ਹੁਣ 2027 ਦੀ ਚੋਣ ਵਿੱਚ ਬਾਪੂ ਨਹੀਂ ਧੀਆਂ ਪੁੱਤ ਕਰਨਗੇ ਫੈਸਲਾ- ਇਕੱਠ ਦੀ ਭਵਿੱਖਬਾਣੀ
• 25 ਹਜ਼ਾਰ ਦੇ ਕਰੀਬ ਸੰਗਤਾਂ ਅੰਮ੍ਰਿਤਪਾਲ ਦੀ ਇੱਕ ਝਲਕ ਵੇਖਣ ਲਈ ਆਈਆਂ।
• 80 ਫੀਸਦ ਨੌਜਵਾਨ ਸਨ ਅਤੇ ਉਹ ਵੀ ਮਾਲਵੇ ਵਾਲੇ ਇਲਾਕੇ ਤੋਂ।
• ਨੌਜਵਾਨਾਂ ਵਿੱਚ ਉਤਸ਼ਾਹ ਤੇ ਜਜ਼ਬੇ ਭਰ ਜੋਬਨ ਵਿੱਚ ਸਨ।
• ਲੀਡਰਸ਼ਿਪ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਘੱਟ ਕਿਉਂ- ਸੰਗਤਾਂ ਦਾ ਇਤਰਾਜ਼.
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਦੋਸਤੋ, ਹਰ ਇਕੱਠ ਨੂੰ ਪੜ੍ਹਨਾ, ਵੇਖਣਾ, ਮਹਿਸੂਸ ਕਰਨਾ ਤੇ ਪਰਖਣਾ ਇਨਾ ਆਸਾਨ ਨਹੀਂ ਹੁੰਦਾ। ਅਤੇ ਨਾਲੇ ਹਰ ਇਕੱਠ ਇੱਕ ਨਵਾਂ ਸੰਦੇਸ਼ ਵੀ ਲੈ ਕੇ ਆਉਂਦਾ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ ਉਸ ਇਕੱਠ ਦੇ ਮਨੋਵਿਗਿਆਨ ਨੂੰ ਸਮਝਦੇ ਹੋਵੋ।
ਜਲੂਪੁਰ ਖੇੜੇ ਵਾਲੇ ਇਕੱਠ ਵਿੱਚ ਦੋ ਵੱਡੀਆਂ ਗੱਲਾਂ ਮੈਂ ਮਹਿਸੂਸ ਕੀਤੀਆਂ। ਇਕ ਤਾਂ ਇਹ ਇਕੱਠ ਆਕਾਰ ਅਤੇ ਗਿਣਤੀ ਵਿੱਚ ਬਹੁਤ ਵੱਡਾ ਸੀ ਅਤੇ ਇਸ ਤੋਂ ਵੀ ਵੇਖਣ ਵਾਲੀ ਗੱਲ ਇਹ ਸੀ ਕਿ ਇਸ ਇਕੱਠ ਵਿੱਚ 80 ਫੀਸਦ ਜਵਾਨੀ ਸੀ।ਤੁਹਾਡੇ ਪੱਤਰਕਾਰ ਨੇ ਕੋਈ ਦੱਸ ਨਿੱਕੀਆਂ ਨਿੱਕੀਆਂ ਟੋਲੀਆਂ ਦਾ ਉਮਰ ਦੇ ਪੱਖੋਂ ਵਿਸ਼ਲੇਸ਼ਣ ਕੀਤਾ।ਇਹ ਸਾਰੇ ਨੌਜਵਾਨ 20 ਤੋਂ 30 ਸਾਲ ਦੇ ਵਿਚਕਾਰ ਸਨ। ਪਰ ਮੈਂ ਉਨਾਂ ਨੌਜਵਾਨਾਂ ਦੇ ਸਮਾਜਿਕ ਪਿਛੋਕੜ ਨੂੰ ਨਹੀਂ ਜਾਣ ਸਕਿਆ।ਖਾਲਸਾ ਪੰਥ ਦੇ ਹੁਣ ਤੱਕ ਦੇ ਹੋਏ ਵੱਡੇ ਵੱਡੇ ਇਕੱਠਾਂ ਵਿੱਚ ਉਮਰ ਦਾ ਇਹ ਰੁਝਾਨ ਮੈਂ ਪਹਿਲੀ ਵਾਰ ਮਹਿਸੂਸ ਕੀਤਾ। ਕਾਲੀਆਂ ਦਾੜੀਆਂ ਵਾਲੇ ਤੇ ਦਸਤਾਰਾਂ ਵਾਲੇ ਨੌਜਵਾਨ ਇਨੀ ਗਿਣਤੀ ਵਿੱਚ ਪਹਿਲੀ ਵਾਰ ਵੇਖੇ ਗਏ।