Nazrana Times

ਪੰਜਾਬੀ

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਨੇ ਕਸ਼ਮੀਰ ’ਚ ਕਰਵਾਈਆਂ ‘ਗੁਰ ਵਿਚਾਰਾਂ’

25 Jul, 2025 03:58 PM
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਨੇ ਕਸ਼ਮੀਰ ’ਚ ਕਰਵਾਈਆਂ ‘ਗੁਰ ਵਿਚਾਰਾਂ’

ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ

ਪਟਿਆਲਾ 25 ਜੁਲਾਈ, ਨਜ਼ਰਾਨਾ ਟਾਈਮਜ ਬਿਊਰੋ 

2025 ਦਾ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਇਸ ਪ੍ਰਥਾਏ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਸਮਾਗਮਾਂ ਦੀ ਲੜੀ ’ਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ‘ਗੁਰ ਵਿਚਾਰ’ ਸਿਰਲੇਖ ਅਧੀਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਫਲਸਫ਼ੇ ਤੇ ਸ਼ਹਾਦਤ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ। ਇਸ ਸਮਾਗਮ ’ਚ ਪੰਜਾਬ ਸਰਕਾਰ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉੱਘੇ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਨੇ ਮੁੱਖ ਵਕਤਾ ਵਜੋਂ ਭਾਸ਼ਣ ਦਿੱਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸੁਰਜੀਤ ਪਾਤਰ ਚੇਅਰ ਦੇ ਮੁੱਖੀ ਡਾ. ਜਗਦੀਸ਼ ਕੌਰ ਤੇ ਪ੍ਰਿੰ. ਵਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਦਾ ਗੁਰੂ ਤੇਗ ਬਹਾਦਰ ਜੀ ਬਾਰੇ ਵਿਸ਼ੇਸ਼ ਅੰਕ ਅਤੇ ਵਿਭਾਗੀ ਸਰਗਰਮੀਆਂ ਬਾਰੇ ਸਚਿੱਤਰ ਰਿਪੋਰਟ ‘ਭਾਸ਼ਾ ਵਿਭਾਗ-ਨਵਾਂ ਅਗਾਜ਼’ ਵੀ ਲੋਕ ਅਰਪਣ ਕੀਤੀ ਗਈ। ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਅਧੀਨ ਸਕੱਤਰ ਸ਼੍ਰੀ ਅਦੀਲ ਸਲੀਮ ਨੇ ਸਮਾਗਮ ’ਚ ਸ਼ਾਮਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਭਾਸ਼ਾ ਵਿਭਾਗ ਵੱਲੋਂ ਵਧੀਆ ਸਮਾਗਮ ਲਈ ਕਸ਼ਮੀਰ ਦੀ ਚੋਣ ਕਰਨ ਦੀ ਸ਼ਲਾਘਾ ਕੀਤੀ।

ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸਾਵਗਤੀ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਜਿਨ੍ਹਾਂ ਆਪਣੇ ਇਤਿਹਾਸ ਬਾਰੇ ਪਿਛੋਂ ਤੱਕ ਜਾਣੂ ਹੋਵਾਂਗੇ, ਉਨ੍ਹਾਂ ਹੀ ਸਾਡੀ ਵਰਤਮਾਨ ਬਾਰੇ ਸਮਝ ਸਪੱਸ਼ਟ ਹੋਵੇਗੀ ਕਿਉਂਕਿ ਸਾਡਾ ਭੂਤ ਸਾਡੇ ਵਰਤਮਾਨ ਵਿਚ ਰਮਿਆ ਹੁੰਦਾ ਹੈ ਜੋ ਭਵਿੱਖ ਦੀ ਦਸ਼ਾ ਤੇ ਦਿਸ਼ਾ ਤੈਅ ਕਰਦਾ ਹੈ। ਉਨ੍ਹਾਂ ਕਿਹਾ ਕਸ਼ਮੀਰ ’ਚ ਸਮਾਗਮ ਕਰਵਾਉਣ ਦਾ ਮਕਸਦ ਵੀ ਇਹੀ ਸੀ ਕਿ ਅਸੀਂ ਗੁਰੂ ਸਾਹਿਬ ਦੇ ਫਸਸਫ਼ੇ ਤੇ ਸ਼ਹਾਦਤ ਬਾਰੇ ਪਿੱਛੋਂ ਤੋਂ ਜਾਣਕਾਰੀ ਹਾਸਲ ਕਰ ਸਕੀਏ। ਪੰਡਤ ਕਿਰਪਾ ਰਾਮ ਨੂੰ ਜ਼ਿਆਦਤਰ ਲੋਕ ਕਸ਼ਮੀਰੀ ਪੰਡਤਾਂ ਦੇ ਨੁਮਾਇੰਦੇ ਵਜੋਂ ਹੀ ਜਾਣਦੇ ਹਨ ਜਦੋਂ ਕਿ ਉਨ੍ਹਾਂ ਦੇ ਗੁਰੂ ਪਰਿਵਾਰ ਨਾਲ ਸਬੰਧਾਂ ਤੇ ਸ਼ਹੀਦੀ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਇਸ ਸਬੰਧੀ ਜਾਣਕਾਰੀ ਦੇਣਾ ਵੀ ਇਨ੍ਹਾਂ ਸਮਾਗਮਾਂ ਦਾ ਦੂਜਾ ਵੱਡਾ ਮਕਸਦ ਹੈ।

ਡਾ. ਜਗਦੀਸ਼ ਕੌਰ ਨੇ ਗੁਰੂ ਸਾਹਿਬ ਦੀ ਬਾਣੀ ਸਬੰਧੀ ਆਪਣੇ ਭਾਸ਼ਣ ’ਚ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੇ 54 ਸਾਲਾ ਜੀਵਨ ਕਾਲ ਦੌਰਾਨ 57 ਸ਼ਲੋਕ ਸਿਰਜੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਉਨ੍ਹਾਂ ਦੀ ਬਾਣੀ ਸਬਰ, ਸੰਤੋਖ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਉਹ ਸਮੁੱਚੀ ਮਨੁੱਖਤਾ ਦੀ ਚਾਦਰ ਸਨ।

ਡਾ. ਵਰਿੰਦਰ ਕੌਰ ਨੇ ਕਿਹਾ ਅਜਿਹੇ ਸਮਾਗਮਾਂ ’ਚ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਗੁਰੂ ਸਾਹਿਬ ਦੀ ਮਹਾਨਤਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਸਾਨੂੰ ਜਾਣਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿੰਨਾ ਹਾਲਾਤਾਂ ਕਰਕੇ ਹੋਈ ਅਤੇ ਉਸ ਤੋਂ ਬਾਅਦ ਹਾਲਾਤਾਂ ’ਚ ਕੀ ਤਬਦੀਲੀ ਆਈ।

ਮੁੱਖ ਵਕਤਾ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਗੱਲ ਸਪੱਸ਼ਟ ਰੂਪ ’ਚ ਸਾਹਮਣੇ ਆਉਂਦੀ ਹੈ ਕਿ ਦੁਨੀਆ ਦਾ ਹਰ ਸ਼ਾਸ਼ਕ ਚਾਹੁੰਦਾ ਰਿਹਾ ਤੇ ਕੋਸ਼ਿਸ਼ ਕਰਦਾ ਰਿਹਾ ਹੈ ਕਿ ਉਸ ਦੇ ਰਾਜ ਦੇ ਲੋਕਾਂ ਦਾ ਧਰਮ ਵੀ ਉਸ ਵਾਲਾ ਹੀ ਹੋਵੇ। ਸਤਾਰਵੀਂ ਸਦੀ ’ਚ ਜਿਸ ਸਮੇਂ ਔਰੰਗਜ਼ੇਬ ਹਿੰਦ ਦੀ ਧਰਤੀ ’ਤੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਲਈ ਜ਼ੁਲਮ ਕਰ ਰਿਹਾ ਸੀ ਉਸੇ ਸਮੇਂ ਯੂਰਪ ’ਚ ਵੀ ਇਹੋ ਕੁਝ ਚੱਲ ਰਿਹਾ ਸੀ। ਇਸੇ ਕਾਲ ਦੌਰਾਨ ਹੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀ ਸ਼ਹਾਦਤ ਇਕੱਲੀ ਹਿੰਦ ਲਈ ਨਹੀਂ ਸੀ ਸਗੋਂ ਸਮੁੱਚੀ ਲੋਕਾਈ ਲਈ ਵੱਡਾ ਸੰਦੇਸ਼ ਸੀ। ਉਨ੍ਹਾਂ ਕਿਹਾ ਕਿ ਸਾਡੀ ਗੁਰੂ ਵਿਰਾਸਤ ’ਚ ਜੋ ਫਲਸਫ਼ਾ ਪਿਆ ਹੈ ਉਹ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਹੈ, ਲੋੜ ਸਿਰਫ਼ ਇਸ ਨੂੰ ਸਹੀ ਤਰ੍ਹਾਂ ਸਮਝ ਕੇ ਪੂਰੀ ਦੁਨੀਆ ਸਨਮੁਖ ਪੇਸ਼ ਕਰਨ ਦੀ ਲੋੜ ਹੈ। ਡਾ. ਗਰੇਵਾਲ ਨੇ ਕਿਹਾ ਕਿ ਇਸ ਸਮੇਂ ਵਾਤਾਵਰਣਿਕ ਤਬਦੀਲੀਆਂ ਕਾਰਨ ਸਮੁੱਚੀ ਮਾਨਵਤਾ ਖਤਰੇ ਵਿੱਚ ਹੈ ਜਦੋਂ ਕਿ ਬੰਦਾ ਆਪਣੀ ਹੋਂਦ ਬਚਾਉਣ ਲਈ ਯਤਨਸ਼ੀਲ ਹੈ। ਲੋੜ ਗੁਰੂ ਸਾਹਿਬ ਦੇ ‘ਪਵਨ ਗੁਰੂ ਪਵਨ ਪਿਤਾ’ ਵਾਲੇ ਫਲਸਫ਼ੇ ’ਤੇ ਅਮਲ ਕਰਕੇ, ਸਮੁੱਚੀ ਸ੍ਰਿਸ਼ਟੀ ਨੂੰ ਬਚਾਉਣ ਲਈ ਕਤਰਮਾਨਵੀ ਸੂਝ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਕਾਰਜ ਗੁਰੂ ਫਲਸਫ਼ੇ ਨੂੰ ਵਿਸ਼ਵ ਵਿਆਪੀ ਪਰਿਪੇਖ ’ਚ ਪ੍ਰਚਾਰਨਾ ਚਾਹੀਦਾ ਹੈ।

ਸਮਾਗਮ ਦੇ ਮੁੱਖ ਮਹਿਮਾਨ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਵੰਬਰ ਮਹੀਨੇ ’ਚ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ। ਜਿਸ ਸਬੰਧੀ ਵੱਖ-ਵੱਖ ਥਾਵਾਂ ਤੋਂ ਯਾਤਰਾਵਾਂ ਆਰੰਭ ਕੱਢੀਆਂ ਜਾਣਗੀਆਂ। ਜਿਨ੍ਹਾਂ ’ਚ ਕਸ਼ਮੀਰ ਤੋਂ ਚੱਲਣ ਵਾਲੀ ਯਾਤਰਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਜਦੋਂ ਅਸੀਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਦੇ ਹਾਂ ਤਾਂ ਉਸ ਵੇਲੇ ਉਸ ਵਿਅਕਤੀ ਕੋਲ ਜਾਂਦੇ ਹੋ ਜਿਸ ਤੋਂ ਸਭ ਤੋਂ ਵੱਧ ਉਮੀਦ ਹੁੰਦੀ ਹੈ। ਇਸੇ ਤਰ੍ਹਾਂ ਹੀ ਕਸ਼ਮੀਰੀ ਪੰਡਤਾਂ ਨੇ ਸੰਕਟ ਪੈਣ ’ਤੇ ਗੁਰੂ ਤੇਗ ਬਹਾਦਰ ਜੀ ’ਤੇ ਵਿਸ਼ਵਾਸ਼ ਕੀਤਾ ਕਿ ਉਹ ਹੀ ਅਜਿਹੇ ਸਮੇਂ ਉਨ੍ਹਾਂ ਲਈ ਸ਼ਹਾਦਤ ਦੇ ਸਕਦੇ ਹਨ। ਗੁਰੂ ਸਾਹਿਬ ਦੀ ਸ਼ਹਾਦਤ ਸਪੱਸ਼ਟ ਰੂਪ ’ਚ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਫਲਸਫ਼ੇ ’ਚ ਜਿੱਥੇ ਸ਼ਹੀਦੀ ਦਾ ਸੰਕਲਪ ਹੈ ਉੱਥੇ ਮੁਆਫ਼ੀ ਦਾ ਸੰਕਲਪ ਵੀ ਹੈ। ਜਿਸ ਦੀਆਂ ਅਨੇਕ ਮਿਸਾਲਾਂ ਮਿਲਦੀਆਂ ਹਨ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਗਮ ਲਈ ਸਹਿਯੋਗ ਦੇਣ ਵਾਲੇ ਅਕੈਡਮੀ ਦੇ ਅਧਿਕਾਰੀ ਪੋਪਇੰਦਰ ਸਿੰਘ ਪਾਰਸ ਤੇ ਤਿਰਲੋਕ ਸਿੰਘ ਦੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਖੋਜ ਅਫਸਰ ਡਾ. ਮਨਜਿੰਦਰ ਸਿੰਘ, ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਗੁਰਪ੍ਰੀਤ ਮਾਨਸਾ, ਅਜੀਤ ਸਿੰਘ ਮਸਤਾਨਾ, ਸੰਦੀਪ ਸ਼ਰਮਾ, ਹਰੀ ਸਿੰਘ ਜਾਚਕ ਤੇ ਵੱਡੀ ਗਿਣਤੀ ’ਚ ਸਥਾਨਕ ਸ਼ਖ਼ਸੀਅਤਾਂ ਸ਼ਾਮਲ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #