Nazrana Times

ਪੰਜਾਬੀ

ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਮਹਾਨ ਕ੍ਰਾਂਤਕਾਰੀ ਬਾਬਾ ਰਵਿਦਾਸ ਜੀ ਦੇ 649ਵੇਂ ਜਨਮ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ !

01 Feb, 2026 08:50 PM
ਭਗਤੀ ਲਹਿਰ ਦੇ ਸ਼੍ਰੋਮਣੀ ਭਗਤ  ਮਹਾਨ ਕ੍ਰਾਂਤਕਾਰੀ ਬਾਬਾ ਰਵਿਦਾਸ ਜੀ ਦੇ 649ਵੇਂ  ਜਨਮ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ !

ਭਗਤੀ ਲਹਿਰ ਦੇ ਸ਼ਰੋਮਣੀ ਭਗਤ ਰਵਿਦਾਸ ਜੀ ਦਾ 649 ਵਾਂ ਪ੍ਰਕਾਸ਼ ਉਤਸਵ ਸੰਸਾਰ ਅੰਦਰ ਬਹੁਤ ਹੀ ਸ਼ਰਧਾਂ ਤੇ ਭਾਵਨਾਂ ਨਾਲ ਮਨਾਇਆਂ ਜਾ ਰਿਹਾ ਹੈ । ਭਗਤ ਰਵਿਦਾਸ ਜੀ ਬ੍ਰਹਮਣਵਾਦ ਵੱਲੋਂ ਪਾਈ ਵਰ੍ਹਣ ਵੰਡ ਅਨੁਸਾਰ ਸ਼ੂਦਰ ਜਾਤੀ ਨਾਲ ਸਬੰਧਤ ਸਨ । ਜਾਤ ਅਭਿਮਾਨੀ ਮੰਨੂਵਾਦੀਆਂ ਨੇ ਅਕਾਲ ਪੁਰਖ ਦੀ ਬੰਦਗੀ ਕਰਨ ਤੋ ਲੈ ਕੇ ਅੱਤ ਦਰਜੇ ਦੀਆਂ ਘਿਨਾਉਣੀਆਂ ਅਣਮਨੁੱਖੀ ਪਾਬੰਦੀਆਂ ਲਾਈਆਂ ਹੋਈਆਂ ਸਨ ਤੇ ਇਸ ਦੀ ਉਲੰਘਣਾ ਕਰਨ ਵਾਲਿਆ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਦੇ ਸਨ ।ਭਗਤ ਰਵਿਦਾਸ ਜੀ “ ਨੀਚ ਜਾਤ ਹਰਿ ਜਪਤਿਆ ਉਤਮ ਪਦਵੀ ਪਾਏ ਦੇ ਮਾਹਾਂ ਵਾਕ ਅਨੁਸਾਰ ਅਕਾਲ ਪੁਰਖ ਦੀ ਬਦੰਗੀ ਕਰਕੇ ਉਸ ਅਕਾਲ ਪੁਰਖ ਦੇ ਭੇਦ ਨੂੰ ਸਮਝ ਕਿ ਉਸ ਨਾਲ ਇਕਮਿਕ ਹੋ ਗਏ ਤੇ ਜੋ ਉਹਨਾਂ ਨੂੰ ਰੱਬੀ ਗਿਆਨ ਪ੍ਰਾਪਤ ਹੋਇਆ ਉਹ ਪੰਜਵੇਂ ਗੁਰੂ ਨਾਨਕ ਦੀ ਜੋਤ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਬ੍ਰਹਮਵਾਦ ਦੇ ਪਾਏ ਊਚ ਨੀਚ, ਜਾਤ-ਪਾਤ ਦੇ ਪੰਖਡਵਾਦ ਨੂੰ ਸਦੀਵੀਂ ਤੌਰਤੇ ਖਤਮ ਕਰ ਦਿੱਤਾ ਸੀ । ਦਸਵੇਂ ਗੁਰੂ ਨਾਨਕ ਦੀ ਜੋਤ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਹੁਲ ਦੇਣ ਸਮੇਂ ਇੱਕੋ ਬਾਟੇ ਵਿੱਚੋਂ ਪਹੁਲ ਛਕਾਕੇ ਸਭ ਨੂੰ ਗੁਰ ਭਾਈ ਬਣਾਉਣ ਤੇ ਮਨੁੱਖੀ ਜੀਵਨ ਜਾਂਚ ਦੇ ਖਜ਼ਾਨੇ ਛੇ ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਤੇ ਤਿੰਨ ਗੁਰਸਿੱਖਾਂ ਦੇ ਰੱਬੀ ਗਿਆਨ ਦੇ ਭੰਡਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਮੂਹ ਖਾਲਸਾ ਪੰਥ ਨੂੰ ਇਸ ਦੇ ਲੜ ਲਾਇਆ ।ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਹਨ ।ਜਿਨ੍ਹਾਂ ਵਿੱਚ ਭਗਤ ਜੀ ਦੇ ਰੱਬੀ ਗਿਆਨ ਤੇ ਬ੍ਰਹਮਵਾਦ ਦੇ ਪੰਖਡਵਾਦ ਤੇ ਮਾਰੀ ਚੋਟ ਸਾਫ ਝਲਕਾ ਮਾਰਦੀ ਹੈ । ਅੱਜ ਸ਼ੈਤਾਨ ਬ੍ਰਿਤੀ ਦੇ ਮਾਲਕ ਬ੍ਰਹਮਵਾਦ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਮਨਘੜ੍ਹਤ ਸਾਖੀਆਂ ਘੜ੍ਹਕੇ ਭਗਤ ਰਵਿਦਾਸ ਜੀ ਦਾ ਗੁਰੂ ਬ੍ਰਹਮਣ ਤੇ ਉਹਨਾਂ ਨੂੰ ਮੂਰਤੀ ਪੂਜਕ, ਕਰਮਕਾਂਡੀ, ਕਰਾਮਾਤੀ ਦਿਖਾਇਆ ਜਾ ਰਿਹਾ ਹੈ ਤੇ ਇੱਥੋਂ ਤੱਕ ਭਗਤ ਰਵਿਦਾਸ ਜੀ ਦੀ ਜਾਤ ਨਾਲ ਸਬੰਧਤ ਲੋਕ ਵੀ ਭਗਤ ਰਵਿਦਾਸ ਜੀ ਦੇ ਮੁਖਾਰਬਿੰਦ ਤੋ ਉਚਾਰੀ ਰੱਬੀ ਬਾਣੀ ਨੂੰ ਆਪ ਪੜ੍ਹਣ , ਵੀਚਾਰਨ ਤੇ ਉਸ ਉੱਪਰ ਚੱਲਣ ਦੀ ਬਜਾਏ ਬ੍ਰਹਮਵਾਦ ਦੇ ਵਿਛਾਏ ਜਾਲ ਵਿੱਚ ਉਲਝਦਾ ਸਾਫ ਨਜ਼ਰ ਆਉਦਾ ਹੈ ।ਅੱਜ ਦਾ ਮੰਨੂਵਾਦੀ ਭਾਰਤੀ ਹਕੂਮਤ ਇੱਕ ਪਾਸੇ ਦਲਿਤ ਭਾਈਚਾਰੇ ਤੇ ਅੱਤ ਦਰਜੇ ਦੇ ਜ਼ੁਲਮ ਢਾਹ ਰਿਹਾ ਹੈ ਇੱਥੋਂ ਤੱਕ ਕਿ ਸੰਵਿਧਾਨਿਕ ਉੱਚ ਔਹੁਦੇ ਵਾਲਿਆ ਨੂੰ ਜਾਤ ਅਭਿਮਾਨੀ ਹਿੰਦੂਤਵੀਆਂ ਦੇ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਚਾਹੇ ਉਹ ਰਾਸ਼ਟਰਪਤੀ ਦੇ ਔਹੁਦੇ ਉਪੱਰ ਹੀ ਕਿਉਂ ਨਾ ਹੋਵੇ ਅੱਜ ਵੀ ਉੱਚ ਜਾਤ ਅਭਿਮਾਨੀਆਂ ਵੱਲੋ ਕੁਝ ਖੇਤਰਾਂ ਵਿੱਚ ਦਲਿਤ ਔਰਤਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ ਪਰ ਵੋਟਾਂ ਤੇ ਰਾਜ ਖਾਤਰ ਤੇ ਘੱਟ ਗਿਣਤੀਆਂ ਨੂੰ ਗੁਲਾਮ ਬਣਾਉਣ ਦੀ ਹਿੰਦੂਤਵੀ ਬਿਰਤੀ ਨਿੱਜ ਸਵਾਰਥੀ ਜੋ ਆਪਣੀਆਂ ਜਮੀਰਾਂ ਦਾ ਸੌਦਾ ਕਰਕੇ ਅਜਿਹੇ ਲੋਕਾਂ ਨੂੰ ਹੱਥ ਠੋਕੇ ਬਣਾ ਕੇ ਅੱਜ ਵੀ ਇਸ ਭਾਈਚਾਰੇ ਦੇ ਇੱਕ ਵੱਡੇ ਹਿੱਸੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।ਇਸੇ ਤਰ੍ਹਾਂ ਕੁਝ ਲੋਕ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣ ਤੇ ਖੰਡੇ ਦੀ ਪਹੁਲ ਲੈਣ ਵਾਲੇ ਸਿੱਖ ਜਾਤ ਦਾ ਅਭਿਮਾਨ ਕਰਦੇ ਹਨ । ਉਹ ਗੁਰੂ ਦੇ ਸਿੱਖ ਨਹੀ ਹੋ ਸਕਦੇ । ਧਰਮ ਦੇ ਨਾ ਤੇ ਮਨੁੱਖਤਾ ਦੀ ਲੁੱਟ ਕਰਨ ਵਾਲੇ ਬ੍ਰਹਮਣਵਾਦ ਨੇ, ਮਨੁੱਖੀ ਬਰਾਤਬਰਤਾ ਵਾਲੇ ਸਿੱਖ ਧਰਮ ਵਿੱਚ, ਜਿੱਥੇ ਆਪਣੀ ਸੋਚ ਤੇ ਆਪਣੇ ਹੱਥ ਠੋਕੇ ਫਿੱਟ ਕਰ ਦਿੱਤੇ ਹਨ। ਉਥੇ ਦੂਜੇ ਪਾਸੇ ਰਵਿਦਾਸ ਭਾਈਚਾਰੇ ਵਿੱਚ ਵੀ ਭਗਤ ਰਵਿਦਾਸ ਜੀ ਦੇ ਨਾ ਤੇ ਸਿਰਫ ਇਸ ਜਾਤ ਨਾਲ ਸਬੰਧਤ ਲੋਕਾਂ ਨੂੰ ਭਗਤ ਰਵਿਦਾਸ ਜੀ ਦੀ ਗੁਰਬਾਣੀ ਸਿਧਾਤ ਨੂੰ ਸਮਝਣ ਦੀ ਬਜਾਏ ,ਬ੍ਰਹਮਵਾਦੀ ਸੋਚ ਵੱਲੋ ਲਿਖੀਆਂ ਸਾਖੀਆਂ ਸੁਣਾਕੇ ਅਸਲ ਗੁਰਬਾਣੀ ਸਿਧਾਤ ਤੋਂ ਕੋਹਾ ਦੂਰ ਕੀਤਾ ਜਾ ਰਿਹਾ ਤੇ ਸਿੱਖ ਪੰਥ ਨਾਲੋਂ ਤੋੜਨ ਵਾਲਾ ਜ਼ਹਿਰ ਘੋਲਿਆਂ ਜਾ ਰਿਹਾ ਹੈ ।ਅੱਜ ਰਵਿਦਾਸ ਭਾਈਚਾਰੇ ਨਾਲ ਸਬੰਧਤ ਵੀਰ ਜੋ ਜਾਣੇ ਜਾਂ ਅਣਜਾਣੇ ਸਿਆਸੀ ਲੋਕਾਂ ਜਿਹਨਾਂ ਦਾ ਮਕਸਦ ਸਿਰਫ ਕੁਰਸੀ, ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਣ ਵਾਲੇ ਸਿੱਖ ਪੰਥ ਦੇ ਦੁਸ਼ਮਣਾਂ ਦੀਆਂ ਚਾਲਾਂ ਵਿੱਚ ਘਿਰਕੇ ਸਿੱਖੀ ਵਿੱਚ ਨਾ ਬਰਾਬਰੀ ਦਾ ਬਹਾਨਾ ਬਣਾਉਣ ਵਾਲੇ ਵੀਰਾਂ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਵਾਗ ਗੁਰਮਤਿ ਸਿਧਾਤਾਂ ਨੂੰ ਆਪਣਾਉਣ ਦੀ ਲੋੜ ਹੈ। ਉਸ ਵਕਤ ਵੀ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦਲਿਤਾਂ ਦੀ ਦੇਗ ਤੇ ਅਰਦਾਸ ਦੀ ਮਨਾਹੀ ਕਰ ਦਿੱਤੀ ਸੀ ਤਾਂ ਗਿਆਨੀ ਦਿੱਤ ਸਿੰਘ ਜੀ ,ਪ੍ਰੋ. ਗੁਰਮੁੱਖ ਸਿੰਘ ਜੀ ਨੇ ਸਿੰਘ ਸਭਾ ਲਹਿਰ ਇਹਨਾਂ ਆਈਆਂ ਗਿਰਾਵਾਟਾਂ ਦੇ ਖਿਲਾਫ ਚਲਾਈ ਸੀ। ਜਿਸ ਨੇ ਬਹੁਤ ਹੀ ਸੁਧਾਰਵਾਦੀ ਕੰਮ ਕੀਤੇ ਤੇ ਇਸੇ ਹੀ ਲਹਿਰ ਵਿੱਚੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿੱਚ ਆਈ ਸੀ ।ਜੇਕਰ ਅੱਜ ਧਰਮ ਦੇ ਬੁਰਕੇ ਵਿੱਚ ਸਿਆਸੀ ਆਧਰਮਿਕ ਲੋਕ ਕਾਬਜ਼ ਹੋਕੇ ਸਿੱਖੀ ਸਿਧਾਤਾਂ ਤੋਂ ਉਲਟ ਕੰਮ ਕਰਦੇ ਹਨ ਤਾਂ ਰਵਿਦਾਸ ਭਾਈਚਾਰੇ ਨੂੰ ਗੁਰਮਤਿ ਸਿਧਾਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਖੰਡੇ ਬਾਟੇ ਦੀ ਪਹੁਲ ਲੈ ਕੇ ਇਸ ਦੇ ਖਿਲਾਫ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ ਨਾ ਕਿ ਵੱਖਰਾ ਗ੍ਰੰਥ ਤੇ ਪੰਥ ਚਲਾਉਣ ਦੀ ।ਸੋ ਭਗਤ ਰਵਿਦਾਸ ਜੀ ਦੇ 649ਵਾਂ ਜਨਮ ਉਤਸਵ ਨੂੰ ਮਨਾਉਦੇ ਹੋਏ ਇਲਾਹੀ ਗੁਰਬਾਣੀ ਨੂੰ ਆਪ ਪੜ੍ਹਨ ਤੇ ਵੀਚਾਰਨ ਦੀ ਕੋਸ਼ਿਸ਼ ਕਰਕੇ ਉਸ ਤੋਂ ਸੇਧ ਲੈਕੇ ਆਪਣਾ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰੀਏ ।

            ਗੁਰਚਰਨ ਸਿੰਘ ਗੁਰਾਇਆ

Posted By: GURBHEJ SINGH ANANDPURI