Nazrana Times

ਪੰਜਾਬੀ

ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਾਪਰਿਆ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਅਤੇ ਪੰਥਕ ਏਕਤਾ ਲਈ ਹੀ ਸੀ- ਗਿਆਨੀ ਹਰਪ੍ਰੀਤ ਸਿੰਘ।

26 Oct, 2026 05:31 PM

ਚੰਡੀਗੜ੍ਹ , 26 ਅਕਤੂਬਰ ,ਮੰਗਤ ਸਿੰਘ ਸਾਇਦਪੁਰ , ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰਿਆ ਸਾਰਾ ਘਟਨਾਕ੍ਰਮ ਪੰਜਾਬ ਦੀ ਖੇਤਰੀ ਅਤੇ ਪੰਥਕ ਪਾਰਟੀ ਦੀ ਪੁਨਰ-ਸੁਰਜੀਤੀ ਵਾਸਤੇ ਹੀ ਸੀ। ਪਰ ਕੁਝ ਮਰਿਆਦਾ ਤੋਂ ਮੁਨਕਰ ਲੋਕਾਂ ਨੇ ਇਸ ਸਾਰੀ ਪ੍ਰਕਿਰਿਆ ਨੂੰ ਤਾਰਪੀਡੋ ਕਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਹੀ ਸਾਜ਼ਿਸ਼ੀ ਗਰਦਾਨ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਾਰੇ ਜਥੇਦਾਰ ਸਾਹਿਬਾਨ ਨੂੰ ਬੇਇੱਜ਼ਤ ਕਰਕੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਇਸ ਪੂਰੇ ਮਾਮਲੇ ਵਿੱਚ ਸ਼ਾਮਲ ਰਹੇ ਸਾਰੇ ਰਾਜਸੀ ਆਗੂ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਕੀਤਾ ਗਿਆ ਇਹ ਬਹੁਤ ਹੀ ਸਮਝਦਾਰੀ ਭਰਿਆ ਫੈਸਲਾ ਸੀ ਜੋ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੀ ਰਹਿਨੁਮਾਈ ਹੇਠ ਵਾਪਰਿਆ ਅਤੇ ਇਸਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ ਸੀ। ਸ੍ਰੀ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਕੀਤੀ ਜਾਣ ਵਾਲੀ ਭਰਤੀ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਕੋਈ ਵੀ ਪ੍ਰਧਾਨ ਚੁਣਿਆ ਜਾ ਸਕਦਾ ਸੀ। ਪਰ ਪ੍ਰਧਾਨਗੀ ਦੇ ਲਾਲਚ ਵਿੱਚ ਹਾਬੜੇ ਮਨੁੱਖ, ਜਿੰਨਾ ਨੂੰ ਆਪਣੀ ਯੋਗਤਾ 'ਤੇ ਕੋਈ ਭਰੋਸਾ ਨਹੀ ਸੀ, ਉਹ ਹੁਕਮਨਾਮਿਆ ਨੂੰ ਬਾਈਪਾਸ ਕਰਕੇ ਖੁਦ ਨੂੰ ਪ੍ਰਧਾਨ ਦੇ ਰੂਪ ਵਿੱਚ ਥੋਪਣ ਵਿੱਚ ਕਾਮਯਾਬ ਹੋ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਨੂੰ ਆਪਣੇ ਕਤਲ ਦੀ ਸਾਜਿਸ਼ ਦੱਸਣ ਵਾਲੇ ਹੁਣ ਕਿਹੜੇ ਮੂੰਹ ਨਾਲ ਪੰਥਕ ਏਕਤਾ ਦੀ ਦੁਹਾਈ ਦੇਂਦੇ ਹਨ। ਜੇ ਉਹ ਵਾਕਈ ਏਕਤਾ ਦੇ ਹਾਮੀ ਹਨ ਤਾਂ ਅੱਜ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਗੁਰੂ ਸਾਹਿਬ ਅਤੇ ਸਮੁੱਚੇ ਪੰਥ ਤੋਂ ਆਪਣੇ ਮੁਕਰ ਜਾਣ ਦੀ ਮਾਫੀ ਮੰਗਣ। ਸਿੱਖ ਪੰਥ ਅਤੇ ਪੰਜਾਬੀਆਂ ਨੂੰ ਯਕੀਨ ਹੋ ਜਾਵੇਗਾ ਕਿ ਪੰਥਕ ਏਕਤਾ ਲਈ ਉਹ ਦਿਲੋਂ ਸੁਹਿਰਦ ਹਨ। 
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪਾਰਟੀ ਆਗੂਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਏਕਤਾ ਸੰਬੰਧੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਜਰੂਰ ਧਿਆਨ ਵਿੱਚ ਰੱਖਿਆ ਕਰਨ। ਜਿਸ ਬਾਰੇ ਉਹਨਾਂ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਸੀ। ਅਹੁਦਿਆਂ ਦੇ ਲਾਲਚ ਜਾਂ ਸਤ੍ਹਾ ਦੀ ਲਾਲਸਾ ਤਹਿਤ ਕਿਸੇ ਨਾਲ ਮਿਲ ਜਾਣ ਨੂੰ ਪੰਥਕ ਏਕਤਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਇਸ ਨਾਲ ਨਾ ਪੰਥ ਦਾ ਭਲਾ ਹੋਵੇਗਾ, ਨਾ ਪੰਜਾਬ ਦਾ ਅਤੇ ਨਾ ਹੀ ਉਹਨਾਂ ਲਾਲਚੀ ਲੋਕਾਂ ਦਾ ਹੀ ਭਲਾ ਹੋਵੇਗਾ ਜੋ ਇਸ ਤਰਾਂ ਦੀ ਏਕਤਾ ਦੀ ਝਾਕ ਰੱਖਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਦਿੱਤੇ ਜਾਣ ਵਾਲੇ ਬਿਆਨਾਂ ਬਾਰੇ ਕਿਹਾ ਕਿ ਉਹ ਬਿਆਨ ਦੇਣ ਵਾਲੇ ਆਗੂਆਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਦੋ ਦਸੰਬਰ ਦੇ ਹੁਕਮਨਾਮਿਆਂ ਮੁਤਾਬਕ ਪੁਨਰ-ਸੁਰਜੀਤ ਹੋਏ ਅਕਾਲੀ ਦਲ ਦੀ ਨੀਤੀ ਅਤੇ ਸਿਧਾਂਤ ਨਾਲ ਉਹਨਾਂ ਬਿਆਨਾਂ ਦਾ ਕੋਈ ਸਬੰਧ ਨਹੀਂ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News