ਨਿਹੰਗ ਸਿੰਘ ਬਾਣੇ ਵਿੱਚ ਵੀ ਕਈ ਨੌਜਵਾਨ ਦੇਖਣ ਵਿੱਚ ਆਏ। ਇਕੱਠ ਦੀ ਖੂਬਸੂਰਤੀ ਇਸ ਗੱਲ ਵਿੱਚ ਸੀ ਕਿ ਇਸ ਵਿੱਚ 80%ਦੇ ਕਰੀਬ ਨੌਜਵਾਨ ਆਏ ਹੋਏ ਸਨ ਅਤੇ ਅਤੇ 80% ਹੀ ਮਾਲਵੇ ਵਾਲੇ ਖੇਤਰ ਤੋਂ ਸਨ।ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਮਾਝੇ ਵਾਲੇ ਇਲਾਕੇ ਚ ਇਹ ਇਕੱਠ ਹੋ ਰਿਹਾ ਸੀ ਉਨਾਂ ਦੀ ਗਿਣਤੀ ਘੱਟ ਸੀ।
ਇਹ ਸਪਸ਼ਟ ਨਜ਼ਰ ਆਉਂਦਾ ਸੀ ਕਿ ਇਹ ਜਵਾਨੀ ਰਵਾਇਤੀ ਕਿਸਮ ਦੀ ਰਾਜਨੀਤੀ ਨੂੰ ਰੱਦ ਕਰਕੇ ਨਵੀਂ ਰਾਜਨੀਤੀ ਵਿੱਚ ਪੈਰ ਪੈਰ ਰਹੀ ਹੈ ਜਿਸ ਵਿੱਚ ਉਹ "ਵਾਰਸ ਪੰਜਾਬ" ਵਿੱਚ ਆਪਣਾ ਭਵਿੱਖ ਵੇਖ ਰਹੀ ਹੈ।ਹੁਣ ਵਾਰਸ ਪੰਜਾਬ ਦੀ ਲੀਡਰਸ਼ਿਪ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੇਖਣਾ ਹੈ ਕਿ ਉਹ ਇਸ ਨਵੀਂ ਰਾਜਨੀਤੀ ਦਾ ਕਿਹੋ ਜਿਹਾ ਰੰਗ ਰੂਪ ਘੜਦੇ ਤੇ ਤਰਾਸ਼ਦੇ ਹਨ ਤਾਂ ਜੋ ਪੰਜਾਬ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਏ।
ਦੋਸਤੋ,ਹੁਣ ਤੁਸੀਂ ਇਕੱਠ ਦੀ ਗਿਣਤੀ ਬਾਰੇ ਜਾਨਣ ਲਈ ਕਾਹਲੇ ਤੇ ਉਤਾਵਲੇ ਹੋਵੋਗੇ ਅਤੇ ਸਹਿਜੇ ਹੀ ਮੇਰੇ ਉੱਤੇ ਇਲਜ਼ਾਮ ਲਾ ਸਕਦੇ ਹੋ ਕਿ ਮੈਂ ਵਧਾ ਚੜਾਅ ਕੇ ਇਕੱਠ ਬਾਰੇ ਦੱਸ ਰਿਹਾ ਹਾਂ।ਮੈਂ ਸਵੇਰੇ ਹੀ ਕਰੀਬ ਅਠ ਸਾਢੇ ਅਠ ਵਜੇ ਦੇ ਕਰੀਬ ਪਹੁੰਚ ਗਿਆ ਸੀ। ਉਸ ਸਮੇਂ ਜਿਸ ਪਾਰਕਿੰਗ ਵਿੱਚ ਅਸੀਂ ਆਪਣੀ ਗੱਡੀ ਲਾਈ ਉਹ ਪਾਰਕਿੰਗ ਲਗਭਗ ਭਰ ਚੁਕੀ ਸੀ ਅਤੇ ਵਲੰਟੀਅਰ ਤੋਂ ਪਤਾ ਲੱਗਾ ਕਿ ਸਵੇਰੇ ਪੰਜ ਛੇ ਵਜੇ ਹੀ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਸਨੇ ਗੱਡੀਆਂ ਦੀ ਗਿਣਤੀ 1000 ਦੇ ਕਰੀਬ ਦੱਸੀ ਪਰ ਉਹ 700 ਦੇ ਕਰੀਬ ਸੀ। ਉੰਝ ਵੀ ਵਲੰਟੀਅਰਾਂ ਵਿੱਚ ਆਪਣੀ ਜਥੇਬੰਦੀ ਲਈ ਭਾਰੀ ਉਤਸ਼ਾਹ ਹੁੰਦਾ ਹੈ ਅਤੇ ਉਹ ਹਰ ਗੱਲ ਨੂੰ ਕਿਸੇ ਹੱਦ ਤੱਕ ਵਧਾਅ ਚੜਾਅ ਕੇ ਦੱਸਦੇ ਹਨ। ਕਰੀਬ ਚਾਰ ਪਾਰਕਿੰਗਾਂ ਵਿੱਚ ਇਸੇ ਤਰ੍ਹਾਂ ਦੀ ਹੀ ਹਾਲਤ ਸੀ ਅਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਗਿਣਤੀ ਇੰਨੀ ਵੱਧ ਚੁੱਕੀ ਸੀ ਕਿ ਪਾਰਕਿੰਗ ਲਈ ਇੱਕ ਵੱਖਰੀ ਥਾਂ ਦੀ ਚੋਣ ਕਰਨੀ ਪਈ। ਉਥੋਂ ਸਾਨੂੰ ਤੁਰ ਕੇ ਸਸਕਾਰ ਵਾਲੀ ਥਾਂ ਤੇ ਜਾਣਾ ਸੀ। ਉਸ ਸਮੇਂ ਸਸਕਾਰ ਵਾਲੀ ਥਾਂ ਦੇ ਇਰਦ ਗਿਰਦ ਕਰੀਬ ਸੱਤ ਹਜ਼ਾਰ ਦੇ ਕਰੀਬ ਗਿਣਤੀ ਪਹੁੰਚ ਚੁੱਕੀ ਸੀ ਪਰ ਇਕੱਠ ਅਸਲ ਵਿੱਚ 10 ਤੋਂ 12 ਵਜੇ ਦਰਮਿਆਨ ਕਾਫੀ ਵੱਡਾ ਹੋ ਗਿਆ ਸੀ ਅਤੇ ਦੋ ਵਜੇ ਦੇ ਕਰੀਬ ਆਪਣੇ ਸਿਖਰ ਤੇ ਸੀ। ਜੇ ਮੈਂ ਪਿੰਡ ਜਲੂਪੁਰ ਖੇੜੇ ਵਿੱਚ ਆਏ ਇਕੱਠ ਅਤੇ ਸਸਕਾਰ ਵਾਲੀ ਥਾਂ ਤੇ ਹੋਏ ਇਕੱਠ ਅਤੇ 2 ਵਜੇ ਤੋਂ ਪਿੱਛੋਂ ਵੀ ਰਈਏ ਤੋਂ ਪਿੰਡ ਵੱਲ ਜਾਂਦੇ ਇਕੱਠ ਨੂੰ ਅਤੇ ਦੂਸਰੇ ਪਾਸੇ ਪਾਸਿਓਂ ਪੈਦਲ ਆ ਰਹੇ ਭਾਰੀ ਇਕੱਠ ਨੂੰ ਵੇਖਾਂ ਤਾਂ ਇਹ ਗਿਣਤੀ ਬਹੁਤ ਹੋ ਚੁੱਕੀ ਸੀ। ਮੈਂ ਆਪਣੇ ਸਾਥੀ ਪੱਤਰਕਾਰਾਂ ਅਤੇ ਫਿਰ ਜਨਤਾ ਵਿੱਚ ਆਏ ਕਈ ਹੰਢੇ ਵਰਤੇ ਸੱਜਣਾਂ ਨਾਲ ਪੂਰੀ ਬਹਿਸ ਕੀਤੀ ਤੇ ਗਿਣਤੀ ਬਾਰੇ ਜਾਣਨਾ ਚਾਹਿਆ। ਅੰਤ ਵਿੱਚ ਫੈਸਲਾ 20 ਤੋਂ 30 ਹਜਾਰ ਤੱਕ ਪਹੁੰਚਿਆ। ਮੇਰਾ ਖਿਆਲ ਹੈ ਕਿ ਇਹ ਗਿਣਤੀ 25 ਹਜ਼ਾਰ ਦੇ ਕਰੀਬ ਹੋਵੇਗੀ। ਪਰ ਹਾਂ, ਇਹ ਚੱਬੇ ਵਾਲੇ ਸਰਬੱਤ ਖਾਲਸੇ ਤੋਂ ਬਹੁਤ ਘੱਟ ਸੀ। ਲੇਕਿਨ ਉਸ ਸਰਬੱਤ ਖਾਲਸੇ ਦੇ ਇਕੱਠ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਅਕਾਲੀ ਦਲ ਪ੍ਰਤੀ ਪੰਜਾਬ ਦਾ ਗੁੱਸਾ, ਪੀੜ ਤੇ ਦਰਦ ਦਾ ਇਕੱਠ ਸੀ ਅਤੇ ਬੇਸ਼ੁਮਾਰ ਲੋਕ ਆਏ ਹੋਏ ਸਨ।
ਦੋਸਤ,ਹਜ਼ਾਰਾਂ ਨੌਜਵਾਨਾਂ ਦੀਆਂ ਅੱਖਾਂ ਤੇ ਚਿਹਰਿਆਂ ਨੂੰ ਪੜ੍ਨ ਪਿੱਛੋਂ ਮੈਂ ਇਹ ਕਹਿ ਸਕਦਾ ਹਾਂ ਕਿ ਉਹਨਾਂ ਵਿੱਚ ਸਮੂਹਿਕ-ਉਮੀਦ ਦਿਖਾਈ ਦੇ ਰਹੀ ਸੀ ਜਿਸ ਦੀ ਭਾਸ਼ਾ,ਅੰਦਾਜ਼ ਅਤੇ ਗੁਫਤਾਰ ਰਵਾਇਤੀ ਰਾਜਨੀਤੀ ਵਾਲੀਆਂ ਪਾਰਟੀਆਂ ਨੂੰ ਸਮਝ ਨਹੀਂ ਆ ਸਕੇਗੀ ਅਤੇ ਨਾ ਹੀ ਮੀਡੀਆ ਵਾਲਿਆਂ ਨੂੰ ਜੋ ਅਜੇ ਤੱਕ ਇਹੋ ਜਿਹੀ ਰਵਾਇਤੀ ਰਾਜਨੀਤੀ ਦੀ ਸਮਝ ਵਿੱਚ ਹੀ ਰੰਗੇ ਹੋਏ ਹਨ।
ਇਹ ਠੀਕ ਹੈ ਕਿ ਉਹ ਅੰਮ੍ਰਿਤਪਾਲ ਨੂੰ ਹੀ ਵੇਖਣ ਆਏ ਸਨ,ਉਹ ਉਸ ਦੀ ਇੱਕ ਝਲਕ ਵੇਖਣਾ ਚਾਹੁੰਦੇ ਸਨ ਪਰ ਦੋਸਤੋ ਉਹ "ਆਪਣੇ ਆਪ"ਨੂੰ ਵੀ ਵੇਖ ਰਹੇ ਸਨ। ਇਸ ਸਵਾਲ ਵਿੱਚ ਇੱਕ ਦਾਰਸ਼ਨਿਕ ਗਹਿਰਾਈ ਹੈ। ਜੇ ਇਹਨਾਂ ਨੌਜਵਾਨਾਂ ਨੂੰ between the lines ਦੇ ਆਧਾਰ ਉੱਤੇ ਪੜਿਆ ਜਾਵੇ ਤਾਂ ਪਤਾ ਲੱਗੇਗਾ ਕਿ ਪੰਜਾਬ ਦੇ ਲੋਕਾਂ ਦਾ ਇੱਕ ਜਰਖੇਜ਼ ਤੇ ਜਿਉਂਦਾ ਜਾਗਦਾ ਹਿੱਸਾ ਆਪਣੀ ਸਮੂਹਕ-ਪਛਾਣ ਰਾਜਨੀਤਿਕ -ਉਮੀਦ ਤੇ ਭਵਿੱਖ ਦੀ ਕਲਪਨਾ ਨੂੰ ਇਕ ਨਵੇਂ ਪ੍ਰਤੀਕ,ਇੱਕ ਨਵੇਂ ਮਾਡਲ ਇੱਕ ਨਵੇਂ ਪੈਰਾਡਾਈਮ ਦੇ ਇਰਦ ਗਿਰਦ ਪ੍ਰਗਟ ਕਰ ਰਿਹਾ ਹੈ।ਬਸ, ਇਹੋ ਰਾਜਨੀਤਿਕ ਤਬਦੀਲੀ ਦਾ ਅਮੀਕ ਅਤੇ ਬਾਰੀਕ ਇਸ਼ਾਰਾ ਹੈ ਅਤੇ ਇਸ ਨੂੰ ਹਰ ਕੋਈ ਸ਼ਾਇਦ ਅਜੇ ਭਾਵੇਂ ਨਾ ਸਮਝ ਸਕੇ।
ਇੱਕ ਹੋਰ ਨਵੀਂ ਗੱਲ ਜੋ ਇਕੱਠ ਵਿੱਚ ਆਏ ਕਈ ਲੋਕਾਂ ਤੋਂ ਸੁਣੀ।ਉਹ ਇਹ ਸੀ ਕਿ ਹੁਣ "ਬਾਪੂ" ਜਾਂ ਘਰ ਵਿੱਚ "ਵੱਡੇ" ਫੈਸਲੇ ਨਹੀਂ ਕਰਨਗੇ ਕਿ ਵੋਟ ਕਿਸ ਨੂੰ ਪਾਉਣੀ ਹੈ। ਹੁਣ ਘਰਾਂ ਵਿੱਚ ਧੀਆਂ-ਪੁੱਤ ਫੈਸਲਾ ਕਰਨਗੇ ਤੇ ਬਾਪੂ (ਰਵਾਇਤੀ ਰਾਜਨੀਤੀ ਦਾ ਇੱਕ ਰੂਪ)ਧੀਆਂ ਪੁੱਤਾਂ ਮਗਰ ਲੱਗਣਗੇ। ਦੋਸਤੋ,ਇਹ ਸ਼ਗਨਾ ਭਰੀ ਸਵੇਰ ਜਾਪਦੀ ਹੈ। ਇਹ ਵੀ ਸੁਣਿਆ ਕਿ ਇਹ ਧੀਆਂ ਪੁੱਤ ਰਵਾਇਤੀ ਲੀਡਰਾਂ ਨੂੰ ਹੁਣ ਮੱਥਾ ਨਹੀਂ ਟੇਕਦੇ ਕਿਉਂਕਿ ਉਹ ਜਾਨਣ ਲੱਗ ਪਏ ਹਨ ਕਿ ਇਹ ਉਪਰੋਂ ਹੋਰ ਹਨ ਤੇ ਢਿੱਡੋਂ ਹੋਰ।ਇਹ ਬਹੁਤ ਸਿਆਣੇ ਹੋ ਚੁੱਕੇ ਹਨ।
