਸਕੱਤਰ ਮੁਹੰਮਦ ਉਸਮਾਨ ਆਪਣੇ ਸਟਾਫ਼ ਸਮੇਤ ਸ਼ਰਧਾਲੂਆਂ ਦੀ ਸੇਵਾ ਵਿੱਚ ਜੁਟੇ ਰਹੇ। ਸਿੱਖ ਸ਼ਰਧਾਲੂਆਂ ਨੇ ਵਧੀਆ ਪ੍ਰਬੰਧਾਂ ਲਈ ਪਾਕਿਸਤਾਨ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਦੌਰਾਨ ਕਮੇਟੀ ਦੇ ਬੁਲਾਰੇ ਖ਼ਾਵਰ ਬੇਗ ਨੇ ਨਜ਼ਰਾਨਾ ਟਾਈਮਜ਼ ਨੂੰ ਦੱਸਿਆ ਕਿ 24 ਨਵੰਬਰ ਦੇ ਮੁੱਖ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਮਹਿਮਾਨਨਿਵਾਜ਼ੀ ਦੀਆਂ ਰਵਾਇਤਾਂ ਅਨੁਸਾਰ ਸ਼ਰਧਾਲੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਲਈ ਰਿਹਾਇਸ਼, ਭੋਜਨ ਤੇ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ।

Posted By: Ali Imran Chattha

Latest News