ਅਜੋਕੇ ਕੀਰਤਨੀਏਂ ਅਤੇ ਮਨਮਰਜ਼ੀ ਦੀਆਂ ਕੀਰਤਨ-ਸ਼ੈਲੀਆਂ !
26 Feb, 2026 02:42 PM
ਬੜੇ ਹੀ ਸੰਵੇਦਨਸ਼ੀਲ ਵਿਸ਼ੇ ਬਾਰੇ ਲਿਖਣ ਤੋਂ ਪਹਿਲਾਂ ਬੇਨਤੀ ਕਰ ਦਿਆਂ ਕਿ ਮੈਨੂੰ ਗੁਰਮਤਿ ਸੰਗੀਤ ਜਾਂ ਰਾਗ ਵਿੱਦਿਆ ਬਾਰੇ ਬੇਸ਼ੱਕ ਬਹੁਤੀ ਜਾਣਕਾਰੀ ਨਹੀਂ ਪਰ ਗੁਰਬਾਣੀ ਕੀਰਤਨ ਦਾ ਕਦਰਦਾਨ ਸ੍ਰੋਤਾ ਜਾਂ ਪ੍ਰਸੰਸਕ ਜਰੂਰ ਹਾਂ।ਆਪਣੇ ਨਿੱਜ ਬਾਰੇ ਵੀ ਥੋੜਾ ਜਿਹਾ ਦੱਸਦਾ ਜਾਵਾਂ ਕਿ ਮੇਰੇ ਦਾਦਾ ਜੀ ਗੁਰਬਾਣੀ ਕੀਰਤਨ ਅਤੇ ਕਥਾ-ਵਿਆਖਿਆ ਦੇ ਤਾਂ ਰਸੀਆ ਸਨ ਪਰ ਉਹ ਢਾਡੀ-ਰਾਗ ਨੂੰ ਪਸੰਦ ਨਹੀਂ ਸੀ ਕਰਦੇ।ਇਸਦੇ ੳਲਟ ਮੇਰੇ ਪਿਤਾ ਜੀ ਕੇਵਲ ਢਾਡੀ-ਰਾਗ ਦੇ ਹੀ ਬੇਹੱਦ ਫੈਨ ਸਨ। ਮੇਰੀ 'ਨੇਚਰ' ਵਿਚ ਦੋਹਾਂ ਖਾਨਦਾਨੀ ਬਜ਼ੁਰਗਾਂ ਦੀਆਂ ਪਸੰਦਾਂ ਦਾ ਸੁਭਾਗਾ ਸੁਮੇਲ ਹੋ ਗਿਆ!ਭਾਵ ਕਿ ਗੁਰਬਾਣੀ ਕੀਰਤਨ,ਕਥਾ ਅਤੇ ਢਾਡੀ-ਰਾਗ ਤਿੰਨਾਂ ਪ੍ਰਤੀ ਮੇਰਾ ਇੱਕੋ ਜਿੰਨਾਂ ਮੋਹ ਪਿਆਰ ਸਤਿਕਾਰ ਬਣਿਆਂ ਹੋਇਆ ਹੈ।
ਇਲਾਕੇ ਭਰ ਵਿਚ ‘ਗਿਆਨੀ ਜੀ’ ਕਰਕੇ ਜਾਣੇ ਸਤਿਕਾਰੇ ਜਾਂਦੇ ਸਾਡੇ ਭਾਈਆ ਜੀ ਸਾਈਕਲ 'ਤੇ ਦੂਰ ਦਰਾਜ ਤੱਕ ਦੀਵਾਨ ਸੁਣਨ ਚਲੇ ਜਾਂਦੇ ਸਨ।ਉਨ੍ਹਾਂ ਸਮਿਆਂ ਵਿਚ ਨੰਗਲ਼ ਕਲਾਂ (ਮਾਹਲ ਪੁਰ)ਵਾਲ਼ੇ ਪ੍ਰੋਫੈਸਰ ਦਰਸ਼ਣ ਸਿੰਘ ‘ਕੋਮਲ’ ਧਾਰਮਿਕ ਦੀਵਾਨਾ ਵਿਚ ਸਿਰਮੌਰ ਰਾਗੀ ਵਲੋਂ ਬੁਲਾਏ ਜਾਂਦੇ ਸਨ।ਅੱਖਾਂ ਤੋਂ ਹੀਣ (ਸੂਰਮਾਂ ਸਿੰਘ)ਹੋਣ ਦੇ ਬਾਵਜੂਦ ਰਾਗੀਆਂ ਦੀ ਜਮਾਤ ਵਿਚ ਕੋਮਲ ਜੀ ਲਿਖਾਰੀ ਹੋਣ ਦੇ ਨਾਲ਼ ਨਾਲ਼ ਕੀਰਤਨਕਾਰ, ਭਾਸ਼ਨਕਰਤਾ,ਢਾਡੀ ਕਵੀ,ਸਾਜਿੰਦਾ ਸਰਬਗੁਣ ਭਰਪੂਰ ਸਖਸ਼ੀਅਤ ਵਜੋਂ ਸਤਿਕਾਰੇ ਜਾਂਦੇ ਸਨ।ਜਿਸ ਕਰਕੇ ਰਾਗੀਆਂ ਪ੍ਰਚਾਰਕਾਂ ਵਲੋਂ ਉਨ੍ਹਾਂ ਲਈ ‘ਉਸਤਾਦ ਜੀ’ ਦਾ ਆਦਰਯੋਗ ਤਖੱਲਸ ਵਰਤਿਆ ਜਾਂਦਾ ਸੀ।
ਇਹ ਗੱਲ ਸੰਨ 57-58 ਵੇਲਿਆਂ ਦੀ ਹੈ।ਇਕ ਵਾਰ ਸਾਡੇ ਲਾਗਲੇ ਪ੍ਰਾਚੀਨ ਕਸਬੇ ਰਾਹੋਂ(ਜਿੱਥੇ ਕਿਸੇ ਵੇਲੇ ਹਰਿਵੱਲਭ ਸੰਗੀਤ ਸਮੇਲਨ ਆਯੋਜਿਤ ਹੁੰਦਾ ਵੀ ਸੁਣਿਆਂ ਹੈ)ਦੇ ਲਹਿੰਦੇ ਪਾਸੇ ਵਾਕਿਆ ਮੰਦਰ ਵਿਚ ‘ਰਾਗ ਦਰਬਾਰ’ ਆਯੋਜਿਤ ਹੋਇਆ।ਮੇਲਿਆਂ ਮਸ੍ਹਾਵਿਆਂ ਨਾਲ ਬੇਹੱਦ ਲਗਾਉ ਰੱਖਦੇ ਭਾਈਆ ਜੀ ਨੇ ਸੋਚਿਆ ਕਿ ਉੱਥੇ ਕੋਈ ਆਮ ਗਾਇਕਾਂ ਦਾ ਅਖ੍ਹਾੜਾ ਹੋਵੇ ਗਾ ਪਰ ਰਾਹੋਂ ਦੇ ਸਨਾਤਨੀ ਪ੍ਰਬੰਧਕਾਂ ਨੇ ਸ਼ਾਸਤਰੀ ਰਾਗ ਗਾਇਨ ਕਰਨ ਵਾਲੇ ਉੱਚ ਕੋਟੀ ਦੇ ਸੰਗੀਤਕਾਰ ਇਲਾਹਾਬਾਦ ਆਦਿ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਬੁਲਾਏ ਹੋਏ ਸਨ!
ਆਪਣੇ ਕੁੱਝ ਬੇਲੀਆਂ ਨਾਲ ਰਾਹੋਂ ਦੇ ਉਸ ਸੰਗੀਤ ਸਮੇਲਨ ਵਿਚ ਸ਼ਾਮਲ ਹੋਏ ਭਾਈਆ ਜੀ ਹੱਸਦਿਆਂ ਹੋਇਆਂ ਦੱਸਦੇ ਹੁੰਦੇ ਸਨ ਕਿ ਗਈ ਰਾਤ ਤੱਕ ਜਿਹੜਾ ਵੀ ਸੰਗੀਤਕਾਰ ਤਾਨਪੂਰਾ,ਸਿਤਾਰ ਜਾਂ ਸਾਰੰਗੀ ਆਦਿ ਤੰਤੀ ਸਾਜ਼ਾਂ ਨਾਲ ਸਟੇਜ ‘ਤੇ ਗਾਇਨ ਕਰਨ ਬੈਠੇ,ਉਹ ਅੱਧਾ ਪੌਣਾ ਘੰਟਾ ਲੰਮੀਆਂ ਹੇਕਾਂ ਨਾਲ਼ ‘ਸਾ....ਰੇ....ਗਾ...ਧਾ...ਨੀ....ਪਾ' ਦੇ ਸੁਰ ਅਲਾਪਦਾ ਹੋਇਆ ਭਜਨ ਵਰਗੀ ਕੋਈ ਚੀਜ ਗਾ ਕੇ ਸਮਾਪਤੀ ਕਰ ਦਿਆ ਕਰੇ।ਪੰਡਾਲ ਵਿਚ ਬੈਠੇ ਬਹੁਤੇ ਸ਼ਹਿਰੀ ਪੰਡਤ ਸ੍ਰੋਤੇ-ਜਨ ਤਾਂ ਸਿਰ ਹਿਲਾ ਹਿਲਾ ਕੇ ਝੂਮਦੇ ਰਹੇ ਪਰ ਸਾਡੀ ਪੇਂਡੂ ਮਿੱਤਰ-ਮੰਡਲੀ ਦੇ ਕੁੱਝ ਪੱਲੇ ਨਾ ਪਿਆ !
ਇਸ ਤੋਂ ਬਾਅਦ ਕਿਤੇ ਭਾਈਆ ਜੀ ਨੇ ਆਪਣੇ ਘਰੇ ਭੋਗ ਵੇਲੇ ਉਸਤਾਦ ਕੋਮਲ ਜੀ ਨੂੰ ਬੁਲਾਇਆ।ਨਾਲ਼ੇ ਉਹ ਰਾਹੋਂ ਵਾਲੇ ਸਨਾਤਨੀ ਸੱਜਣਾ ਨੂੰ ਵੀ ਸੱਦਾ ਦੇ ਆਏ ਅਖੇ ‘ਸਾਡੇ ਰਾਗੀ’ ਦਾ ਵੀ ਰਾਗ ਸੁਣਿਉਂ ਆ ਕੇ!ਕਹਿੰਦੇ ਸਾਡੇ ਘਰ ਵਾਲੇ ਸਮਾਗਮ ਵਿਚ ਕੀਰਤਨ ਸਮਾਪਤੀ ਉਪਰੰਤ ਸੰਗਤ ਵਿਚ ਬੈਠੇ ਰਾਹੋਂ ਵਾਲ਼ੇ ਸਨਾਤਨੀ ਵੀਰਾਂ ਨੂੰ ਭਾਈਆ ਜੀ ਨੇ ਕੋਮਲ ਜੀ ਦੀ ਗਾਇਕੀ ਬਾਰੇ ਪੁੱਛਿਆ ਤਾਂ ਉਹ ਮਾਯੂਸ ਜਿਹੇ ਹੋ ਕੇ ਕਹਿੰਦੇ-‘ਗਿਆਨੀ ਜੀ ਰਾਗੀ ਤਾਂ ਇਹ ਸੁਰੀਲਾ ਐ ਪਰ ‘ਉਹ ਗੱਲ’ ਹੈ ਨਹੀਂ ਇਹਦੇ ਕੋਲ਼ !’
ਭਾਈਆ ਜੀ ਫੁਰਤੀ ਨਾਲ ਉੱਠੇ ਤੇ ਹਾਰਮੋਨੀਅਮ ਬੰਨ੍ਹ ਰਹੇ ਅੱਖਾਂ ਤੋਂ ਹੀਣ (ਸੂਰਮੇਂ)ਕੋਮਲ ਸਾਹਿਬ ਦੇ ਕੰਨ ਵਿਚ ਜਾ ਕੇ ਦੱਸਿਆ ਕਿ ਉਸਤਾਦ ਜੀ ਸੰਗਤ ਵਿੱਚ ਬੈਠੇ ਕੁੱਝ ਸਨਾਤਨੀ ਸੱਜਣ ਤਾਂ ਆਹ ਗੱਲ ਕਹਿ ਰਹੇ ਨੇ!
ਉਸੇ ਵੇਲੇ ਕੋਮਲ ਸਾਹਬ ਨੇ ਦੁਬਾਰਾ ਵਾਜਾ ਖੋਲ੍ਹ ਲਿਆ…ਤਬਲੇ ਵਾਲ਼ੇ ਤੋਂ ਹਥੋੜੀ ਲੈ ਕੇ ਤਬਲਾ ਖੁਦ ਕੱਸਿਆ।ਤਬਲੇ ਵਾਲੇ ਸੱਜਣ ਤੋਂ ਓਸ ਵੇਲੇ ਦਾ ਵਕਤ ਪੁੱਛਿਆ।ਅੱਧਾ ਕੁ ਘੰਟਾ ਉਨ੍ਹਾਂ ‘ਸਮੇਂ ਦੇ ਰਾਗ’ ਅਨੁਸਾਰ ਗਾਇਨ ਕੀਤਾ ਤਾਂ ਕਹਿੰਦੇ ਸਨਾਤਨੀ ਸੱਜਣ ਇਉਂ ਝੂਮਣ ਲੱਗੇ ਜਿਵੇਂ ਵੱਜਦੀ ਬੀਨ 'ਤੇ ਨਾਗ ਮੇਲ੍ਹਦਾ ਹੁੰਦਾ ਐ !
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਦੀ ਮਹੱਤਤਾ ਬਾਰੇ ਗਿਆਨੀ ਮਸਕੀਨ ਜੀ ਕਿਹਾ ਕਰਦੇ ਸਨ ਕਿ ਗੁਰੂ ਸਾਹਿਬ ਨੇ ਇਕੱਤੀ ਰਾਗਾਂ ਵਿਚ ਲਿਖੀ ਹੋਈ ਬਾਣੀ ਦੇ ਇੱਕ ਇੱਕ ਸ਼ਬਦ ਅੱਗੇ ਪਹਿਲਾਂ ਰਾਗ ਦਾ ਨਾਮ ਲਿਖਿਆ ਹੋਇਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਸਮੇਂ ਹਰ ਨਵੇਂ ਰਾਗ ਦੇ ਅਰੰਭ ਵਿਚ ਇੱਕੋ ਵਾਰੀ ਰਾਗ ਦਾ ਨਾਮ ਲਿਖ ਕੇ ਵੀ ਇਹ ਹਦਾਇਤ ਲਿਖੀ ਜਾ ਸਕਦੀ ਸੀ ਕਿ ਅਗਲੇ ਸਾਰੇ ਸ਼ਬਦ ‘ਏਸ ਰਾਗ’ ਵਿਚ ਗਾਉਣੇ ਹਨ !ਗੁਰਮਤਿ ਸੰਗੀਤ ਦੇ ਜਾਣਕਾਰਾਂ ਅਨੁਸਾਰ ਗੁਰੂ ਪਾਤਸ਼ਾਹ ਨੇ ਅਜਿਹਾ ਇਸ ਲਈ ਨਹੀਂ ਕੀਤਾ ਹੋਵੇ ਗਾ ਮਤਾਂ ਸ਼ਬਦ ਗਾਇਨ ਕਰਨ ਵਾਲ਼ੇ ਰਾਗੀ ਜਨ,ਕਿਤੇ ਨਿਰਧਾਰਤ ਰਾਗਾਂ ਨੂੰ ਵਿਸਾਰ ਹੀ ਨਾ ਦੇਣ!
ਕੀਰਤਨ ਵਿਚ ਰਾਗ ਦੀ ਥਾਂ ਸ਼ਬਦ ਪ੍ਰਧਾਨ ਰਹਿਣਾ ਚਾਹੀਦਾ ਹੈ।ਕੁੱਝ ਸ਼ਾਸਤਰੀ ਸੰਗੀਤ ਦੇ ਰਾਗੀ,ਜੋ ਰਾਗ,ਅਲਾਪ ਅਤੇ ਤਾਨਾਂ(ਸਰਗਮ) ਦਾ ਬਹੁਤ ਪ੍ਰਯੋਗ ਕਰਦੇ ਹਨ,ਸੰਗਤ ਵਿਚ ਬਹੁਤੇ ਪ੍ਰਵਾਨਿਤ ਨਹੀਂ ਹੁੰਦੇ...... ਇਉਂ ਲਗਦਾ ਹੈ ਕਿ ਸਿੱਖ,ਵਾਜੇ ਤੇ ਢੋਲਕੀ ਛੈਣੇ ਵਜਾਉਣ ਵਾਲ਼ੇ ਹੀ ਬਣਨ ਵਿਚ ਰੁਚੀ ਲੈ ਰਹੇ ਹਨ।ਹਜ਼ਾਰਾਂ ਨੌਜਵਾਨ ਕੀਰਤਨ ਨੂੰ ਸੌਖਾ ਰੋਜ਼ਗਾਰ ਮੰਨ ਕੇ,ਚਾਰ ਕੁ ਤਰਜਾਂ ਤੇ ਚਾਰ ਕੁ ਮਨਘੜੰਤ ਸਾਖੀਆਂ ਸੁਣਾ ਸੁਣਾ ਕੇ ਕੌਮ ਦੇ ਜੇਬ ਖਾਲੀ ਕਰਵਾਉਣ ਦੇ ਨਾਲ਼ ਨਾਲ਼ ਕੌਮ ਦਾ ਦਿਮਾਗੀ ਦਿਵਾਲ਼ਾ ਕਢਾਉਣ ਦੇ ਰਾਹ ਵੀ ਤੁਰ ਪਏ ਹਨ।'-(ਗੁਰਮਤ ਨਿਰਣਯ-ਕੋਸ਼ ਸਫਾ-164 ਡਾ.ਗੁਰਸ਼ਰਨ ਸਿੰਘ)
ਖਿਮਾਂ ਸਹਿਤ ਹੁਣ ਗੱਲ ਕਰੀਏ ਅਜੋਕੇ ਕੀਰਤਨੀਏਂ ਰਾਗੀ ਸਿੰਘਾਂ ਦੀ ਜੋ ਕਿ ਪੁਰਾਤਨ ਕੀਰਤਨ ਸ਼ੈਲੀ ਨੂੰ ਪਿੱਠ ਦੇ ਕੇ ਮਨਮਰਜੀ ਦੀਆਂ 'ਸ਼ੈਲੀਆਂ' ਅਪਣਾ ਰਹੇ ਹਨ।ਗਿਣਤੀ ਦੇ ਕੁੱਝ ਕੁ ਰਾਗੀ ਸਿੰਘਾਂ ਨੂੰ ਛੱਡ ਕੇ ਬਹੁਤਾਤ ਜਥੇ ਇਸੇ ਰਾਹ ਪੈ ਗਏ ਹੋਏ ਹਨ।ਬੀਤੇ ਵਰ੍ਹੇ 2025 ਦੇ ਨੌਂ ਮਹੀਨੇ ਅਮਰੀਕਾ ਤੋਂ ਆਪਣੇ ਪਿੰਡ ਰਹਿਣ ਦੌਰਾਨ ਮੈਨੂੰ ਅਨੇਕਾਂ ਕੀਰਤਨ ਦਰਬਾਰ ਸਮਾਗਮਾਂ ਵਿਚ ਇਹ ਕੁੱਝ ਦੇਖ ਕੇ ਬੜੀ ਹੈਰਾਨੀ ਹੋਈ:-
ਰਾਗੀ ਸਿੰਘਾਂ ਵਲੋਂ ਅਰੰਭਕ ਮੰਗਲਾਚਰਨ ਵਜੋਂ ਡੰਡਉਤ ਬੰਦਨਾਂ ਕਰਨ ਜਾਂ ਗਾਇਨ ਕੀਤੇ ਜਾਣ ਵਾਲ਼ੇ ਰਾਗ ਦੀ 'ਸ਼ਾਨ ਵਜਾਉਣ' ਦੀ ਥਾਂਹ ਕਿਸੇ ਲੋਕ-ਧੁਨ 'ਤੇ 'ਵਾਹਿਗੁਰੂ....ਵਾਹਿਗੁਰੂ' ਦਾ ਜਾਪ ਸ਼ੁਰੂ ਹੋ ਜਾਂਦਾ ਐ।
ਅਰੰਭ ਵਿਚ ਪਹਿਲਾ ਸ਼ਬਦ ਨਿਰਧਾਰਤ ਰਾਗ ਵਿਚ ਗਾਉਣਾ ਤਕਰੀਬਨ ਬੰਦ ਹੀ ਹੋ ਗਿਆ! ,ਹਾਰਮੋਨੀਅਮ ਦੀਆਂ ਦੋ ਕੁ ਸੁਰਾਂ ਵਜਾ ਕੇ ਰਾਗੀ,ਸਾਊਂਡ ਵਾਲ਼ੇ ਸੱਜਣ ਨੂੰ 'ਤਾਂਹ 'ਠਾਂਹ ਹੱਥ ਕਰਦੇ ਹੋਏ ਇਸ਼ਾਰੇ 'ਤੇ ਇਸ਼ਾਰੇ ਹੀ ਕਰੀ ਜਾਂਦੇ ਹਨ।
ਜਿਵੇਂ ਅਜੋਕੇ ਗਾਇਕ ਕਲਾਕਾਰ ਆਪਣੇ ਮਸ਼ਹੂਰ ਹੋਏ ਕਿਸੇ ਇਕ ਗੀਤ ਨੂੰ ਆਪਣੇ ਨਾਮ ਨਾਲ 'ਫੇਮ' ਵਜੋਂ ਜੋੜ ਲੈਂਦੇ ਹਨ,ਤਿਵੇਂ ਹੀ ਹੁਣ ਕਈ ਰਾਗੀ ਸਿੰਘ ਵੀ ਕਿਸੇ ਇਕ ਸ਼ਬਦ ਨੂੰ ਹਰ ਥਾਂਹ ਉਚੇਚਾ ਗਾਇਨ ਕਰਦੇ ਹਨ।ਹੋਰ ਤਾਂ ਹੋਰ ਹੁਣ ਸ੍ਰੀ ਦਰਬਾਰ ਸਾਹਿਬ ਦੇ ਕੁੱਝ ਰਾਗੀ ਸਿੰਘ ਵੀ ਉੱਥੇ ਹਰੇਕ ਡਿਊਟੀ ਵਿਚ ਅਜਿਹੇ ਇਕ ਸ਼ਬਦ ਦਾ ਗਾਇਨ ਜਰੂਰ ਕਰਦੇ ਹਨ।
ਆਪਣੀ ਵਾਰੀ ਦੀ ਸਮਾਪਤੀ ਵੇਲੇ ਹਰੇਕ ਰਾਗੀ ਸਿੰਘ,ਸਮਾਗਮ ਆਯੋਜਿਤ ਕਰਤਾ ਕਮੇਟੀ ਦੇ ਪ੍ਰਧਾਨ/ਸਕੱਤਰਾਂ ਦੇ ਨਾਂ ਲੈ ਲੈ ਕੇ ਬੇਲੋੜੀਆਂ ਮਿਸਾਲਾਂ ਦਿੰਦਿਆਂ ਉਨ੍ਹਾਂ ਦੀ ਉਸਤਤਿ ਕਰਨ ਲੱਗ ਪੈਂਦੇ ਹਨ।
ਨੀਲੇ,ਪੀਲ਼ੇ ਜਾਂ ਕਾਲ਼ੇ ਵਿਰਾਸਤੀ ਰੰਗਾਂ ਦੀ ਥਾਂਹ ਹੁਣ ਰਾਗੀ ਸਿੰਘਾਂ ਨੇ ਮਨਮਰਜੀ ਦੇ ਹੋਰ ਹੋਰ ਰੰਗਾਂ ਵਾਲ਼ੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਗੁਰਬਾਣੀ ਗਾਇਨ ਦਾ ਪ੍ਰਮੁੱਖ ਤੇ ਪ੍ਰਮਾਣੀਕ ਸੋਮਾਂ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਗੁਰਬਾਣੀ ਕੀਰਤਨ।ਪਰ ਵਰਤਮਾਨ ਸਮੇਂ ਖੇਦ ਹੈ ਕਿ ਉੱਥੇ ਵੀ ਹਲਕੀਆਂ ਫੁਲਕੀਆਂ ਤਰਜਾਂ ਦਾ ਬੋਲ ਬਾਲਾ ਹੋ ਗਿਆ ਹੈ।ਬੇਸ਼ੱਕ ਉੱਥੇ ਵੱਖ ਵੱਖ ਰਾਗਾਂ ਦੇ ਨਾਵਾਂ ਹੇਠ ਕੀਰਤਨ ਚੌਂਕੀਆਂ ਪ੍ਰਚੱਲਤ ਹਨ ਪਰ ਹੁਣ ਬਹੁਤੇ ਰਾਗੀ 'ਫਰਜ਼ ਪੂਰਾ' ਕਰਨ ਵਾਂਗ ਸਿਰਫ ਦੋ ਸਤਰਾਂ ਵਾਲ਼ੇ ਸਲੋਕ ਦਾ ਨਿਰਧਾਰਤ ਰਾਗ ਵਿਚ ਗਾਇਨ ਕਰਦੇ ਹਨ!ਸਨ ਸਤਵੰਜਾ 'ਚ ਜਨਮੇਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਉਹ ਸੁਨਹਿਰੀ ਸਮਾਂ ਵੀ ਦੇਖਿਆ ਹੋਇਆ ਹੈ ਜਦ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਿੰਘ ਜਦ ਕਿਤੇ ਬਾਹਰ ਪਿੰਡਾਂ ਸ਼ਹਿਰਾਂ ਵਿਚ ਕੀਰਤਨ ਕਰਨ ਜਾਂਦੇ ਹੁੰਦੇ ਸਨ ਤਾਂ ਉੱਥੇ ਵੀ ਇਸ ਪਾਵਨ ਅਸਥਾਨ ਦੀ ਵਿਲੱਖਣ ਕੀਰਤਨ ਸ਼ੈਲੀ ਅਨੁਸਾਰ ਸ਼ਬਦ ਗਾਇਨ ਕਰਕੇ ਸ੍ਰੀ ਦਰਬਾਰ ਸਾਹਿਬ ਵਰਗਾ ਮਾਹੌਲ ਹੀ ਸਿਰਜ ਦਿਆ ਕਰਦੇ ਸਨ।ਮੰਤਰ-ਮੁਗਧ ਹੋਏ ਸ੍ਰੋਤੇ ਉੱਥੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਮਹਿਸੂਸ ਕਰਦੇ ਹੁੰਦੇ ਸਨ।
ਉਸ ਦੌਰ ਵਿਚ ਸ੍ਰੋਤੀ ਸੰਗਤ,ਗਾਇਨ ਕੀਤੇ ਜਾ ਰਹੇ ਸ਼ਬਦ ਵਿਚ ਲੀਨ ਹੋਈ ਰਹਿੰਦੀ ਸੀ। ਕੋਈ ਵੀ ਕੀਰਤਨੀਆਂ,ਮੋਹਰੇ ਬੈਠੇ ਸ੍ਰੋਤਿਆਂ ਨੂੰ ਆਪਣੇ ਨਾਲ ਨਾਲ ਬੋਲਣ ਲਈ ਨਹੀਂ ਸੀ ਕਹਿੰਦਾ ਹੁੰਦਾ।ਪਰ ਹੁਣ ਲਗਭਗ ਸਾਰੇ ਰਾਗੀ,ਸ਼ਬਦ ਗਾਇਨ ਸ਼ੁਰੂ ਕਰਕੇ ਸੰਗਤ ਨੂੰ ਹੱਥ ਉਠਾ ਉਠਾ ਕੇ ਵਾਰ ਵਾਰ ਕਹੀ ਜਾਂਦੇ ਨੇ- 'ਗਾਉ ਜੀ.....ਹੋਰ ਉੱਚੀ ਬੋਲੋ...ਸੰਗਤ ਦੀ ਅਵਾਜ਼ ਨੀ ਆਈ!' ਅਜਿਹਾ ਕਰਦਿਆਂ ਕਈ ਵਾਰ ਉਹ ਗਾਏ ਜਾ ਰਹੇ ਸ਼ਬਦ ਵਿਚ ਹੀ 'ਜਪ ਲਉ ਜੀ.... ਗਾ ਲਉ ਜੀ !' ਇੰਜ ਗਾਉਂਦੇ ਹਨ ਜਿਵੇਂ ਕਿਤੇ ਇਹ 'ਜਪ ਲਉ-ਗਾ ਲਉ ਜੀ' ਵਾਲ਼ੀ 'ਹਦਾਇਤ' ਵੀ ਸ਼ਬਦ(ਗੁਰਬਾਣੀ)ਦਾ ਹੀ ਹਿੱਸਾ ਹੋਵੇ!
ਕਈ ਰਾਗੀ ਸਿੰਘ ਸ਼ਬਦ ਗਾਇਨ ਕਰਦਿਆਂ ਅੱਧੀ ਤੁਕ ਬੋਲ ਕੇ ਚੁੱਪ ਕਰ ਜਾਂਦੇ ਵੀ ਦੇਖੇ ਤਾਂ ਕਿ ਬਾਕੀ ਦੀ ਤੁਕ ਉਨ੍ਹਾਂ ਦੇ ਮਗਰ ਸੰਗਤ ਬੋਲੇ !
ਇਵੇਂ ਕਈ ਅਜੋਕੇ ਕੀਰਤਨੀਏਂ ਸ਼ਬਦ ਗਾਇਨ ਵਿਚਕਾਰ ਕਥਾ-ਵਿਆਖਿਆ ਦੇ ਨਾਂ 'ਤੇ ਲੰਮੀਆਂ ਸਾਖੀਆਂ ਸੁਣਾਈ ਜਾਂਦੇ ਹਨ!ਉਨ੍ਹਾਂ ਦੇ ਮਗਰੋਂ ਕਿਸੇ ਕਥਾ-ਵਾਚਕ ਨੇ ਸ਼ਬਦ-ਵੀਚਾਰ ਵੀ ਕਰਨੀ ਹੁੰਦੀ ਹੈ ਪਰ ਇਹ ਕੀਰਤਨੀਏਂ ਵੀਰ ਵਿਆਖਿਆ ਕਰਕੇ ਸ਼ਾਇਦ 'ਵਿਦਵਾਨ ਬੁਲਾਰੇ' ਹੋਣ ਦਾ ਸਵੈ-ਪ੍ਰਗਟਾਵਾ ਕਰਨ ਲੱਗ ਪੈਂਦੇ ਹਨ!ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਬੰਗਲਾ ਸਾਹਿਬ ਦੇ ਵਿਦਵਾਨ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਦੀ ਹਦਾਇਤ ਅਨੁਸਾਰ ਗੁਰਬਾਣੀ ਕੀਰਤਨੀਏਂ ਰਾਗੀ ਸਿੰਘਾਂ ਉੱਤੇ ਸ਼ਬਦ ਕੀਰਤਨ ਦੌਰਾਨ 'ਵਾਹਿਗੁਰੂ.... ਵਾਹਿਗੁਰੂ' ਦਾ ਜਾਪ ਕਰਨ/ਕਰਾਉਣ ਉੱਤੇ ਰੋਕ ਲਾਈ ਹੋਈ ਹੈ ਪਰ ਹੁਣ ਕੁੱਝ ਕੁ ਵਿਰਲੇ ਰਾਗੀਆਂ ਨੂੰ ਛੱਡ ਕੇ ਬਹੁਤੇ ਰਾਗੀ ਇਸ ਹਦਾਇਤ ਨੂੰ ਅਣਡਿੱਠ ਕਰਕੇ ਸ਼ਬਦ ਦੇ ਵਿਚਕਾਰ ਹੀ ਕਿਸੇ ਪਾਪੂਲਰ ਜਿਹੇ ਫਿਲਮੀ ਗੀਤ ਦੀ ਤਰਜ਼ 'ਤੇ 'ਵਾਹਿਗੁਰੂ....ਵਾਹਿਗੁਰੂ' ਦੀ ਲੰਬੀ ਧੁਨ ਅਲਾਪੀ ਜਾਂਦੇ ਹਨ!
ਰਾਗੀ ਸਿੰਘਾਂ ਵਲੋਂ ਆਪੇ ਬਣਾਈ ਇਸ ਨਵੀਂ ਰੀਤ ਤੋਂ ਦੁਖੀ ਹੁੰਦਿਆਂ ਪ੍ਰਸਿੱਧ ਕੀਰਤਨੀਏਂ ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ ਨੇ ਵੀ ਇਕ ਦਿਨ ਸੋਸ਼ਲ ਮੀਡ੍ਹੀਆ 'ਤੇ ਪੋਸਟ ਵਿੱਚ ਲਿਖਿਆ ਸੀ-
'ਹੁਣ ਇੱਥੇ ਇਸ ਤਰ੍ਹਾਂ ਦੇ ਕੀਰਤਨੀਏਂ, ਸਿਫਾਰਸ਼ੀ ਅਤੇ ਰਿਸ਼ਵਤਾਂ ਵਾਲ਼ੇ ਬਹੁਤੇ.......... ਰਹਿ ਗਏ,ਜਿਨ੍ਹਾਂ ਨੂੰ ਡੰਡਉਤ ਅਤੇ ਮੰਗਲਾਚਰਨ ਵੀ ਕਰਨ ਦਾ ਟਾਈਮ ਨਹੀਂ ਦਿੰਦੀ ਸੰਗਤ..... ਰਾਗੀ ਤੋਂ ਪਹਿਲਾਂ 'ਵਾਹਿਗੁਰੂ ਵਾਹਿਗੁਰੂ' ਸ਼ੁਰੂ ਹੋ ਜਾਂਦਾ ਹੈ..... ਬੇੜੀ ਹੀ ਡੁਬੋ ਦਿਤੀ ਕੀਰਤਨ ਅਤੇ ਗੁਰਮਤਿ ਸੰਗੀਤ ਦੀ !'
ਗੁਰਬਾਣੀ ਕੀਰਤਨ ਨੂੰ ਸ਼ਾਂਤ-ਰਸ ਪ੍ਰਧਾਨ ਮੰਨਿਆਂ ਜਾਂਦਾ ਹੈ ਪਰ ਕਈ ਰਾਗੀ ਵੀਰ ਹੁਣ ਢਾਡੀ ਸਿੰਘਾਂ ਵਾਂਗ ਏਨੀਂ ਉੱਚੀ ਅਵਾਜ਼ ਵਿਚ 'ਗਰਜਦੇ' ਹਨ ਕਿ ਕੀਰਤਨ 'ਚੋਂ ਸ਼ਾਂਤ-ਰਸ ਗਾਇਬ ਹੀ ਹੋ ਜਾਂਦਾ ਹੈ।ਇਕ ਰਾਗੀ ਵੀਰ ਐਸਾ ਵੀ ਸੁਣਿਆਂ ਜਿਸਨੇ ਆਪਣਾ ਤਖੱਲਸ ਤਾਂ ਰੱਖਿਆ ਹੋਇਆ ਹੈ ਅੰਮ੍ਰਿਤ ਵੇਲੇ ਮਿੱਠਾ ਬੋਲਣ ਵਾਲ਼ੇ ਇਕ ਮਧੁਰ-ਕੰਠ ਪੰਛੀ ਦੇ ਨਾਂ ਵਾਲ਼ਾ ਪਰ ਉਹ ਉੱਚੀ ਗਾਇਨ ਕਰਨ ਵੇਲੇ ਸ੍ਰੋਤਿਆਂ ਦੇ 'ਕੰਨਾਂ ਦੇ ਕੀੜੇ' ਕੱਢ ਦਿੰਦਾ ਹੈ!ਉਸਦੀ ਬੇਹੱਦ ਉੱਚੀ ਅਵਾਜ਼ ਉੱਤੋਂ ਵੱਡੀਆਂ ਅਲਮਾਰੀਆਂ ਜਿੱਡੇ ਜਿੱਡੇ ਸਪੀਕਰਾਂ ਦੇ ਬਕਸੇ ! ਹੇ ਵਾਹਿਗੁਰੂ... !!
ਸ਼੍ਰੋਮਣੀ ਕਮੇਟੀ ਲਈ ਸ਼ਲਾਘਾ ਅਤੇ ਸਵਾਲ !
ਪੰਜਾਬ ਵਿਖੇ ਕੀਰਤਨ ਦਰਬਾਰਾਂ ਵਿਚ ਹਾਜਰੀ ਭਰਦਿਆਂ ਜਾਂ ਕਿਤੇ ਹੋਰ ਦੂਰ ਨੇੜੇ ਹੋ ਰਹੇ 'ਲਾਈਵ' ਸਮਾਗਮ ਦੇਖਦਿਆਂ ਭਾਵੇਂ ਵਿਰਾਸਤ ਤੋਂ ਉਲਟ ਵਰਤਾਰਾ ਦੇਖ ਦੇਖ ਕੇ ਮੈਂ ਹੈਰਾਨ ਤਾਂ ਬਹੁਤ ਹੁੰਦਾ ਰਿਹਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ ਉਪਰੋਕਤ ਸਾਰੇ ਉਲ਼ਾਂਭੇ ਲਾਹ ਸੁੱਟੇ! ਹੋਇਆ ਇੰਜ ਕਿ ਮੇਰੀ ਅਮਰੀਕਾ ਦੀ ਵਾਪਸੀ ਨੇੜੇ ਅਕਤੂਬਰ 2025 ਵਿਚ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਤਿੰਨ ਕੀਰਤਨ ਦਰਬਾਰ ਆਯੋਜਿਤ ਹੋਏ!ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਆਯੋਜਿਤ ਹੋਏ ਇਨ੍ਹਾਂ ਸਮਾਗਮਾਂ ਵਿਖੇ ਵੱਖ ਵੱਖ ਕੀਰਤਨੀ ਜਥਿਆਂ ਨੇ ਇਕੱਤੀ ਰਾਗਾਂ ਵਿਚ ਸ਼ਬਦ ਕੀਰਤਨ ਦੀ ਛਹਿਬਰ ਲਾਈ!ਜਿਸ ਵਿਚ ਹਜੂਰੀ ਰਾਗੀ ਜਥਿਆਂ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਨਿਪੁੰਨ ਹੋਰ ਕਈ ਰਾਗੀ ਸਿੰਘਾਂ ਨੇ ਨਿਰਧਾਰਤ ਰਾਗਾਂ ਵਿਚ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਸ਼ਰਸ਼ਾਰ ਕੀਤਾ।ਨਾ ਕਿਸੇ ਰਾਗੀ ਨੇ ਸ਼ਬਦ ਗਾਇਨ ਵਿਚਕਾਰ 'ਕਥਾ ਕੀਤੀ' ਅਤੇ ਨਾ ਹੀ 'ਵਾਹਿਗੁਰੂ... ਵਾਹਿਗੁਰੂ' ਦਾ ਜਾਪ ਕਰਾਇਆ! ਇੱਥੇ ਤੰਤੀ ਸਾਜਾਂ ਦੀ ਵੀ ਭਰਪੂਰ ਵਰਤੋਂ ਹੋਈ!ਗਈ ਰਾਤ ਤੱਕ ਇਹ ਤਿੰਨੋਂ ਕੀਰਤਨ ਦਰਬਾਰ ਸ਼ਰਧਾ ਸਤਿਕਾਰ ਨਾਲ 'ਲਾਈਵ ਟੈਲੀਕਾਸਟ' ਸਰਵਣ ਕਰਦਿਆਂ ਮੇਰੇ ਮਨ ਵਿਚ ਸ਼੍ਰੋਮਣੀ ਕਮੇਟੀ ਲਈ ਭਰਵੀਂ ਸ਼ਲਾਘਾ ਦੇ ਨਾਲ ਨਾਲ ਇਹ ਸਵਾਲ ਵੀ ਪੈਦਾ ਹੋਇਆ ਕਿ ਮੰਜੀ ਸਾਹਿਬ ਦੇ ਇਨ੍ਹਾਂ ਕੀਰਤਨ ਸਮਾਗਮਾਂ ਵਾਂਗ ਹੀ ਕੀਰਤਨ ਕਰਨ ਵਾਸਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਸਮੇਤ ਸਾਰੇ ਗੁਰਬਾਣੀ ਕੀਰਤਨੀਆਂ ਨੂੰ ਆਦੇਸ਼ ਕਿਉਂ ਨਹੀਂ ਕਰਦੇ ਕਿ ਭਾਈ ਸਿੱਖੋ ਸਥਾਪਤ ਰਵਾਇਤਾਂ ਨੂੰ ਪਿੱਠ ਦੇ ਕੇ ਮਨਮਰਜ਼ੀਆਂ ਨਾ ਕਰੋ!

ਤਰਲੋਚਨ ਸਿੰਘ ਦੁਪਾਲ ਪੁਰ
001-408-905-5517
tsdupalpuri@yahoo.com
Posted By: GURBHEJ SINGH ANANDPURI