ਦੋਸਤੋ,ਇਹ ਗੱਲ ਵੀ ਪੱਲੇ ਬੰਨ ਲਓ ਕਿ ਰਾਜਨੀਤਿਕ ਤਾਕਤ ਸਦਾ ਵੋਟਾਂ ਦੀ ਗਿਣਤੀ ਨਾਲ ਹੀ ਸ਼ੁਰੂ ਨਹੀਂ ਹੁੰਦੀ। ਕਈ ਵਾਰ ਉਹ ਇਸ ਅਹਿਸਾਸ ਨਾਲ ਸ਼ੁਰੂ ਹੁੰਦੀ ਹੈ ਜਦੋਂ ਲੋਕ ਆਪਣੇ ਸਮੂਹਿਕ-ਮੌਜੂਦਗੀ ਨੂੰ ਪਛਾਨਣ ਵਾਲੇ ਦੌਰ ਵਿੱਚ ਦਾਖਲ ਹੋ ਜਾਂਦੇ ਹਨ ਅਰਥਾਤ ਉਹਨਾਂ ਨੂੰ ਇਉਂ ਲੱਗਦਾ ਹੈ ਜਿਵੇਂ ਕਿ ਮੈਂ ਇਕੱਲਾ ਨਹੀਂ ਹਾਂ, ਮੇਰੇ ਵਰਗੇ ਸੋਚਣ ਵਾਲੇ ਹਜ਼ਾਰਾਂ ਲੋਕ ਹਨ। ਇੰਜ ਇੱਕ ਬੰਦੇ ਦੀ ਭਾਵਨਾ ਸੰਗਤੀ-ਵਿਸ਼ਵਾਸ ਅਤੇ ਸੰਗਤੀ-ਯਕੀਨ ਵਿੱਚ ਬਦਲ ਜਾਂਦੀ ਹੈ।
ਦੋਸਤੋ,ਇੱਕ ਹੋਰ ਵੱਡਾ ਸੱਚ ਮਹਿਸੂਸ ਕਰਕੇ ਬਹੁਤ ਦੁੱਖ ਹੋਇਆ। ਇਸ ਇਕੱਠ ਵਿੱਚ ਧਾਰਮਿਕ ਜਥੇਬੰਦੀਆਂ, ਟਕਸਾਲਾਂ,ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ ਅਤੇ ਹੋਰ ਕਈਆਂ ਨੇ ਆਪਣੀ ਦੂਰੀ ਬਣਾ ਕੇ ਰੱਖੀ। ਹਾਂ, ਖਿੰਡੇ ਹੋਏ ਰੂਪ ਵਿੱਚ ਇਹਨਾਂ ਜਥੇਬੰਦੀਆਂ ਨਾਲ ਸਬੰਧਿਤ ਲੋਕ ਆਏ ਹੋਏ ਸਨ।ਭਾਈ ਮੋਹਕਮ ਸਿੰਘ ਤੇ ਹੋਰ ਕਈ ਸੱਜਣ ਵੇਖੇ ਜ਼ਰੂਰ ਗਏ ਪਰ ਚੌਂਕ ਮਹਿਤਾ ਜਿੱਥੋਂ ਕੌਮ ਨੂੰ ਕਦੇ ਆਜ਼ਾਦੀ ਦੀ ਤੇ ਅਗਵਾਈ ਦੀ ਇੱਕ ਨਵੀਂ ਚਿਣਗ ਲੱਗੀ ਸੀ ਉਹ ਕਿਤੇ ਵੀ ਨਹੀਂ ਸੀ।ਹੋਰ ਕਈ ਜਥੇਬੰਦੀਆਂ, ਬੁੱਧੀਜੀਵੀਆਂ ਦੀ ਗੈਰਹਾਜ਼ਰੀ ਤੇ ਬੇਰੁਖੀ ਇਹ ਦੱਸਦੀ ਸੀ ਕਿ ਨਵੇਂ ਰੁਝਾਨਾਂ ਤੋਂ ਜਾਂ ਤਾਂ ਉਹ ਡਰਦੇ ਹਨ ਅਤੇ ਜਾਂ ਫਿਰ ਸੁਪੀਰੀਅਰਟੀ ਕੰਪਲੈਕਸ ਦੀ ਕੈਦ ਵਿੱਚ ਆਨੰਦ ਲੈ ਰਹੇ ਹਨ।
ਲੰਗਰ ਦੀ ਹਾਲਤ ਬੇਹਦ ਕਮਜ਼ੋਰ ਸੀ ਕਿਉਂਕਿ ਕਿਸੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਜਾਂ ਜਥੇਬੰਦੀ ਨੇ ਇਹ ਭਾਰ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਉਂ ਲੱਗਦਾ ਸੀ ਕਿ ਵਾਰਸ ਪੰਜਾਬ ਦੇ ਸਾਧਨ ਇੰਨੇ ਤਗੜੇ ਨਹੀਂ ਕਿ ਉਹ ਵੱਡੇ ਵੱਡੇ ਲੰਗਰ ਲਾ ਸਕਦੇ। ਪਰ ਘੱਟੋ ਘੱਟ ਚਾਹ ਦੀ ਸੇਵਾ ਤਾਂ ਹੋ ਹੀ ਸਕਦੀ ਸੀ।
ਦੋਸਤੋ,ਹੁਣ ਕੁਝ ਭਾਵਕ ਪਲਾਂ ਦਾ ਦ੍ਰਿਸ਼ ਅਤੇ ਕੁਝ ਕੌੜੀਆਂ ਮਿੱਠੀਆਂ ਗੱਲਾਂ ਦੱਸ ਰਿਹਾ ਹਾਂ ਜੋ ਇਸ ਇਕੱਠ ਦਾ ਹਿੱਸਾ ਹਨ ਜੋ ਦੱਸਣੀਆਂ ਚਾਹੀਦੀਆਂ ਹਨ। ਕਿਰਨਦੀਪ ਦਾਦੀ ਦੀ ਅਰਦਾਸ ਸਮੇਂ ਭਾਵਕ ਸੀ,ਕੀ ਤੁਸੀਂ ਉਹ ਦ੍ਰਿਸ਼ ਵੇਖਿਆ ਜਦੋਂ ਅਰਦਾਸ ਦੌਰਾਨ ਉਹ ਘੜੀ ਮੁੜੀ ਅੰਮ੍ਰਿਤਪਾਲ ਵਲ ਵੀ ਵੇਖਦੀ ਸੀ।ਉੱਥੇ ਹਾਜ਼ਰ ਇੱਕ ਮੇਰੇ ਦੋਸਤ ਨੇ ਦੱਸਿਆ ਕਿ ਉਸਨੇ ਰੋਂਦੀਆਂ ਅੱਖਾਂ ਨਾਲ ਆਪਣੇ ਜੀਵਨ ਸਾਥੀ ਨੂੰ ਗਲਵਕੜੀ ਵਿੱਚ ਲੈ ਲਿਆ। ਪਰ ਅੰਮ੍ਰਿਤਪਾਲ ਪੂਰੀ ਤਰਾਂ ਸ਼ਾਤ ਸੀ-ਕਿਸੇ ਟਿਕੀ ਹੋਈ ਝੀਲ ਵਾਂਗ। ਉਹ ਬਿਲਕੁਲ ਡੋਲਿਆ ਨਹੀਂ ਕਿਉਂਕਿ ਕੌਮ ਦੇ ਹੰਝੂ ਇਹੋ ਜਹੇ ਹੰਝੂਆਂ ਨਾਲੋਂ ਬਹੁਤ ਛੋਟੇ ਹੁੰਦੇ ਹਨ। ਵੈਸੇ ਤਿੰਨ ਕੁ ਸਾਲ ਪਹਿਲਾਂ ਮੈਂ ਇਸ ਬੀਬੀ ਨਾਲ ਇੱਕ ਲੰਮੀ ਇੰਟਰਵਿਊ ਕੀਤੀ ਸੀ। ਜੇ ਤੁਹਾਨੂੰ ਵੇਹਲ ਮਿਲੇ ਤਾਂ ਉਹ ਜ਼ਰੂਰ ਪੜਨਾ। ਉਸ ਇੰਟਰਵਿਊ ਵਿੱਚ ਤੁਸੀਂ ਇਸ ਕੁੜੀ ਦੀ ਸ਼ਖਸ਼ੀਅਤ ਨੂੰ ਪੜ ਸਕੋਗੇ। ਇਹ ਕੁੜੀ ਬਹੁਤ ਸਾਰੇ ਪੱਖਾਂ ਤੋਂ ਬਹੁਤ ਸਿਆਣੀ ਅਤੇ ਮਚਿਓਰ ਹੈ। ਅੰਮ੍ਰਿਤਪਾਲ ਸਿੰਘ ਨੇ ਪਰਿਵਾਰ ਨਾਲ ਇੱਕ ਘੰਟਾ ਗੱਲਾਂ ਕੀਤੀਆਂ, ਕੁਝ ਹਦਾਇਤਾਂ ਵੀ ਦਿੱਤੀਆਂ।ਇੱਕ "ਖਾਸ ਬੰਦੇ" ਨੂੰ ਜਿਸ ਦਾ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ, ਅੰਮ੍ਰਿਤਪਾਲ ਸਿੰਘ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਅੰਮ੍ਰਿਤਪਾਲ ਨੂੰ ਲੱਗਦਾ ਸੀ ਕਿ ਪਿੱਛੇ ਜਹੇ ਕੁਝ ਵੀਰਾਂ ਦੀ ਬਗਾਵਤ ਵਿੱਚ ਉਸ ਵਿਅਕਤੀ ਦਾ ਰੋਲ ਸੀ।ਹੁਣ ਪਤਾ ਲੱਗਾ ਹੈ ਕਿ ਉਹਨਾਂ ਵੀਰਾਂ ਨੂੰ ਫਿਰ ਪਾਰਟੀ ਵਿੱਚ ਲਿਆਂਦਾ ਜਾ ਰਿਹਾ ਹੈ।ਮਨਪ੍ਰੀਤ ਇਆਲੀ ਨਾਲ ਪਾਰਟੀ ਬਾਰੇ ਕਾਫੀ ਗੱਲਾਂ ਕੀਤੀਆਂ। ਇੱਕ ਹੋਰ ਦ੍ਰਿਸ਼ ਭਾਵਕ ਤੇ ਪਿਆਰਾ ਸੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਵਿਸ਼ੇਸ਼ ਤਿਆਰ ਕੀਤੇ ਜੰਗਲੇ ਰਾਹੀ ਆਉਂਦੇ ਹੋਏ ਤੇ ਉੱਚਾ ਹੱਥ ਕਰਕੇ ਦੂਰ ਦੂਰ ਤੋਂ ਆਏ ਲੋਕਾਂ ਨਾਲ ਆਪਣੇ ਪਿਆਰ ਦੀ ਸਾਂਝ ਪਵਾ ਰਹੇ ਸਨ ਤਾਂ ਉਸਦੇ ਪਿਛੋਕੜ ਵਿੱਚ "ਖੰਡਾ ਜਾ ਕੇ ਹਾਥ ਮੈ ਕਲਗੀ ਸੋਇ ਸੀਸ, ਸੋ ਹਮਰੀ ਰਖਿਆ ਕਰੇ ਕਲਗੀਧਰ ਜਗਦੀਸ਼" ਦੀਆਂ ਸਤਰਾਂ ਦਾ ਸੰਗੀਤ ਚੱਲ ਰਿਹਾ ਸੀ ਤਾਂ ਇਉਂ ਲੱਗਾ ਜਿਵੇਂ ਸਿੱਖ ਇਤਿਹਾਸ ਦੇ ਕਿੰਨੇ ਰੰਗਾਂ ਦੇ ਫੁੱਲ ਇੱਕੋ ਸਮੇਂ ਖਿੜ ਗਏ ਹੋਣ। ਇਕ ਬੀਬੀ ਕਮਲਦੀਪ ਕੌਰ ਬਸ ਰਾਹੀ ਇਕੱਲੀ ਭਵਾਨੀਗੜ੍ਹ ਤੋਂ ਆਈ ਹੋਈ ਸੀ ਉਸ ਦਾ ਕਹਿਣਾ ਸੀ ਕਿ ਉਹ ਅੰਮ੍ਰਿਤ ਪਾਲ ਦੀ ਬਹੁਤ ਵੱਡੀ ਫੈਨ ਹੈ ਤੇ ਦੀਪ ਸਿੱਧੂ ਦੇ ਵੀ ਫੈਨ ਹੈ। ਇਹੋ ਜਿਹੇ ਪਿਆਰ ਕਰਨ ਵਾਲੇ ਫੈਨ ਵੀ ਬਹੁਤ ਸਨ।ਹੇਠਾਂ ਉਸ ਦੀ ਤਸਵੀਰ ਹੈ ਜਿੱਥੇ ਉਸਨੇ ਖੇਤ ਦੀ ਵੱਟ ਤੇ ਬੈਠਿਆ ਸਾਡੇ ਨਾਲ ਗੱਲਾਂ ਕੀਤੀਆਂ। ਪੁਲਿਸ ਦਾ ਪ੍ਰਬੰਧ ਵੀ ਬਹੁਤ ਵਧੀਆ ਸੀ ਤੇ ਵਾਰਸ ਜਥੇਬੰਦੀ ਦਾ ਪ੍ਰਬੰਧ ਤੇ ਸਵਾਗਤ ਪ੍ਰਸ਼ੰਸਾ ਦਾ ਹੱਕਦਾਰ ਹੈ। ਸੀਨੀਅਰ ਪੁਲਿਸ ਅਫਸਰ ਥੋੜੀ ਜਿਹੀ ਦੂਰੀ ਤੇ ਦੋ ਵੱਖਰੀਆਂ ਥਾਵਾਂ ਤੇ ਇੱਕ ਟੈਂਟ ਵਿੱਚ ਨਜ਼ਰ ਆਏ। ਸਿਆਣੇ ਤੇ ਹੰਢੇ ਹੋਏ ਸੱਜਣਾਂ ਦਾ ਕਹਿਣਾ ਸੀ ਕਿ ਇਸ ਵਾਰ ਹੰਗ ਅਸੈਂਬਲੀ ਹੋਵੇਗੀ।ਕਿਸਾਨ ਜਥੇਬੰਦੀਆਂ ਨਜ਼ਰ ਨਹੀਂ ਆਈਆਂ। ਬਹੁਤੇ ਪੱਤਰਕਾਰਾਂ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਦੇ ਨਾਂ ਤੇ ਇਮੋਸ਼ਨਲ ਵੋਟ ਨੂੰ ਜਥੇਬੰਦਕ ਵੋਟ ਵਿੱਚ ਨਹੀਂ ਬਦਲਿਆ ਜਾ ਰਿਹਾ।