Nazrana Times

ਪੰਜਾਬੀ

ਇੰਦਰਾ ਗਾਂਧੀ ਨੂੰ ਸੋਧਣ ਵਾਲੇ ਯੋਧਿਆਂ ਦੇ ਪਰਿਵਾਰ ਕੀ ਹੁਣ ਇੱਕ-ਦੂਜੇ ਖ਼ਿਲਾਫ਼ ਹੀ ਚੋਣਾਂ ਲੜਨਗੇ ?

11 Aug, 2026 10:28 PM

ਜਗਰਾਉਂ, 11 ਅਗਸਤ (ਕੁਲਵਿੰਦਰ ਸਿੰਘ ਚੰਦੀ): ਅੱਜ ਇਹ ਸਵਾਲ ਅਤੇ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਕੀ ਹੁਣ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਯੋਧਿਆਂ ਦੇ ਪਰਿਵਾਰ ਹੁਣ ਇੱਕ-ਦੂਜੇ ਖ਼ਿਲਾਫ਼ ਹੀ ਚੋਣਾਂ ਲੜਨਗੇ ? ਇੱਕ ਪਾਸੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਕੁਝ ਦਿਨ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤੇ ਹੁਣ ਬੀਤੇ ਕੱਲ ਉਸੇ ਹਲਕੇ ਤੋਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਨੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਭਾਈ ਸਤਵੰਤ ਸਿੰਘ ਨੂੰ ਉਥੋਂ ਆਪਣੀ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਹੈ। ਦੋਵੇਂ ਪੰਥਕ ਚਿਹਰੇ ਅਤੇ ਦੋਵੇਂ ਸ਼ਹੀਦ ਪਰਿਵਾਰ ਇੱਕੋ ਹਲਕੇ ਵਿੱਚ ਖੜਨ ਨਾਲ ਸੰਗਤਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਆਪਣੀ ਸਕੀ ਭੈਣ ਬੀਬੀ ਅੰਮ੍ਰਿਤ ਕੌਰ ਮਲੋਆ ਨਾਲ ਬਣਦੀ ਨਹੀਂ ਸੀ ਇਸ ਕਰਕੇ ਅਨੁਮਾਨ ਇਹ ਵੀ ਲਗਾਏ ਜਾ ਰਹੇ ਹਨ ਕਿ ਬੀਬੀ ਅਮਰਿਤ ਕੌਰ ਖਿਲਾਫ ਭਾਈ ਸਰਬਜੀਤ ਸਿੰਘ ਨੇ ਜਾਣਬੁੱਝ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਸ਼ਹੀਦ ਭਾਈ ਕੇਹਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਨੂੰ ਟਿਕਟ ਦਿਵਾ ਦਿੱਤੀ ਹੈ। ਇਸੇ ਟਿਕਟ ਨੂੰ ਦੇਣ ਸਮੇਂ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਵੀ ਨਾਲ ਸਨ। ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਪਹਿਲਾਂ ਦੋਵਾਂ ਪਰਿਵਾਰਾਂ ਨੂੰ ਬਿਠਾ ਕੇ ਸਹਿਮਤੀ ਬਣਾਉਂਦੇ ਤੇ ਫਿਰ ਹੀ ਟਿਕਟ ਦਾ ਐਲਾਨ ਕੀਤਾ ਜਾਂਦਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਲਕੇ ਤੋਂ ਸ਼ਹੀਦ ਭਾਈ ਕੇਹਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਪਿੱਛੇ ਹਟਦੇ ਹਨ ਜਾਂ ਫਿਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ। ਤੇ ਜਾਂ ਫਿਰ ਦੋਨੇ ਹੀ ਇੱਕ ਦੂਜੇ ਦੇ ਖਿਲਾਫ ਲੜਨਗੇ। ਤਰਨ ਤਾਰਨ ਦੀ ਜਿਮਨੀ ਚੋਣ ਸਮੇਂ ਵੀ ਬੀਬੀ ਅਮਰਿਤ ਕੌਰ ਮਲੋਆ ਨੇ ਐਲਾਨ ਕੀਤਾ ਸੀ ਕਿ ਉਹ ਉਥੋਂ ਆਜ਼ਾਦ ਚੋਣ ਲੜਨਗੇ ਪਰ ਜਦੋਂ ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਨੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਸੀ ਤਾਂ ਬੀਬੀ ਅੰਮ੍ਰਿਤ ਕੌਰ ਮਲੋਆ ਬੜੇ ਹੀ ਸਿਆਣਪ ਨਾਲ ਆਪਣਾ ਨਾਮ ਪਿੱਛੇ ਲੈ ਗਏ ਸਨ। ਹੁਣ ਵੇਖਣਾ ਇਹ ਵੀ ਹੋਵੇਗਾ ਕਿ ਕੀ ਬੀਬੀ ਅੰਮ੍ਰਿਤ ਕੌਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਿਸੇ ਹੋਰ ਹਲਕੇ ਤੋਂ ਚੋਣ ਲੜਾਈ ਜਾਂਦੀ ਹੈ ਜਾਂ ਬੀਬੀ ਜੀ ਇਸ ਹਲਕੇ ਤੋਂ ਜਾਂ ਕਿਸੇ ਹੋਰ ਹਲਕੇ ਤੋਂ ਆਜ਼ਾਦ ਚੋਣ ਹੀ ਲੜਨਗੇ। ਇਹ ਵੀ ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਿਤਾ ਜੀ ਅਤੇ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਪੰਥਕ ਧਿਰਾਂ ਵੱਲੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਸਨ। ਹੁਣ ਇਸ ਸਮੇਂ ਉਹਨਾਂ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਵੀ ਮੈਂਬਰ ਪਾਰਲੀਮੈਂਟ ਹੈ ਤੇ ਹੁਣ ਬੀਬੀ ਅੰਮ੍ਰਿਤ ਕੌਰ ਨੇ ਵੀ ਚੋਣ ਲੜਨ ਦੀ ਪੂਰੀ ਤਿਆਰੀ ਕੀਤੀ ਹੈ। ਇਹ ਵੀ ਗੱਲ ਚਰਚਾ ਵਿੱਚ ਹੈ ਕਿ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਵੀ ਗੁਰਦਾਸਪੁਰ ਵਾਲੇ ਹਲਕੇ ਵਾਲੇ ਪਾਸੋਂ ਚੋਣ ਲੜ ਸਕਦੇ ਹਨ। ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਵੀ ਤਰਨ ਤਾਰਨ ਤੋਂ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਨਰਾਜ ਹੋਏ ਪਏ ਹਨ। ਇਸ ਸਮੇਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਪੂਰੀ ਚਰਚਾ ਵਿੱਚ ਹੈ ਤੇ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਜਿਤਾਉਣ ਲਈ ਭਰਵਾ ਹੁੰਗਾਰਾ ਮਿਲ ਰਿਹਾ ਹੈ। ਪਰ ਆਪਸੀ ਖਿੱਚੋਤਾਣ ਨੇ ਕੌਮ ਦਾ ਨੁਕਸਾਨ ਕਰਵਾ ਦੇਣਾ ਹੈ।

Posted By: GURBHEJ SINGH ANANDPURI

Latest News