Nazrana Times

ਪੰਜਾਬੀ

ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਦਤ ਦੇ ਵਰ੍ਹੇ ਨੂੰ ਸਮਰਪਿਤ ਸਮਾਗਮ ਭਾਸ਼ਾ ਵਿਭਾਗ ਦਾ ਸ਼ਰਮਨਾਕ ਵਰਤਾਰਾ

26 Jul, 2025 01:16 PM
ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਦਤ ਦੇ ਵਰ੍ਹੇ ਨੂੰ ਸਮਰਪਿਤ ਸਮਾਗਮ ਭਾਸ਼ਾ ਵਿਭਾਗ ਦਾ ਸ਼ਰਮਨਾਕ ਵਰਤਾਰਾ

ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਦਤ ਦੇ ਵਰ੍ਹੇ ਨੂੰ ਸਮਰਪਿਤ ਸਮਾਗਮ ਭਾਸ਼ਾ ਵਿਭਾਗ ਦਾ ਸ਼ਰਮਨਾਕ ਵਰਤਾਰਾ

ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀਨਗਰ ਵਿੱਚ ਕਰਵਾਏ ਗਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਵਰੇ ਨੂੰ ਸਮਰਪਿਤ ਸਮਾਗਮ ਨੂੰ ਬੇਹੱਦ ਸ਼ਰਨਾਕ ਨਿੰਦਨਯੋਗ ਅਤੇ ਘਟੀਆ ਵਰਤਾਰੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸਿੱਖ ਸੱਭਿਆਚਾਰ ਅਤੇ ਸਿੱਖ ਫਲਸਫੇ ਦਾ ਆਪਣਾ ਇੱਕ ਵਿਲੱਖਣ ਨਿਵੇਕਲਾ ਅਤੇ ਵਿਸ਼ਾਲ ਦਾਇਰਾ ਹੈ,ਜਿਸ ਵਿੱਚ ਕਿਧਰੇ ਵੀ ਲੱਚਰਤਾ ਅਤੇ ਅਨੈਤਿਕਤਾ ਵਰਗੇ ਔਗਣਾਂ ਨੂੰ ਕੋਈ ਸਥਾਨ ਨਹੀ ਮਿਲਦਾ। ਸਿੱਖ ਸੱਭਿਆਚਾਰ ਅੰਦਰ ਕੁੱਝ ਵੀ ਅਜਿਹਾ ਨਹੀ ਜੋ ਕੁਦਰਤ ਅਤੇ ਮਾਨਵਤਾ ਵਿਰੋਧੀ ਹੋਵੇ।ਇੱਥੇ ਇਹ ਕਹਿਣਾ ਵੀ ਗਲਤ ਨਹੀ ਹੈ ਕਿ ਗਿੱਧੇ ਭੰਗੜੇ ਅਤੇ ਮੌਜ ਮਸਤੀਆਂ ਸਿੱਖ ਸੱਭਿਆਚਾਰ ਦੀ ਪਛਾਣ ਨਹੀ ਹਨ,ਬਲਕਿ ਸਿੱਖ ਸੱਭਿਆਚਾਰ ਦੀ ਪਛਾਣ ਸ਼ਹਾਦਤ ਹੈ,ਜਿਹੜੀ ਸਭ ਤੋ ਪਹਿਲਾਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜੁਲਮ ਦੇ ਖਿਲਾਫ ਅਵਾਜ ਬੁਲੰਦ ਰੱਖਦਿਆਂ ਸਬਰ ਨਾਲ ਤੱਤੀਆਂ ਤਬੀਆਂ ਤੇ ਬੈਠ ਕੇ,ਸਿਰ ਵਿੱਚ ਤੱਤੀ ਰੇਤ ਪਵਾ ਕੇ ਦਿੱਤੀ ਹੈ। ਇਸ ਤੋ ਅੱਗੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਹੈ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਵੱਲੋਂ ਜਾਬਰ ਹਕੂਮਤਾਂ ਦੇ ਖਿਲਾਫ ਜੰਗਾਂ ਯੁੱਧਾਂ ਦਾ ਐਲਾਨ ਕਰਕੇ ਸਿੱਖ ਨੂੰ ਪੂਰਨ ਰੂਪ ਵਿੱਚ ਅਜਾਦ ਹੋਣ ਦਾ ਸੰਕਲਪ ਦ੍ਰਿੜ ਕਰਵਾਉਣ ਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ,ਉਹਨਾਂ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਨੇ ਸਿੱਖ ਦੀ ਵੱਖਰੀ ਪਹਿਚਾਣ ਦਾ ਮੁੱਢ ਬੰਨਿਆ ਸੀ।ਸ੍ਰੀ ਗੁਰੂ ਅਰਜਨ ਸਾਹਿਬ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਛੇਵੇਂ ਪਾਤਸ਼ਾਹ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਸਿੱਖ ਨੂੰ ਦਿੱਤਾ ਅਜਾਦ ਪ੍ਰਭਤਾ ਦਾ ਸਿਧਾਂਤ ਹੀ ਸਿੱਖੀ ਦੀ ਪਛਾਣ ਹੈ।ਇਹ ਸ਼ਹਾਦਤਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਨੌਵੇਂ ਪਾਤਸ਼ਾਹ ਤੱਕ ਵੀ ਪਹੁੰਚਿਆ ਹੈ,ਜਿੱਥੇ ਉਹਨਾਂ ਦੇ ਤਿੰਨ ਸਿੱਖਾਂ ਨੇ ਮਹਾਨ ਸ਼ਹਾਦਤ ਦਿੱਤੀ ਓਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸਮੇ ਦੇ ਹਾਕਮ ਨੇ ਦਿੱਲੀ ਦੇ ਭਰੇ ਬਜਾਰ ਚਾਂਦਨੀ ਚੌਕ ਵਿੱਚ ਸੀਸ ਕੱਟ ਕੇ ਸ਼ਹੀਦ ਕੀਤਾ,ਤਾਂ ਕਿ ਸਮੇ ਦੀਆਂ ਸਰਕਾਰਾਂ ਦੇ ਜਬਰ ਜੁਲਮ ਦੇ ਖਿਲਾਫ ਕੋਈ ਵੀ ਅਵਾਜ ਉਠਾਉਣ ਦੀ ਹਿੰਮਤ ਨਾ ਕਰੇ,ਪਰ ਹਾਕਮਾਂ ਦੀ ਸੋਚ ਮੁਤਾਬਿਕ ਅਜਿਹਾ ਨਹੀ ਸੀ ਹੋਇਆ ਬਲਕਿ ਜਿਸਤਰਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰਣਜੀਤ ਨਗਾਰੇ ਤੇ ਚੋਟਾਂ ਲਾਕੇ ਦੁਸ਼ਮਣ ਨੂੰ ਆਪਣੀ ਅਜਾਦ ਪ੍ਰਭੁਤਾ ਦਾ ਪੈਗਾਮ ਭੇਜਿਆ ਸੀ,ਠੀਕ ਉਸਤਰਾਂ ਹੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋ ਬਾਅਦ ਵੀ ਸਿੱਖ ਰੋਹ ਮੱਠਾ ਪੈਣ ਦੀ ਬਜਾਏ ਹੋਰ ਪਰਚੰਡ ਅਤੇ ਸਪੱਸਟ ਰੂਪ ਵਿੱਚ ਪਰਗਟ ਹੋਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਤਿੰਨ ਸਿੱਖਾਂ ਦੀਆਂ ਸ਼ਹਾਦਤਾਂ ਹੀ ਸਨ,ਜਿੰਨਾਂ ਤੋ ਬਾਅਦ ਸਿੱਖ ਕੌਂਮ ਨੂੰ ਸੰਪੂਰਨ ਪਛਾਣ ਦੀ ਬਖਸ਼ਿਸ਼ ਹੋਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਆਪਣੇ ਧਰਮ ਅਤੇ ਆਪਣੇ ਸੱਭਿਆਚਾਰ ਨੂੰ ਦੁਨੀਆਂ ਤੋ ਵਿਲੱਖਣ ਅਤੇ ਨਿਆਰਾ ਬਨਾਉਣ ਹਿਤ ਹੀ ਖਾਲਸੇ ਦੀ ਸਿਰਜਣਾ ਕੀਤੀ। ਇਹ ਉਹ ਸਿੱਖ ਸੱਭਿਆਚਾਰ ਹੈ,ਜਿਸ ਦੇ ਪੁਰਖਿਆਂ ਨੇ ਦੁਨੀਆਂ ਨੂੰ ਅਜਿਹਾ ਸ਼ਕਤੀਸ਼ਾਲੀ ਰਾਜ ਪਰਬੰਧ ਦਿੱਤਾ ਜਿਸ ਵਿੱਚ ਹਰ ਧਰਮ,ਸੱਭਿਆਚਾਰ ਦੀ ਰਾਖੀ ਨੂੰ ਪਰਮੁਖਤਾ ਦਿੱਤੀ ਗਈ,ਪਰ ਨਾਲ ਹੀ ਆਪਣੇ ਧਰਮ ਵਿੱਚ ਪਰਪੱਕਤਾ ਨੂੰ ਵੀ ਯਕੀਨੀ ਬਣਾਇਆ ਗਿਆ।ਜਦੋ ਮਹਾਨ ਸਿੱਖ ਰਾਜ ਦੇ ਮਹਾਰਾਜੇ ਨੇ ਵੀ ਅਪਣੇ ਗੌਰਵਮਈ ਸਿੱਖ ਸੱਭਿਆਚਾਰ ਅਤੇ ਧਰਮ ਤੋ ਥਿੜਕਣ ਦੀ ਕੋਸ਼ਿਸ਼ ਕੀਤੀ,ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋ ਉਹਦੇ ਖਿਲਾਫ ਵੀ ਸਖਤ ਫੁਰਮਾਨ ਆ ਗਏ,ਜਿੰਨਾਂ ਨੇ ਇੱਕ ਸਕਤੀਸ਼ਾਲੀ ਮਹਾਰਾਜੇ ਨੂੰ ਵੀ ਇਹ ਅਹਿਸਾਸ ਕਰਵਾ ਦਿੱਤਾ ਕਿ ਉਹ ਮਹਾਰਾਜਾ ਹੋਕੇ ਵੀ ਧਰਮ ਸੱਭਿਆਚਾਰ ਪ੍ਰਤੀ ਲਾਪਰਵਾਹ ਨਹੀ ਹੋ ਸਕਦਾ। ਸਿੱਖ ਸੱਭਿਆਚਾਰ ਸਿੱਖ ਸਿਧਾਂਤ ਅਤੇ ਸਿੱਖ ਫਲਸ਼ਫਾ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਵਿਅਕਤੀ ਨੂੰ ਵੀ ਅਜਿਹੀਆਂ ਮੌਜ ਮਸਤੀਆਂ ਦੀ ਆਗਿਆ ਨਹੀ ਦਿੰਦਾ, ਜਿਹੜੀਆਂ ਸਿੱਖ ਸੱਭਿਅਚਾਰ ਦੇ ਮੱਥੇ ਤੇ ਕਾਲਾ ਧੱਬਾ ਲਾਉਂਦੀਆਂ ਹੋਣ। ਲਿਹਾਜਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨੂੰ ਨਜਰ ਅੰਦਾਜ ਕਰਕੇ ਕੀਤੀ ਗਈ ਭੁੱਲ ਦਾ ਖਮਿਆਜਾ ਸ੍ਰੀ ਅਕਾਲ ਤਖਤ ਸਾਹਿਬ ਤੋ ਸਖਤ ਸਜਾ ਨਾਲ ਭੁਗਤਣਾ ਪਿਆ ਸੀ। ਕੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਜਵਾਬ ਦੇਣਗੇ ਕਿ ਸ੍ਰੀ ਨਗਰ ਵਿਚ ਕਰਵਾਏ ਸੱਭਿਆਚਾਰਕ ਮੇਲੇ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਵਰੇ ਨਾਲ ਕੀ ਸੰਬੰਧ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਇਹ ਸਿੱਖ ਸੱਭਿਆਚਾਰ ਅਤੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਨਹੀ ਕੀਤੀ ਗਈ ? ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਪੰਜਾਬ ਸਿੱਖ ਸਭਿਆਚਾਰ ਨੂੰ ਪਰਫੁੱਲਿਤ ਕਰਨ ਦੀ ਬਜਾਏ ਕਲੰਕਿਤ ਕਰਨ ਦਾ ਗੁਨਾਹਗਾਰ ਬਣ ਰਿਹਾ ਹੈ,ਜਿਸ ਦਾ ਮੁੱਲ ਕੌਣ ਤਾਰੇਗਾ ? ਜਦੋਕਿ ਅਜਿਹੇ ਇਤਹਾਸਿਕ ਮੌਕੇ ਹਰ ਕਿਸੇ ਦੇ ਹਿੱਸੇ ਨਹੀ ਆਉਂਦੇ,ਉਹਨਾਂ ਨੂੰ ਅਜਿਹੇ ਮੌਕਿਆਂ ਦਾ ਭਰਪੂਰ ਲਾਭ ਲੈਣਾ ਚਾਹੀਦਾ ਸੀ,ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਤਾਬਦੀ ਵਰ੍ਹੇ ਨੂੰ ਗਲਤ ਰੰਗਤ ਦੇਕੇ ਮੌਜ ਮਸਤੀਆਂ ਵਿੱਚ ਰਲਗੱਡ ਕਰਨ ਦੀ ਗੁਸਤਾਖੀ ਕੀਤੀ ਹੈ। ਸ਼ਰਮ ਆਉਣੀ ਚਾਹੀਦੀ ਹੈ ਉਸ ਗਾਇਕ ਨੂੰ ਵੀ ਜਿਹੜਾ ਸਿੱਖੀ ਦਾ ਦਮ ਭਰਨ ਦੀ ਗੱਲ ਵੀ ਕਰਦਾ ਹੈ,ਪਰ ਚੰਦ ਛਿੱਲੜਾਂ ਦੇ ਲਾਲਚ ਵਿੱਚ ਇਹ ਭੁੱਲ ਜਾਂਦਾ ਹੈ ਕਿ ਜਿਹੜੇ ਸਾਡੇ ਪੁਰਖਿਆਂ ਦੀ ਯਾਦ ਵਿੱਚ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ ਕੀ ਉਹ ਸਾਡੇ ਪੁਰਖਿਆਂ ਦੇ ਕਿਰਦਾਰ ਨਾਲ ਮੇਲ ਖਾਂਦੇ ਵੀ ਹਨ ਜਾਂ ਉਹਨਾਂ ਦੀ ਕਿਰਦਾਰਕੁਸ਼ੀ ਸਿੱਧ ਹੋਣਗੇ ? ਭਾਵੇਂ ਉਹ ਗਾਇਕ ਨੇ ਜਨਤਕ ਤੌਰ ਤੇ ਮੁਆਫੀ ਮੰਗ ਲਈ ਹੈ,ਪਰ ਇਹ ਸਮਾਗਮ ਉਹਨਾਂ ਦੀ ਸੋਚ ਅਤੇ ਸਮਝ ਤੇ ਸਵਾਲੀਆ ਨਿਸ਼ਾਨ ਜਰੂਰ ਛੱਡ ਗਿਆ ਹੈ।ਭਾਸ਼ਾ ਵਿਭਾਗ ਪੰਜਾਬ ਦੇ ਉਹਨਾਂ ਸੂਝਵਾਨ ਹੋਣ ਦਾ ਭਰਮ ਪਾਲਣ ਵਾਲੇ ਪ੍ਰਬੰਧਕਾਂ ਨੂੰ ਵੀ ਇਹ ਸਮਝ ਨਹੀ ਲੱਗੀ ਕਿ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਸਿੱਖਾਂ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਹਾਸਿਕ ਸਤਾਬਦੀ ਵਰ੍ਹੇ ਨਾਲ ਅਜਿਹੇ ਅਰਧ ਲੱਚਰ ਸਮਾਗਮਾਂ ਦਾ ਕੀ ਸਬੰਧ ? ਗਾਇਕ ਅਤੇ ਪਰਬੰਧਕਾਂ ਨੇ ਮਸਤ ਮਲੰਗਾ ਦੇ ਡੇਰਿਆਂ ਤੇ ਚੱਲਦੀ ਲੱਚਰ ਗਾਇਕੀ ਦੇ ਅਖਾੜਿਆਂ ਵਾਲੀ ਪਰੰਪਰਾ ਨੂੰ ਸਿੱਖ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਿਆਂ ਮੌਕੇ ਸ਼ੁਰੂ ਕਰਵਾਕੇ ਮਹਾਨ ਸਿੱਖ ਸੱਭਿਆਚਾਰ ਅਤੇ ਸਿਧਾਂਤਾਂ ਦਾ ਮਜ਼ਾਕ ਹੀ ਨਹੀ ਉਡਾਇਆ ਹੈ,ਬਲਕਿ ਸਿੱਖ ਪ੍ਰੰਪਰਾਵਾਂ ਸਿੱਖੀ ਸਿਧਾਂਤ,ਸਿੱਖ ਫਲਸਫਾ ਅਤੇ ਸਿੱਖ ਸੱਭਿਆਚਾਰ ਨੂੰ ਕਲੰਕਤ ਕਰਨ ਦਾ ਗੁਨਾਹ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਤਿੰਨ ਸਿੱਖਾਂ ਦੀਆਂ ਇਹ ਅਦੁੱਤੀ ਸ਼ਹਾਦਤਾਂ ਸਿੱਖ ਸੱਭਿਆਚਾਰ ਨੂੰ ਗੌਰਵਮਈ ਢੰਗ ਨਾਲ ਰੂਪਮਾਨ ਕਰਦੀਆਂ ਹਨ,ਪਰੰਤੂ ਭਾਸ਼ਾ ਵਿਭਾਗ ਪੰਜਾਬ ਨੇ ਅਜਿਹਾ ਸਮਾਗਮ ਕਰਵਾ ਕੇ ਸ਼ਹਾਦਤਾਂ ਦੇ ਸੰਕਲਪ ਨੂੰ ਛੁਟਿਆਉਣ ਦੀ ਗਲਤੀ ਕੀਤੀ ਹੈ।ਦੀ ਇਹ ਸ਼ਰਮਨਾਕ ਕਾਰਵਾਈ ਸਿੱਖ ਸੱਭਿਆਚਾਰ ਦੇ ਭਵਿੱਖ ਲਈ ਵੱਡਾ ਖਤਰਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਇਸ ਬਜਰ ਗੁਨਾਹ ਲਈ ਮੁਆਫੀ ਮੰਗਣੀ ਚਾਹੀਦੀ ਹੈ।ਇਸ ਤੋ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੈਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਤੁਰੰਤ ਕਾਰਵਾਈ ਕਰਕੇ ਗਾਇਕ ਸਮੇਤ ਇਸ ਨਿੰਦਣਯੋਗ ਵਰਤਾਰੇ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਬਘੇਲ ਸਿੰਘ ਧਾਲੀਵਾਲ

99142-58142

Posted By: GURBHEJ SINGH ANANDPURI

Loading…
Loading the web debug toolbar…
Attempt #