Nazrana Times

ਪੰਜਾਬੀ

ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਪੂਰੀ ਜਾਂਚ ਅਤੇ ਹਾਈਕੋਰਟ ਵਿੱਚ ਟਾਈਮ-ਬਾਊਂਡ ਰਿਪੋਰਟ ਪੇਸ਼ ਕਰੇ ਪੰਜਾਬ ਸਰਕਾਰ : ਭਾਈ ਬਲਦੇਵ ਸਿੰਘ ਵਡਾਲਾ

31 Dec, 2025 06:38 PM
ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਪੂਰੀ ਜਾਂਚ ਅਤੇ ਹਾਈਕੋਰਟ ਵਿੱਚ ਟਾਈਮ-ਬਾਊਂਡ ਰਿਪੋਰਟ ਪੇਸ਼ ਕਰੇ ਪੰਜਾਬ ਸਰਕਾਰ : ਭਾਈ ਬਲਦੇਵ ਸਿੰਘ ਵਡਾਲਾ

ਅੰਮ੍ਰਿਤਸਰ, 31 ਦਸੰਬਰ , ਜੁਗਰਾਜ ਸਿੰਘ ਸਰਹਾਲੀ 
[FACTBOX]

ਅੱਜ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਤੇ ਹੋਰ ਪੰਥਕ ਆਗੂਆਂ ਵੱਲੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਲੰਬੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਭਾਈ ਵਡਾਲਾ ਨੇ ਸ਼੍ਰੋਮਣੀ ਕਮੇਟੀ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ 328 ਪਾਵਨ ਸਰੂਪਾਂ ਦੇ ਨਾਲ ਨਾਲ ਲੱਖਾਂ ਅੰਗਾਂ ਦੇ ਲਾਪਤਾ ਹੋਣ, ਬਿਨਾਂ ਅਧਿਕਾਰ ਛਪਾਈ ਅਤੇ ਕਈ ਥਾਵਾਂ ‘ਤੇ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਰਾਮਸਰ ਸਾਹਿਬ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਗ ਦੀ ਆੜ ‘ਚ ਕਈ ਪਾਵਨ ਸਰੂਪਾਂ ਦੀ ਸਮਗਲਿੰਗ ਕੀਤੇ ਜਾਣ ਦੇ ਗੰਭੀਰ ਸ਼ੱਕ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਤਿਆਰ ਕਰਵਾਈ ਗਈ 1100 ਸਫ਼ਿਆਂ ਦੀ ਪੜਤਾਲੀ ਰਿਪੋਰਟ ਵਿੱਚ ਹਰ ਪੱਖ ਨੂੰ ਬਹੁਤ ਹੀ ਸਪਸ਼ਟ ਤਰੀਕੇ ਨਾਲ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗੀ ਕਾਰਵਾਈ ਸਿਰਫ਼ ਵਿਖਾਵੇ ਲਈ ਕੀਤੀ ਗਈ, ਜਦਕਿ ਮੁੱਖ ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਇਆ ਗਿਆ। ਭਾਈ ਵਡਾਲਾ ਨੇ ਪੰਜਾਬ ਸਰਕਾਰ ਵੱਲੋਂ 7 ਦਸੰਬਰ ਨੂੰ ਦਰਜ ਕੀਤੀ ਗਈ ਐਫਆਈਆਰ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਥਕ ਦਬਾਅ ਅਤੇ ਸੰਗਤਾਂ ਦੀ ਏਕਤਾ ਦਾ ਨਤੀਜਾ ਹੈ, ਪਰ ਸਿਰਫ਼ ਐਫਆਈਆਰ ਨਾਲ ਇਨਸਾਫ਼ ਪੂਰਾ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰੀ, ਪੂਰੀ ਜਾਂਚ ਅਤੇ ਹਾਈਕੋਰਟ ਵਿੱਚ ਟਾਈਮ-ਬਾਊਂਡ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੜਤਾਲੀ ਰਿਪੋਰਟ ਦੇ ਹਰ ਇਕ ਬਿੰਦੂ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ ਅਤੇ 16 ਦੋਸ਼ੀਆਂ ਨਾਲ ਜੁੜੇ ਬਿਆਨਾਂ ਨੂੰ ਵੀਡੀਓ ਰਾਹੀਂ ਜਨਤਕ ਕੀਤਾ ਜਾਵੇਗਾ। ਅੰਤ ਵਿੱਚ ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਇਸ ਮਸਲੇ ‘ਤੇ ਇਕਜੁੱਟ ਰਹਿਣ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਲਈ ਚੱਲ ਰਹੀ ਲੜਾਈ ਨੂੰ ਅੰਤ ਤੱਕ ਲੈ ਕੇ ਜਾਣ। ਭਾਈ ਬਲਦੇਵ ਸਿੰਘ ਵਡਾਲਾ ਅਤੇ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦਲ ਖਾਲਸਾ, ਬਾਬਾ ਸਰਬਜੋਤ ਸਿੰਘ ਜੀ ਬੇਦੀ ਅਤੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਵਿਚਾਰ ਕਰਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸਮੁੱਚੀਆਂ ਪੰਥਕ, ਕਿਸਾਨ ਅਤੇ ਸਤਿਕਾਰ ਕਮੇਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਾਢੇ ਪੰਜ ਸਾਲਾਂ ਦੀ ਤਪੱਸਿਆ ਤੋਂ ਬਾਅਦ ਐਫਆਈਆਰ ਦਰਜ ਕਰਵਾਉਣਾ ਪੰਥ ਦੀ ਵੱਡੀ ਜਿੱਤ ਹੈ। ਭਾਈ ਸਿਰਸਾ ਨੇ ਦੱਸਿਆ ਕਿ 27 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਦੇ ਕੇ ਚੇਤਾਵਨੀ ਦਿੱਤੀ ਗਈ ਸੀ ਕਿ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਦੇ ਪੱਖ ‘ਚ ਕੋਈ ਬਿਆਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਐਫਆਈਆਰ ਸਰਕਾਰ ਵੱਲੋਂ ਨਹੀਂ, ਸਗੋਂ ਉਹਨਾਂ ਸੰਘਰਸ਼ਸ਼ੀਲ ਸਿੱਖਾਂ ਵੱਲੋਂ ਕਰਵਾਈ ਗਈ ਹੈ ਜੋ 40 ਦਿਨ ਤੱਕ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਧਰਨੇ ‘ਤੇ ਬੈਠੇ ਰਹੇ ਅਤੇ ਜਿਨ੍ਹਾਂ ‘ਤੇ ਉਸ ਸਮੇਂ ਜ਼ੁਲਮ ਵੀ ਹੋਏ। ਭਾਈ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ 1999 ਵਿੱਚ ਛਪੀ ਇਕ ਵਿਵਾਦਿਤ ਕਿਤਾਬ ਰਾਹੀਂ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਲਿਖਤ ਛਾਪੀ ਗਈ, ਜਿਸਨੂੰ ਬਾਅਦ ਵਿੱਚ ਗਲਤੀ ਮੰਨ ਕੇ ਵਾਪਸ ਲਿਆ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਗਲਤੀ ਮੰਨੀ ਜਾ ਚੁੱਕੀ ਹੈ, ਤਾਂ ਉਸ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ, ਜਦਕਿ ਇਸ ਮਸਲੇ ਨੂੰ ਉਠਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਥੇਦਾਰ ਜੋ ਗੁਰੂ ਤੋਂ ਉੱਚਾ ਨਹੀਂ ਹੈ ਅਤੇ ਪੰਥਕ ਪਰੰਪਰਾਵਾਂ ਅਨੁਸਾਰ ਸਵਾਲ ਪੁੱਛਣਾ ਹਰ ਸਿੱਖ ਦਾ ਹੱਕ ਹੈ। ਭਾਈ ਸਿਰਸਾ ਨੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸੁਤੰਤਰਤਾ ਨੂੰ ਮੁੜ ਸਥਾਪਿਤ ਕਰਨ ਲਈ ਅੱਗੇ ਆਉਣ। ਇਸ ਮੌਕੇ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਸਰੂਪ ਸਿੰਘ ਭੁੱਚਰ, ਜਥਾ ਸਿਰਲੱਥ ਖਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਆਵਾਜ਼ੇ ਕੌਮ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਰਣਵੀਰ ਸਿੰਘ, ਜਗਤਾਰ ਸਿੰਘ ਮਹਾਲਮ, ਸੁਖਦੇਵ ਸਿੰਘ, ਦਿਲਬਾਗ ਸਿੰਘ ਵਰਪਾਲ, ਬਲਵਿੰਦਰ ਕੌਰ ਪੰਧੇਰ, ਸੱਜਣ ਸਿੰਘ ਪੱਟੀ, ਨਿਰਮਲ ਸਿੰਘ ਵਲਟੋਹਾ, ਜਸਬੀਰ ਸਿੰਘ ਸਸਤੇਵਾਲਾ, ਮਨਜੀਤ ਸਿੰਘ ਝਬਾਲ ਮਨਪ੍ਰੀਤ ਸਿੰਘ ਆਜ਼ਾਦ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #