Nazrana Times

ਪੰਜਾਬੀ

ਕਿਸਾਨ ਮਜ਼ਦੂਰ ਮੋਰਚਾ: ਭਾਰਤ–ਅਮਰੀਕਾ ਸਮਝੌਤਾ, ਬਿਜਲੀ ਐਕਟ 2020, ਬੀਜ ਸੋਧ ਬਿਲ 2025 ਖ਼ਿਲਾਫ਼ ਤਿੱਖਾ ਰੁਖ

16 Feb, 2026 02:11 AM
ਕਿਸਾਨ ਮਜ਼ਦੂਰ ਮੋਰਚਾ: ਭਾਰਤ–ਅਮਰੀਕਾ ਸਮਝੌਤਾ, ਬਿਜਲੀ ਐਕਟ 2020, ਬੀਜ ਸੋਧ ਬਿਲ 2025 ਖ਼ਿਲਾਫ਼ ਤਿੱਖਾ ਰੁਖ

ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਅਹਿਮ ਮੀਟਿੰਗ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਸਤਨਾਮ ਸਿੰਘ ਸਾਹਨੀ (ਬੀਕੇਯੂ ਦੁਆਬਾ) ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਭਾਰਤ–ਅਮਰੀਕਾ ਵਪਾਰ ਸਮਝੌਤਾ, ਬਿਜਲੀ ਐਕਟ 2020, ਬੀਜ ਸੋਧ ਬਿਲ 2025, ਜੀ ਰਾਮ ਜੀ ਮਸਲਾ ਅਤੇ ਸ਼ੰਭੂ–ਖਨੌਰੀ ਵਿਖੇ ਸੂਬਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਮੁੱਖ ਚਰਚਾ ਦੇ ਵਿਸ਼ੇ ਰਹੇ।
ਮੋਰਚੇ ਦੇ ਮੁੱਖ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਭਾਰਤ–ਅਮਰੀਕਾ ਸਮਝੌਤੇ ਬਾਰੇ ਗੁੰਮਰਾਹ ਕਰ ਰਹੀਆਂ ਹਨ, ਜਦਕਿ ਇਸ ਦੇ ਅਸਲ ਪ੍ਰਭਾਵ ਕਿਸਾਨਾਂ ਅਤੇ ਆਮ ਵਰਗ ਲਈ ਗੰਭੀਰ ਨੁਕਸਾਨਦਾਇਕ ਹੋ ਸਕਦੇ ਹਨ। ਪ੍ਰੀਪੇਡ ਮੀਟਰ ਨੀਤੀ ਬਾਰੇ ਗੱਲ ਕਰਦਿਆਂ ਜਸਵਿੰਦਰ ਸਿੰਘ ਲੌਂਗੋਵਾਲ ਨੇ ਇਸਨੂੰ ਛੋਟੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਲਈ ਤਬਾਹਕੁਨ ਕਰਾਰ ਦਿੱਤਾ। ਇਸੇ ਤਰ੍ਹਾਂ ਮਨਜੀਤ ਸਿੰਘ ਰਾਏ ਨੇ ਬੀਜ ਸੋਧ ਬਿਲ ਨੂੰ ਦੇਸੀ ਬੀਜ ਪ੍ਰਣਾਲੀ ‘ਤੇ ਕਾਰਪੋਰੇਟ ਹਮਲਾ ਦੱਸਿਆ।
ਮੀਟਿੰਗ ਦੌਰਾਨ ਆਗੂਆਂ ਨੇ ਦੇਸ਼ ਭਰ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਕਾਰਪੋਰੇਟ ਧਿਰਾਂ ਦੇ ਵਿਰੁੱਧ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਛੇੜਨ ਦਾ ਸੱਦਾ ਦਿੱਤਾ, ਤਾਂ ਜੋ ਖੇਤੀਬਾੜੀ ਅਤੇ ਦੇਸ਼ ਦੀ ਆਤਮਨਿਰਭਰਤਾ ਦੀ ਰੱਖਿਆ ਕੀਤੀ ਜਾ ਸਕੇ। ਮੋਰਚੇ ਦੇ ਆਗੂਆਂ ਵੱਲੋਂ ਸ਼ਹੀਦ ਸ਼ੁਭ ਕਰਨ ਦੀ ਬਰਸੀ ਦੇਸ਼ ਪੱਧਰੀ 21 ਫਰਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਅਤੇ ਮਾਰਚ ਦੇ ਤੀਸਰੇ ਹਫਤੇ ਪੰਜਾਬ ਸਰਕਾਰ ਦੇ ਖਿਲਾਫ ਸ਼ੰਭੂ ਖਨੌਰੀ ਬਾਰਡਰ ਤੋਂ ਹੋਏ ਸਮਾਨ ਦੀ ਲੁੱਟ ਮਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰਦਿਆਂ ਕੱਲ੍ਹ 16 ਫਰਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਪੰਜਾਬ ਸਰਕਾਰ ਦੀ ਰੈਲੀ ਵਿੱਚ ਜ਼ਿਲ੍ਹਾ ਮੋਗਾ ਦੀਆਂ ਕੇ ਐਮ ਐਮ ਦੀਆਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਂਤੀ ਪੂਰਵਕ ਸਵਾਲ ਪੁੱਛਣ ਦੀ ਗੱਲ ਰੱਖੀ 
ਇਸ ਮੌਕੇ ਗੁਰਅਮਨੀਤ ਸਿੰਘ ਮਾਂਗਟ, ਜੰਗ ਸਿੰਘ ਪਟੇੜੀ, ਗੁਰਧਿਆਨ ਸਿੰਘ ਸੇਓਣਾ, ਬਲਦੇਵ ਸਿੰਘ ਜੀਰਾ, ਮਨਜੀਤ ਸਿੰਘ ਰਾਏ, ਦਿਲਬਾਗ਼ ਸਿੰਘ ਗਿੱਲ, ਜਸਵਿੰਦਰ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਮਸਾਣੀਆਂ, ਬਲਕਾਰ ਸਿੰਘ ਬੈਂਸ, ਚਰਨਜੀਤ ਸਿੰਘ ਚੰਨੀ, ਬਲਕਾਰ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।

Posted By: GURBHEJ SINGH ANANDPURI