ਬਾਦਲੀ-ਧੌਂਸ’ ਅਕਾਲੀ ਫੂਲਾ ਸਿੰਘ ਦੀ ਪਦਵੀ ਤੋਂ ਬਾਅਦ ਹੁਣ ਬਾਬਾ ਬੁੱਢਾ ਜੀ ਦੀ ਪਦਵੀ ‘ਤੇ ਵੀ ਹਾਵੀ ਹੋ ਗਈ!-ਦੁਪਾਲ ਪੁਰ
28 Feb, 2026 12:54 AM
ਸੈਨਹੋਜ਼ੇ , ਨਜ਼ਰਾਨਾ ਟਾਈਮਜ ਬਿਊਰੋ
ਲੰਘੇ ਦਿਨ ਸ਼੍ਰੋਮਣੀ ਕਮੇਟੀ ਦੀ ਐਗ਼ਜ਼ੈਕਟਿਵ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜਬਰੀ ਰਿਟਾਇਰ ਕਰਨ ਦੀ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਲੇਖਕ ਤਰਲੋਚਨ ਸਿੰਘ ਦੁਪਾਲ ਪੁਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਥਕ ਕੇਂਦਰ ਉੱਤੇ ਦਹਾਕਿਆਂ ਤੋਂ ਕਾਬਜ ਬਾਦਲਸ਼ਾਹੀ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਬਉੱਚ ਪਦਵੀ ਨਾਲ ਮਨਮਰਜੀ ਦੇ ਖਿਲਵਾੜ ਕਰਦੀ ਹੋਈ ਹੁਣ ਬਾਬਾ ਬੁੱਢਾ ਜੀ ਦੇ ਸਤਿਕਾਰਤ ਪਦ ਉੱਤੇ ਵੀ ਹਾਵੀ ਹੋ ਗਈ ਹੈ।
ਈ-ਮੇਲ ਰਾਹੀਂ ਭੇਜੇ ਆਪਣੇ ਲਿਖਤੀ ਬਿਆਨ ਵਿਚ ਭਾਈ ਦੁਪਾਲ ਪੁਰ ਨੇ ਕਿਹਾ ਕਿ ਦੋ ਦਸੰਬਰ ਸੰਨ ਪੱਚੀ ਦੇ ਇਤਹਾਸਕ ਹੁਕਮਨਾਮੇ ਜਾਰ੍ਹੀ ਕਰਨ ਵਾਲ਼ੇ ਜਥੇਦਾਰ ਸਾਹਿਬਾਨ ਦੀ ਵਾਰੋ ਵਾਰੀ ਬਰਖਾਸਤਗੀ ਤੋਂ ਬਾਅਦ ਉਸ ਲੜੀ ਦੀ ਗਿਆਨੀ ਰਘਬੀਰ ਸਿੰਘ ਆਖਰੀ ਕੜੀ ਸਨ ਜਿਨ੍ਹਾਂ ਨੂੰ ਹੁਣ ਅਹੁਦਾ-ਮੁਕਤ ਕਰਨ ਦੀ ਸਜ਼ਾ ਦਿੱਤੀ ਗਈ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਸਰਬੋਤਮ ਪਦਵੀਆਂ ‘ਤੇ ‘ਗੁਰਬਚਨ ਸਿੰਘ’ ਬਣੇ ਰਹਿਣ ਵਾਲ਼ੇ ਸਿੰਘ ਹੀ ਮਾਲਕਾਂ ਨੂੰ ਪ੍ਰਵਾਨ ਹੁੰਦੇ ਹਨ।ਸ਼੍ਰੋਮਣੀ ਕਮੇਟੀ ‘ਤੇ ਕਾਬਜ ਧਿਰ ਦੀ ਧੌਂਸ ਭਰੀ ਇਸ ਧੱਕੇਸ਼ਾਹੀ ਦਾ ਸਿੱਧਾ ਮਤਲਬ ਇਹੀ ਹੈ ਕਿ ਤਖਤਾਂ ਉੱਤੇ ਜਥੇਦਾਰ ਲਾਉਣ ਜਾਂ ਲਾਹੁਣ ਵਾਲ਼ੀ ‘ਮਾਲਕਾਂ ਦੀ ਮਰਜੀ’ ਹੁਣ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਮਹਾਨ ਪਦ ਉੱਤੇ ਵੀ ਚੱਲਣ ਲੱਗ ਪਈ ਹੈ।
ਦੋ ਦਸੰਬਰ ਦੇ ਹੁਕਮਨਾਮੇ ਨਾਲ ਸਬੰਧਤ ਸਿੰਘ ਸਾਹਿਬਾਨ ਨਾਲ ਹੋਏ ਸਲੂਕ ਨੂੰ ਗੌਰ ਨਾਲ ਵਾਚਣ ਲਈ ਮੌਜੂਦਾ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦਿਆਂ ਭਾਈ ਦੁਪਾਲ ਪੁਰ ਨੇ ਕਿਹਾ ਕਿ ਉਹ ਵੀ ਆਪਣੇ ਭਵਿੱਖ ਬਾਰੇ ਚਿੰਤਤ ਹੁੰਦਿਆ ਹਕੀਕਤਾਂ ਉੱਤੇ ਬਾਜ਼ ਨਜ਼ਰ ਰੱਖਣ।
ਬਿਆਨ ਦੇ ਅਖੀਰ ਵਿੱਚ ਭਾਈ ਦੁਪਾਲ ਪੁਰ ਨੇ ਭਵਿੱਖੀ ਤਵੱਕੋ ਕਰਦਿਆਂ ਕਿਹਾ ਕਿ ਗੁਰੂ ਦਾ ਡਰ ਭਉ ਭੁਲਾ ਕੇ ਪੰਥਕ ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਘਾਣ ਕਰਨ ਵਾਲਿਆਂ ਨੂੰ ਜਿਵੇਂ ਵੱਖ ਵੱਖ ਚੋਣਾ ਮੌਕੇ ਪੰਜਾਬ ਵਾਸੀਆਂ ਨੇ ਦੁਰਕਾਰਿਆ ਅਤੇ ਨਕਾਰਿਆ ਹੈ,ਇਵੇਂ ਹੀ ਸ਼੍ਰੋਮਣੀ ਕਮੇਟੀ ਚੋਣਾ(ਜਿਨ੍ਹਾਂ ਨੂੰ ਸਿੱਖ ਪੰਥ ਬੜੀ ਬੇਸਬਰੀ ਨਾਲ ਉਡੀਕ ਰਿਹਾ ਹੈ)ਮੌਕੇ ਉਹੋ ਜਿਹਾ ਹੀ ਸਬਕ ਸਿਖਾਏ ਗਾ।
Posted By: GURBHEJ SINGH ANANDPURI







