Nazrana Times

ਪੰਜਾਬੀ

ਤਰਨ ਤਾਰਨ ਹਲਕੇ ਤੋਂ 84-ਵਾਲੇ, ਮੰਨੂਵਾਦੀਏ, ਬੇਅਦਬੀਆਂ ਵਾਲੇ, ਕੇਜਰੀਵਾਲਕੇ ਹਰਾਓ- ਭਾਈ ਮਨਦੀਪ ਸਿੰਘ ਨੂੰ ਜਿਤਾਓ- ਗੁਰਾਂ ਦਾ ਪੰਜਾਬ ਬਚਾਓ – ਖਾਲੜਾ ਮਿਸ਼ਨ

10 Oct, 2025 03:32 AM

ਤਰਨ ਤਾਰਨ, ਸੁਰਜੀਤ ਸਿੰਘ ਖ਼ਾਲਸਾ 
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਤਰਨ ਤਾਰਨ ਹਲਕੇ ਤੋਂ ਉਤਾਰੇ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਸਮਰਥਨ ਕਰਦਿਆਂ ਕਿਹਾ ਕਿ ਗੁਰਾਂ ਦਾ ਪੰਜਾਬ ਬਚਾਉਣ ਲਈ ਮੰਨੂਵਾਦੀਆਂ, 84ਵਾਲਿਆਂ, ਬੇਅਦਬੀ ਦਲ, ਕੇਜਰੀਵਾਲਕਿਆਂ ਦਾ ਹਰਨਾ ਜਰੂਰੀ ਹੈ। ਬੀਬੀ ਪਰਮਜੀਤ ਕੌਰ ਖਾਲੜਾ, ਹਰਮਨਦੀਪ ਸਿੰਘ ਸਰਹਾਲੀ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਭਾਈ ਵਿਰਸਾ ਸਿੰਘ ਬਹਿਲਾ, ਸੁਖਵਿੰਦਰ ਸਿੰਘ ਤਰਨ ਤਾਰਨ, ਬਾਬਾ ਦਰਸ਼ਨ ਸਿੰਘ, ਬੌਬੀ ਕੁਮਾਰ, ਬਾਬਾ ਨਿਰਮਲ ਸਿੰਘ ਨੇ ਕਿਹਾ ਕਿ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਵੱਖ-ਵੱਖ ਰੰਗਾਂ ਦੇ ਮੰਨੂਵਾਦੀਆਂ ਤੇ ਉਨ੍ਹਾਂ ਦੇ ਟੁਕੜਬੋਚ, ਬਾਦਲ ਦਲ ਦੀ ਨਵੀਂ-ਪੁਰਾਣੀ ਕੰਪਨੀ, ਕੇਜਰੀਵਾਲਕਿਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪਾਪੀ ਧਿਰਾਂ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜ੍ਹਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਮ੍ਰਿਤਕ ਦੇਹਾਂ ਵੀ ਵਾਰਿਸਾਂ ਨੂੰ ਨਾ ਸੌਂਪੀਆਂ, ਪੰਜਾਬ ਅੰਦਰ ਚੱਪੇ-ਚੱਪੇ ਤੇ ਝੂਠੇ ਮੁਕਾਬਲੇ ਬਣਾਏ, 25 ਹਜ਼ਾਰ ਸਿੱਖ ਨੌਜਵਾਨ, ਬੀਬੀਆਂ, ਬਜੁਰਗ, ਬੱਚੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸ਼ਮਸ਼ਾਨਘਾਟਾਂ ਵਿੱਚ ਸਾੜ ਦਿੱਤੀਆਂ ਗਈਆਂ। ਨਵੰਬਰ-84 ਕਤਲੇਆਮ ਹੋਇਆ, ਨਸ਼ਿਆਂ ਰਾਂਹੀ ਜਵਾਨੀ ਬਰਬਾਦ ਕੀਤੀ। ਰਾਜਨੀਨਿਤਕ ਆਗੂਆਂ, ਅਫਸਰਸ਼ਾਹੀ ਤੇ ਨਕਲੀ ਸੰਤਾਂ ਨੇ ਜਾਇਦਾਦਾਂ ਦੇ ਅੰਬਾਰ ਲਾਏ ਪਰ ਕਿਸਾਨ ਗਰੀਬ ਨੂੰ ਖੁਦਕੁਸ਼ੀਆਂ ਵਿੱਚ ਧੱਕ ਦਿੱਤਾ। ਪੰਥ ਪੰਜਾਬ ਉੱਪਰ ਢਾਹੇ ਜ਼ੁਲਮਾਂ ਦੀ ਇੰਨ੍ਹਾਂ ਧਿਰਾਂ ਨੇ ਕੋਈ ਪੜ੍ਹਤਾਲ ਕਰਾਉਣ ਦੀ ਬਜਾਏ ਮੁਕੰਮਲ ਰੂਪ ਵਿੱਚ ਪਰਦਾ ਪਾਇਆ। ਭਾਈ ਰਾਜੋਆਣਾ ਦੀ ਫਾਂਸੀ ਰੱਦ ਨਹੀਂ ਹੋਈ ਅਤੇ ਨਾ ਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਸਿੱਖਾਂ ਉੱਪਰ ਲਾਏ ਐਨ.ਐਸ.ਏ., ਯੂ.ਏ.ਪੀ.ਏ. ਹਟੇ ਹਨ। ਗੈਰ-ਕਾਨੰੁੂਨੀ ਤੇ ਗੈਰ-ਸੰਵਿਧਾਨਿਕ ਤੌਰ ਤੇ ਲੰਬੇ ਸਮੇਂ ਤੋਂ ਸਿੱਖਾਂ ਨੂੰ ਬੰਦੀ ਬਣਾਇਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਉਪਰੋਕਤ ਪਾਪੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ 'ਤੇ ਗੁਰੂ ਘਰਾਂ ਵਿੱਚ ਸਨਮਾਨਿਤ ਹੋਣ ਦੀਆਂ ਤਿਆਰੀਆਂ ਵਿੱਚ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲਾ ਰਾਮਦੇਵ ਵਰਗੇ ਵੱਡੇ ਲੋਟੂ ਸਨਮਾਨਿਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਲਈ ਸੱਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ 21 ਸਿੱਖ ਨੌਜਵਾਨ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਉਂਦੇ ਹਨ ਪਰ ਉਨ੍ਹਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਨਾ ਕਰ ਸਕੇ। ਹੋਰ ਤਾਂ ਹੋਰ ਉਨ੍ਹਾਂ 21 ਸਿੱਖ ਨੌਜਵਾਨਾਂ ਦੇ ਨਾਮ ਵੀ ਨਹੀਂ ਦੱਸ ਰਹੇ। ਆਖਿਰ ਵਿੱਚ ਉਨ੍ਹਾਂ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #