Nazrana Times

ਪੰਜਾਬੀ

ਪਹਿਲੀ ਮਿਲਣੀ ਬਣੀ ਆਖਰੀ !

14 Jun, 2026 02:33 AM

ਬੀਤੇ ਦਿਨੀਂ ਅਚਾਨਕ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਸਾਈਕਲ ਸਮੇਤ ਗੰਦੇ ਨਾਲ਼ੇ ‘ਚ ਡਿਗ ਕੇ ਜਾਨ ਗਵਾ ਗਏ ਵੀਰ ਸਵਰਨ ਸਿੰਘ ਭੰਗੂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ।ਪਰ ਪਿਛਲੇ ਸਾਲ ਸੰਨ 25 ਵਿੱਚ ਅਮਰੀਕਾ ਤੋਂ ਪਿੰਡ ਗਏ ਨੂੰ ਮੈਨੂੰ ਜਦ ਉਨ੍ਹਾਂ ਮੈਸੰਜਰ ‘ਤੇ ਸੁਨੇਹਾ ਭੇਜਿਆ ਕਿ ਜਾਂ ਤੁਸੀਂ ਚਮਕੌਰ ਸਾਹਬ ਆਉ ਜਾਂ ਮੈਨੂੰ ਦੱਸੋ ਮੈਂ ਆਵਾਂ ਤੁਹਾਨੂੰ ਮਿਲਣ।ਤਦ ਮੈਂ ਉਨ੍ਹਾਂ ਦੀ ਫੇਸ-ਬੁੱਕ ਪ੍ਰੋਫਾਈਲ ਖੰਘਾਲ਼ੀ ਤਾਂ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਲੋਕ-ਸੇਵਾ ਤੇ ਭੰਗੂ ਸਾਹਬ ਦੀ ਮਾਨਵਵਾਦੀ ਇਨਕਲਾਬੀ ਸੋਚ ਤੋਂ ਜਾਣੂ ਹੋਇਆ!
ਖੈਰ ਉਨ੍ਹਾਂ ਦੇ ਮੋਹ ਪਿਆਰ ਭਰੇ ਸੁਨੇਹੇ ਅਨੁਸਾਰ ਮੈਂ ਉਨ੍ਹਾਂ ਨੂੰ ਇੱਕ ਦਿਨ ਨਵਾਂਸ਼ਹਿਰ ਆਉਣ ਦਾ ਸੱਦਾ ਦਿੱਤਾ।ਦੋ ਢਾਈ ਘੰਟੇ ਵਿਚਾਰਾਂ ਦਾ ਖੂਬ੍ਹ ਅਦਾਨ-ਪ੍ਰਦਾਨ ਹੋਇਆ।ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਏਡਾ ਗੁਣਵਾਨ ਸੱਜਣ ਮੇਰੀ ਨਿਗੂਣੇ ਜਿਹੇ ਦੀ ਵੀ ਏਨੀ ਜਿਆਦਾ ਕਦਰ ਕਰਦਾ ਹੈ?ਉਸ ਮਿਲਣੀ ਤੋਂ ਬਾਅਦ ਮੈਂ ਸ਼ਰਮਿੰਦਗੀ ਦੇ ਅਹਿਸਾਸ ਨਾਲ ਸੋਚਦਾ ਰਿਹਾ ਕਿ ਸਹਿਜ ਸਾਦਗੀ ਦੀ ਮੂਰਤ ਇਸ ਮਹਾਨ ਸੱਜਣ ਨੂੰ ਮਿਲਣ ਵਾਸਤੇ ਤਾਂ ਮੈਨੂੰ ਖੁਦ ਚੱਲ ਕੇ ਸ੍ਰੀ ਚਮਕੌਰ ਸਾਹਿਬ ਜਾਣਾ ਚਾਹੀਦਾ ਸੀ!
ਹੁਣ ਜਦ ਭੰਗੂ ਸਾਹਬ ਨਾਲ ਹੋਏ ਅਣਕਿਆਸੇ ਹਾਦਸੇ ਦੀ ਖਬਰ ਪੜ੍ਹੀ ਸੁਣੀ ਤਾਂ ਮੈਂ ਸੁੰਨ ਹੋ ਕੇ ਰਹਿ ਗਿਆ! ਮੈਨੂੰ ਆਪਣੀ ਸਾਈਕਲ-ਸੈਰ ਕਰਨ ਵੇਲੇ ਦਾ ਚੇਤਾ ਆ ਗਿਆ….. ਪਿੰਡ ਰਹਿਣ ਦੌਰਾਨ ਮੈਂ ਵੀ ਲਾਗੇ ਦੇ ਪਿੰਡ ਚਕਲੀ ਸ਼ਜਾਇਤ ਦੀ ਨੈੜੀ ਦੇ ਬਿਨਾਂ ਰੇਲਿੰਗ ਵਾਲ਼ੇ ਪੁਲ਼ ਤੋਂ ਸਾਈਕਲ ‘ਤੇ ਲੰਘਣ ਵੇਲੇ ਡਿਗਣ ਤੋਂ ਸਹਿਮਿਆਂ ਡਰਦਾ ਚੁਕੰਨਾਂ ਹੋ ਜਾਂਦਾ ਹੁੰਦਾ ਸਾਂ…..!
 ਹੁਣ ਅਚਾਨਕ ਆ ਪਏ ਪਤੀ-ਵਿਛੋੜੇ ਨੂੰ ਬੀਬੀ ਗੁਰਪ੍ਰੀਤ ਕੌਰ ਭੰਗੂ,ਬੇਟਾ ਬਾਗੀ ਭੰਗੂ ਅਤੇ ਸਵਰਗੀ ਭੰਗੂ ਜੀ ਦੀ ਵਿੱਦਿਅਕ ਸੰਸਥਾ ਬਸੀ ਗੁੱਜਰਾਂ ਦੇ ਵਿਦਿਆਰਥੀ ਕਿਵੇਂ ਇਹ ਅਸਹਿ ਸੱਟ ਸਹਾਰਨਗੇ ??
 ‘ਮਰਜ਼ੀ ਨਾਲ ਨਹੀਂ ਜਾਂਦਾ
 ਮਰਜ਼ੀ ਨਾਲ ਨਹੀਂ ਮਰਦਾ
ਦੁਨੀਆਂਦਾਰ ਦੇ ਹੱਥਾਂ ਦੇ ਵਿਚ
 ਨਾ ਕੁੰਜੀ ਨਾ ਜੰਦਾ ਹੈ !’
(ਸਾਧੂ ਸਿੰਘ ਹਮਦਰਦ)


 ……ਵਿਲੱਖਣ ਵਿਚਾਰਾਂ ਵਾਲ਼ੇ ਨੇਕ ਇਨਸਾਨ ਭੰਗੂ ਜੀ ਦੀ ਅਚਨਚੇਤ ਜੀਵਨ-ਲੀਲ੍ਹਾ ਸਮਾਪਤ ਕਰ ਦੇਣ ਵਾਲ਼ੇ ਉਸ ਮਨਹੂਸ ਗੰਦੇ ਨਾਲ਼ੇ ਦੇ ਬਿਨਾਂ ਰੇਲਿੰਗ ਪੁਲ਼ ਉੱਤੇ ਜਿਵੇਂ ਹੁਣ ਕੁੱਝ ਮਾਨਵ-ਦਰਦੀ ਸੱਜਣਾ ਨੇ ਰੇਲਿੰਗ ਬਣਾ ਕੇ ਫਿੱਟ ਕਰ ਦਿੱਤੀ ਹੈ।ਉਸਨੂੰ ਦੇਖਦਿਆਂ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪਿਆਰੇ ਭੰਗੂ ਸਾਹਬ ਆਪਣਾ ਬਲੀਦਾਨ ਦੇ ਕੇ ਲੋਕਾਈ ਨੂੰ ਇਹ ਸੁਨੇਹਾ ਦੇ ਗਏ ਹਨ ਕਿ ਓ ਲੋਕੋ ! ਜਿਨ੍ਹਾਂ ਰਾਹ ਰਸਤਿਆਂ ਉੱਤੋਂ ਤੁਸੀਂ ਸਵੇਰ ਸ਼ਾਮ ਆਉਣਾ-ਜਾਣਾ ਹੈ,ਆਪਣੀ ਅਤੇ ਆਮ ਲੋਕਾਈ ਦੀ ਸੁਰੱਖਿਆ ਵਾਸਤੇ ਉਨ੍ਹਾਂ ਰਾਹਾਂ ਦੀ ਸਾਰ ਲਵੋ !
ਭੰਗੂ ਸਾਹਬ ਦੇ ਅਤਿ ਦੁਖਦਾਈ ਵਿਛੋੜੇ ਦਾ ਵਾਸਤਾ ਹੈ ਦੋਸਤੋ,ਆਪਣੇ ਲਾਗੇ ਦੇ ਜਿਸ ਵੀ ਪੁਲ਼ ਜਾਂ ਕਿਸੇ ਪੁਲ਼ੀ ਉੱਤੇ ਲੁੜੀਂਦੀ ਰੇਲਿੰਗ ਵਗੈਰਾ ਨਹੀਂ ਹੈ,ਉੱਥੇ ਰੇਲਿੰਗ ਬਣਾਉਣ ਲਈ ਅੱਜ ਹੀ ਕਮਰਕੱਸੇ ਕਰੋ ! ਕਿਤੇ ਕੂਹਣੀ-ਮੋੜ ਉੱਤੇ ਸ਼ੀਸ਼ਾ ਲਗਵਾਉਣ ਦੀ ਲੋੜ ਹੋਵੇ ਉੱਥੇ ਸ਼ੀਸ਼ੇ ਦਾ ਬੰਦੋਬਸਤ ਕਰੋ।ਹੋਰ ਬੇਲੋੜੇ ਟੂਰਨਾਮੈਂਟ,ਕਥਿੱਤ ਸੱਭਿਆਚਾਰਕ ਮੇਲਿਆਂ ਅਤੇ ‘ਪ੍ਰਲੋਕ ਸੁਧਾਰਨ’ ਦੇ ਅਡੰਬਰੀ ਕਰਮ-ਕਾਂਡਾਂ ਦਾ ਖਹਿੜਾ ਛੱਡ ਕੇ,ਆਪਣੇ ਏਸ ਜਹਾਨ ਦੇ ਰਾਹ-ਰਸਤੇ ਸਵਾਰ ਲਈਏ ਤਾਂ ਕਿ ਭੰਗੂ ਸਾਹਬ ਵਰਗੇ ਸਮਾਜ ਸੁਧਾਰਕ ਸੱਜਣ ਸੁਹੇਲਿਆਂ ਨੂੰ ਮਾਨਵ-ਸੇਵਾ ਦੇ ਕਾਰਜ ਵਿੱਚ-ਵਿਚਾਲ਼ੇ ਛੱਡ ਕੇ ਏਦਾਂ ਕੀਮਤੀ ਜਾਨ ਨਾ ਗਵਾਉਣੀ ਪਵੇ !
 ਇਨ੍ਹਾਂ ਸਤਰਾਂ ਨੂੰ ਕੋਈ ਮਹਿਜ ਅਖਬਾਰੀ ਲਿਖਤ ਹੀ ਨਾ ਸਮਝਣਾ ਦੋਸਤੋ ਸਗੋਂ ਸਾਰੇ ਪੰਜਾਬ ਵਾਸੀਆਂ ਅੱਗੇ ਇਨ੍ਹਾਂ ਕਰੁਣਾਮਈ ਸ਼ਬਦਾਂ ਵਿੱਚ ਮੈਂ ਆਪਣੇ ਦਿਲ ਦੀ ਦਰਦ-ਵਿੰਨ੍ਹੀਂ ਹੂਕ ਰੱਖ ਰਿਹਾ ਹਾਂ ਪਿਆਰਿਉ !
ਬਿਛੜਾ ਕੁਛ ਇਸ ਤਰਹ ਸੇ ਕਿ ਰੁੱਤ ਹੀ ਬਦਲ ਗਈ
ਇਕ ਸ਼ਖਸ਼ ਸਾਰੇ ਸ਼ਹਰ ਕੋ ਵੀਰਾਨ ਕਰ ਗਯਾ।’
 (ਖ਼ਾਲਿਦ ਸ਼ਰੀਫ)
ਤਰਲੋਚਨ ਸਿੰਘ ‘ਦੁਪਾਲ ਪੁਰ’
001-408-905-5517
tsdupalpuri@yahoo.com

Posted By: Tarlochan Singh Dupalpur

Latest News