Nazrana Times

ਪੰਜਾਬੀ

ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਆਗਮਨ ਅਤੇ ਨਾਮਕਰਨ ਦਿਵਸ 'ਤੇ ਵਿਸ਼ੇਸ਼  ਪਿੰਡ 'ਭੈਣੀ' ਤੋ ਕਿਵੇਂ ਬਣਿਆ ਇਤਿਹਾਸਕ ਨਗਰ ਚੋਹਲਾ ਸਾਹਿਬ*

18 Jun, 2025 05:48 AM
ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਆਗਮਨ ਅਤੇ ਨਾਮਕਰਨ ਦਿਵਸ 'ਤੇ ਵਿਸ਼ੇਸ਼    ਪਿੰਡ 'ਭੈਣੀ' ਤੋ ਕਿਵੇਂ ਬਣਿਆ ਇਤਿਹਾਸਕ ਨਗਰ ਚੋਹਲਾ ਸਾਹਿਬ*

ਅੱਜ ੪ ਹਾੜ ਲਈ ