Nazrana Times

ਪੰਜਾਬੀ

ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ, ਪੰਥ ਹੁਣ ਖ਼ੁਦ ਸੰਭਾਲੇ: ਭਾਈ ਰਣਜੀਤ ਸਿੰਘ

18 Oct, 2026 06:36 PM

ਅੰਮ੍ਰਿਤਸਰ, 18 ਅਕਤੂਬਰ , ਰਵਿੰਦਰ ਸਿੰਘ ਰਵੀ ( ਖਹਿਰਾ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਜਾਇਦਾਦ ਨਹੀਂ, ਸਗੋਂ ਪੰਥ ਦੀਆਂ ਲੰਮੀਆਂ ਕੁਰਬਾਨੀਆਂ ਅਤੇ ਮੋਰਚਿਆਂ ਦੀ ਵਿਰਾਸਤ ਹੈ। ਇਸ ਲਈ ਪੰਥ ਹੁਣ ਅੱਗੇ ਆ ਕੇ ਇਸ ਨੂੰ ਖ਼ੁਦ ਸੰਭਾਲੇ। ਬਾਦਲ ਪਰਿਵਾਰ ਦੀ ਅਗਵਾਈ ਹੇਠ ਪਾਰਟੀ ਆਪਣੀ ਅਸਲ ਪੰਥਕ ਪਛਾਣ ਤੋਂ ਦੂਰ ਹੋ ਗਈ ਹੈ। 

ਭਾਈ ਰਣਜੀਤ ਸਿੰਘ ਨੇ ਕਿਹਾ ਕਿ 1982 ਦਾ ਧਰਮ ਯੁੱਧ ਮੋਰਚਾ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਅਰੰਭਿਆ ਗਿਆ ਸੀ। ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਇਸ ਸੰਘਰਸ਼ ਨਾਲ ਅਖ਼ੀਰ ਤੱਕ ਵਫ਼ਾਦਾਰੀ ਨਿਭਾਈ, ਪਰ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਦਾ ਵੱਡਾ ਹਿੱਸਾ ਕੇਂਦਰ ਨਾਲ ਸਮਝੌਤੇ ਦਾ ਰਾਹ ਲੱਭਦਾ ਰਿਹਾ। ਉਨ੍ਹਾਂ ਕਿਹਾ ਕਿ 1985 ਦੇ ਰਾਜੀਵ-ਲੌਂਗੋਵਾਲ ਸਮਝੌਤੇ ਮਗਰੋਂ ਵੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਬੁਨਿਆਦੀ ਮਸਲੇ ਅਣਸੁਲਝੇ ਰਹੇ।

ਉਨ੍ਹਾਂ ਆਖਿਆ ਕਿ 1996 ਦੀ ਮੋਗਾ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਦੀ ਸਿਆਸਤ ਨੇ ਨਵਾਂ ਮੋੜ ਲਿਆ। ਭਾਜਪਾ ਨਾਲ ਗੱਠਜੋੜ ਅਤੇ 1997 ਵਿੱਚ ਸਰਕਾਰ ਬਣਨ ਮਗਰੋਂ ਪੰਥਕ ਮੁੱਦਿਆਂ ਦੀ ਥਾਂ ਪਰਿਵਾਰ ਅਤੇ ਸੱਤਾ ਦੇ ਹਿੱਤ ਭਾਰੂ ਹੁੰਦੇ ਗਏ। ਪੰਜਾਬ ਦੇ ਲੋਕਾਂ ਨੇ 1997, 2007 ਅਤੇ 2012 ਵਿੱਚ ਬਾਦਲਾਂ ਨੂੰ ਸਰਕਾਰਾਂ ਬਣਾਉਣ ਦਾ ਮੌਕਾ ਦਿੱਤਾ, ਪਰ ਐਨੇ ਲੰਮੇ ਰਾਜ ਦੇ ਬਾਵਜੂਦ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਨਾ ਹੋ ਸਕੇ।

ਭਾਈ ਰਣਜੀਤ ਸਿੰਘ ਨੇ ਸਵਾਲ ਕੀਤਾ ਕਿ ਵਾਰ-ਵਾਰ ਸੱਤਾ ਮਿਲਣ ਦੇ ਬਾਵਜੂਦ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦੇ ਇਨਸਾਫ਼ ਲਈ ਠੋਸ ਪ੍ਰਾਪਤੀ ਕਿਉਂ ਨਹੀਂ ਹੋਈ? ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਮੁੱਦੇ ਲੈ ਕੇ ਅਕਾਲੀ ਆਗੂ ਲੋਕਾਂ ਕੋਲੋਂ ਵੋਟਾਂ ਮੰਗਦੇ ਰਹੇ, ਸੱਤਾ ਮਿਲਣ ਮਗਰੋਂ ਉਨ੍ਹਾਂ ਨੂੰ ਹੀ ਵਿਸਾਰਦੇ ਰਹੇ।

ਉਨ੍ਹਾਂ ਕਿਹਾ ਕਿ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਦੀ ਪੁਲਿਸ ਕਾਰਵਾਈ ਅਤੇ ਦੋ ਸਿੱਖਾਂ ਦੀ ਮੌਤ ਨੇ ਸਿੱਖ ਮਨਾਂ ਨੂੰ ਡੂੰਘੀ ਸੱਟ ਮਾਰੀ। ਡੇਰਾ ਸਿਰਸਾ ਮੁਖੀ ਨੂੰ ਦਿੱਤੀ ਵਿਵਾਦਤ ਮਾਫ਼ੀ ਅਤੇ ਉਸ ਫ਼ੈਸਲੇ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਦਿੱਤੇ ਇਸ਼ਤਿਹਾਰਾਂ ਨੇ ਰੋਸ ਹੋਰ ਵਧਾਇਆ। ਉਨ੍ਹਾਂ ਆਖਿਆ ਕਿ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਸਰਕਾਰ ਵੇਲੇ ਹੀ ਸੰਗਤ ਨੂੰ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ਼ ਮੰਗਣ ਲਈ ਸੜਕਾਂ ਉੱਤੇ ਬੈਠਣਾ ਪਿਆ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ 2017 ਦੀ ਹਾਰ ਨੂੰ ਸਿਰਫ਼ ਚੋਣ ਹਾਰ ਵਜੋਂ ਨਹੀਂ, ਬਾਦਲ ਲੀਡਰਸ਼ਿਪ ਪ੍ਰਤੀ ਲੋਕਾਂ ਦੇ ਡੂੰਘੇ ਰੋਸ ਵਜੋਂ ਵੀ ਦੇਖਣਾ ਚਾਹੀਦਾ ਹੈ। ਪੈਸਾ, ਵੱਡੀਆਂ ਰੈਲੀਆਂ ਅਤੇ ਸਿਆਸੀ ਢਾਂਚਾ ਪੰਥ ਦੇ ਗੁਆਚੇ ਭਰੋਸੇ ਦੀ ਭਰਪਾਈ ਨਹੀਂ ਕਰ ਸਕਦੇ।

ਉਨ੍ਹਾਂ ਸਪੱਸ਼ਟ ਕੀਤਾ, “ਸਾਡਾ ਵਿਰੋਧ ਅਕਾਲੀ ਦਲ ਦੀ ਹੋਂਦ ਨਾਲ ਨਹੀਂ, ਇਸ ਨੂੰ ਬਾਦਲ ਦਲ ਬਣਾ ਦੇਣ ਵਾਲੀ ਸਿਆਸਤ ਨਾਲ ਹੈ। ਅੱਜ ਲੋੜ ਹੈ ਕਿ ਸਿੱਖ ਸਿਆਸਤ ਮੁੜ ਸਿਧਾਂਤਾਂ ਵੱਲ ਪਰਤੇ ਅਤੇ ਅਹੁਦਿਆਂ ਤੇ ਕੁਰਸੀਆਂ ਤੋਂ ਉੱਪਰ ਪੰਥ ਅਤੇ ਪੰਜਾਬ ਨੂੰ ਰੱਖੇ। ਅਕਾਲੀ ਦਲ ਦੀ ਅਸਲ ਤਾਕਤ ਪੰਥ ਸੀ ਅਤੇ ਇਸ ਦੀ ਮੁੜ ਉਸਾਰੀ ਵੀ ਪੰਥ ਹੀ ਕਰ ਸਕਦਾ ਹੈ।”

Latest News