Nazrana Times

ਪੰਜਾਬੀ

ਮੇਰੇ ਨਾਂ ਨਾਲ ‘ਦਮਦਮੀ ਟਕਸਾਲ’ ਕਿਵੇਂ ਜੁੜਿਆ ? ਰਣਜੀਤ ਸਿੰਘ ਦਮਦਮੀ ਟਕਸਾਲ

28 Nov, 2026 11:21 PM

ਮੇਰੇ ਨਾਂ ਨਾਲ ‘ਦਮਦਮੀ ਟਕਸਾਲ’ ਕਿਵੇਂ ਜੁੜਿਆ ?

ਜਦੋਂ ਅਸੀਂ ਸਿੱਖ ਸੰਘਰਸ਼ ਦੇ ਜੁਝਾਰੂ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਬਾਬਾ ਗੁਰਨਾਮ ਸਿੰਘ ਬੰਡਾਲਾ ਜੀ ਦੇ ਨਾਲ ਰਹਿੰਦੇ ਸੀ ਤਾਂ ਉਹਨਾਂ ਨੇ ਮੇਰਾ ਨਾਂ ‘ਰਣਜੀਤ ਸਿੰਘ ਢੱਡਰੀਆਂ ਵਾਲਾ’ ਅਤੇ ਮੇਰੇ ਦੋਸਤ ਸਿਮਰਨਜੀਤ ਸਿੰਘ ਦਾ ਨਾਂ ‘ਸਿਮਰਨਜੀਤ ਸਿੰਘ ਮਾਨ’ ਪਾ ਦਿੱਤਾ। ਸਾਥੀਆਂ ਅਤੇ ਟਕਸਾਲ ਵਿੱਚ ਇਹ ਨਾਂ ਐਨੇ ਮਸ਼ਹੂਰ ਹੋ ਗਏ ਕਿ ਸਾਨੂੰ ਸਾਰੇ ਹੀ ਇਹਨਾਂ ਨਾਵਾਂ ਨਾਲ ਬੁਲਾਉਣ ਲੱਗ ਪਏ।

ਕਿਸੇ ਨੇ ਮੈਨੂੰ ਕਹਿਣਾ, “ਤੂੰ ਢੱਡਰੀਆਂ ਵਾਲੇ ਵਾਂਗ ਸੋਹਣਾ ਬਹੁਤ ਹੈਂ। ਤੂੰ ਧਾਰਨਾ ਵਾਲਾ ਕੀਰਤਨ ਸਿੱਖ ਲੈ ਤੇ ਸੰਤ ਬਣ ਜਾ।” ਕਿਸੇ ਨੇ ਕਹਿਣਾ, “ਤੂੰ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਵਾਂਗ ਗੋਲੂ-ਮੋਲੂ ਲੱਗਦਾ ਹੈਂ।” ਕਿਸੇ ਨੇ ਕਹਿਣਾ, “ਤੂੰ ਕੈਨੇਡਾ-ਅਮਰੀਕਾ ਜਾ ਕੇ ਗੋਰਿਆਂ ਵਿੱਚ ਪ੍ਰਚਾਰ ਕਰਿਆ ਕਰ।”

ਪਰ ਮੈਂ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਚੌਦ੍ਹਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਅਤੇ ਸੰਘਰਸ਼ ਤੋਂ ਐਨਾ ਪ੍ਰਭਾਵਿਤ ਸੀ ਕਿ ਮੈਂ ਉਹਨਾਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਪਹਿਰਾ ਦੇਣਾ ਚਾਹੁੰਦਾ ਸੀ। ਮੈਨੂੰ ਆਪਣੇ ਨਾਂ ਨਾਲ ‘ਦਮਦਮੀ ਟਕਸਾਲ’ ਲਾ ਕੇ ਬੜਾ ਫ਼ਖ਼ਰ ਮਹਿਸੂਸ ਹੁੰਦਾ ਸੀ।

ਇੱਕ ਦਿਨ ਮੈਂ ਬਾਬਾ ਬੰਡਾਲਾ ਜੀ ਨੂੰ ਆਖਿਆ ਕਿ “ਮੈਨੂੰ ਢੱਡਰੀਆਂ ਵਾਲਾ ਨਾ ਆਖਿਆ ਕਰੋ, ਮੈਂ ਢੱਡਰੀਆਂ ਵਾਲਾ ਨਹੀਂ ਬਣਨਾ।”

ਬਾਬਾ ਜੀ ਹੱਸ ਪਏ ਤੇ ਕਹਿਣ ਲੱਗੇ, “ਲੈ, ਐਨਾ ਸੋਹਣਾ ਨਾਂ ਹੈ। ਤੂੰ ਸੋਹਣਾ ਵੀ ਢੱਡਰੀਆਂ ਵਾਲੇ ਵਾਂਗ ਹੈਂ। ਗੋਰਾ ਰੰਗ, ਚਿੱਟੇ ਹੱਥ-ਪੈਰ, ਪਤਲਾ ਸਰੀਰ ਤੇ ਛੋਟੀ ਜਿਹੀ ਉਮਰ। ਤੂੰ ਧਾਰਨਾਵਾਂ ਵਾਲਾ ਕੀਰਤਨ ਤੇ ਖੁੱਲ੍ਹਾ ਪ੍ਰਚਾਰ ਕਰਿਆ ਕਰ। ਨਾਲੇ ਗੁਰੂ ਸਾਹਿਬ ਨਾਲ ਸੰਗਤ ਜੋੜੇਂਗਾ, ਨਾਲੇ ਮਾਇਆ-ਗੱਡੀਆਂ ਵੀ ਆ ਜਾਣੀਆਂ।”

ਮੈਂ ਕਿਹਾ, “ਨਹੀਂ ਬਾਬਾ ਜੀ! ਤੁਸੀਂ ਸੰਤ ਭਿੰਡਰਾਂਵਾਲਿਆਂ ਅਤੇ ਜਿਹੜੇ ਜੁਝਾਰੂ ਸਿੰਘਾਂ ਤੇ ਸ਼ਹੀਦਾਂ ਦੀਆਂ ਸਾਨੂੰ ਰੋਜ਼ ਗੱਲਾਂ ਸੁਣਾਉਂਦੇ ਹੋ, ਜਿਨ੍ਹਾਂ ਦੀ ਯਾਦ ਵਿੱਚ ਅਸੀਂ ਹਰ ਰੋਜ਼ ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠ ਸਾਹਿਬ ਤੇ ਗੁਰਮਤਿ ਸਮਾਗਮ ਕਰਦੇ ਹਾਂ, ਮੈਂ ਉਹਨਾਂ ਦਾ ਵਾਰਸ ਬਣਨਾ ਹੈ। ਮੈਂ ਦਮਦਮੀ ਟਕਸਾਲ ਦਾ ਸਿੰਘ ਬਣਨਾ ਹੈ। ਮੈਂ ਖ਼ਾਲਸਾ ਪੰਥ, ਸੰਤ ਭਿੰਡਰਾਂਵਾਲਿਆਂ ਅਤੇ ਦਮਦਮੀ ਟਕਸਾਲ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਹੈ।”

ਬਾਬਾ ਜੀ ਕਹਿਣ ਲੱਗੇ, “ਫਿਰ ਤਾਂ ਤੂੰ ਟਕਸਾਲ ਦਾ ਯੋਧਾ ਬਣਨਾ ਹੈ ਤੇ ਸਰਕਾਰ ਵਿਰੁੱਧ ਸੰਘਰਸ਼ ਲੜਨਾ ਹੈ। ਅੱਜ ਤੋਂ ਤੈਨੂੰ ਰਣਜੀਤ ਸਿੰਘ ਢੱਡਰੀਆਂ ਵਾਲਾ ਨਹੀਂ, ਰਣਜੀਤ ਸਿੰਘ ਦਮਦਮੀ ਟਕਸਾਲ ਕਿਹਾ ਕਰਾਂਗੇ।”

ਉਸ ਵੇਲੇ ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਨੂੰ ਦਮਦਮੀ ਟਕਸਾਲ ਜਥੇਬੰਦੀ ਉੱਤੇ ਬੜਾ ਮਾਣ ਸੀ। ਆਪਣੇ ਨਾਂ ਨਾਲ ‘ਦਮਦਮੀ ਟਕਸਾਲ’ ਅਖਵਾਉਣਾ ਤੇ ਲਿਖਣਾ ਮੈਨੂੰ ਬੜਾ ਚੰਗਾ ਲੱਗਦਾ ਸੀ। ਓਦੋਂ ਤੋਂ ਹੀ ਟਕਸਾਲ ਵਿੱਚ ਮੇਰੀ ਪਛਾਣ ‘ਰਣਜੀਤ ਸਿੰਘ ਦਮਦਮੀ ਟਕਸਾਲ’ ਵਜੋਂ ਬਣਨ ਲੱਗ ਪਈ ਸੀ।

ਉਹਨਾਂ ਦਿਨਾਂ ਵਿੱਚ ਬਾਬਾ ਗੁਰਨਾਮ ਸਿੰਘ ਬੰਡਾਲਾ ਜੀ ਵੱਲੋਂ ਦਮਦਮੀ ਟਕਸਾਲ ਦਾ 'ਜ਼ਿੰਦਾ ਜ਼ਮੀਰ’ ਮੈਗਜ਼ੀਨ ਛਾਪਿਆ ਜਾਂਦਾ ਸੀ। ਸ਼ੁਰੂ ਵਿੱਚ ਉਸ ਵਿੱਚ ਮੇਰਾ ਨਾਂ ਕਦੇ ‘ਰਣਜੀਤ ਸਿੰਘ ਛੋਟਾ ਢੱਡਰੀਆਂ ਵਾਲਾ’, ਕਦੇ ‘ਰਣਜੀਤ ਸਿੰਘ ਅਮਨ’, ‘ਰਣਜੀਤ ਸਿੰਘ ਪੱਟੀ’, ‘ਰਣਜੀਤ ਸਿੰਘ ਸੁਲਤਾਨਵਿੰਡ’ ਅਤੇ ‘ਰਣਜੀਤ ਸਿੰਘ ਅੰਮ੍ਰਿਤਸਰ’ ਛਪਦਾ ਰਿਹਾ। ਬਾਅਦ ਵਿੱਚ ‘ਭਾਈ ਰਣਜੀਤ ਸਿੰਘ ਦਮਦਮੀ ਟਕਸਾਲ’ ਛਪਣ ਲੱਗ ਪਿਆ।

ਫਿਰ ਟਕਸਾਲ ਵਿੱਚ ਵਾਪਸ ਆਉਣ ਤੋਂ ਬਾਅਦ ਜਦੋਂ ਮੈਂ ਪੰਥਕ ਸਫ਼ਾਂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵਿੱਚ ਸਰਗਰਮ ਹੋਇਆ ਤਾਂ ‘ਰਣਜੀਤ ਸਿੰਘ ਦਮਦਮੀ ਟਕਸਾਲ’ ਨਾਂ ਹੀ ਮੇਰੀ ਪਛਾਣ ਬਣ ਗਿਆ। ਇਹ ਪਛਾਣ ਹਰ ਵੇਲੇ ਮੈਨੂੰ ਸੰਤ ਭਿੰਡਰਾਂਵਾਲਿਆਂ, ਸ਼ਹੀਦਾਂ, ਯੋਧਿਆਂ ਅਤੇ ਸਿੱਖ ਕੌਮ ਪ੍ਰਤੀ ਆਪਣੇ ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੀ ਰਹਿੰਦੀ ਹੈ।

 ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: +91 88722293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News