ਦੋ ਸੀਨੀਅਰ ਪੱਤਰਕਾਰਾਂ ਨੇ ਦੱਸਿਆ ਕਿ ਅਜੇ ਤੱਕ ਸਾਡੇ ਕੋਲ ਕੋਈ ਪ੍ਰੈਸ ਨੋਟ ਜਥੇਬੰਦੀ ਦੇ ਨਹੀਂ ਆਏ। ਅੰਗਰੇਜ਼ੀ ਵਿੱਚ ਤਾਂ ਛੱਡੋ ਪੰਜਾਬੀ ਵਿੱਚ ਵੀ ਨਹੀਂ ਆਏ। ਤਸਵੀਰ ਵਿੱਚ ਇੱਕ ਛੋਟੀ ਬੱਚੀ ਪਾਣੀ ਦੀ ਸੇਵਾ ਕਰ ਰਹੀ ਹੈ। ਪਾਰਟੀ ਦੇ ਕੁਝ ਹਮਦਰਦ ਪੱਤਰਕਾਰਾਂ ਦਾ ਕਹਿਣਾ ਸੀ ਕਿ ਲੀਡਰਸ਼ਿਪ ਸਾਡੀ ਗੱਲ ਧਿਆਨ ਨਾਲ ਸੁਣਦੀ ਤਾਂ ਹੈ ਪਰ ਮੰਨਦੀ ਇੱਕ ਵੀ ਨਹੀਂ। ਨੌਜਵਾਨਾਂ ਨੂੰ ਪਾਰਟੀ ਦੀ ਉੱਚੀ ਥਾਂ ਤੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਅਤੇ ਫੈਸਲਾ ਕਰਨ ਵਾਲੇ ਬਹੁਤੇ 60 ਸਾਲ ਤੋਂ ਉੱਪਰ ਹਨ। ਲੋਕਾਂ ਨੂੰ ਉਮੀਦ ਹੈ ਕਿ ਇਸ ਵੱਡੇ ਇਕੱਠ ਵਿੱਚ ਨੌਜਵਾਨਾਂ ਦੀ ਗਿਣਤੀ ਨੂੰ ਵੇਖ ਕੇ ਉਹਨਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ.। ਹੇਠਾਂ ਇੱਕ ਹੋਰ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਦੋਂ ਅੰਮ੍ਰਿਤ ਪਾਲ ਦੀ ਚੋਣ ਕਵਰ ਕਰਨ ਸਮੇਂ ਮੈਂ ਦਾਦੀ ਮਾਂ ਨਾਲ ਕਈ ਗੱਲਾਂ ਕੀਤੀਆਂ। ਬੰਦਿਸ਼ ਅਤੇ ਆਪਣੇ ਆਪ ਨੂੰ ਜ਼ਬਤ ਵਿੱਚ ਰੱਖ ਕੇ ਤੁਹਾਡੇ ਕਮੈਂਟਾਂ ਦੀ ਉਡੀਕ ਹੈ। ਵਿਰੋਧ ਅਤੇ ਕਰੜੀ ਤੋਂ ਕਰੜੀ ਨੁਕਤਾਚੀਨੀ ਦਾ ਵੀ ਸਵਾਗਤ ਕੀਤਾ ਜਾਵੇਗਾ ਬਸ਼ਰਤੇ ਉਹ ਦਲੀਲਾਂ ਨਾਲ ਰੰਗੀ ਹੋਵੇ। ਇੱਕ ਗੰਭੀਰ ਅਤੇ ਪਾਇਦਾਰ ਬਹਿਸ ਦੀਆਂ ਉਡੀਕਾਂ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਵੇਗਾ।।ਫੇਕ ਆਈਡੀਆਂ ਵਾਲਿਆਂ ਨੂੰ ਅਤੇ ਗਾਲ ਮੰਦਾ ਕਰਨ ਵਾਲੇ ਆਈਟੀ ਸੈਲਾਂ ਨੂੰ ਬੇਨਤੀ ਹੈ ਕਿ ਉਹ ਕਿਸੇ ਹੋਰ ਫੇਸਬੁਕ ਤੇ ਜਾ ਕੇ ਆਪਣੀਆਂ ਡੰਡ ਬੈਠਕਾਂ ਕੱਢਣ ਕਿਉਂਕਿ ਉਹ ਆਪਣੀ ਸ਼ਬਦਾਵਲੀ ਨਾਲ ਸੌਖੇ ਹੀ ਪਛਾਣੇ ਜਾਂਦੇ ਹਨ।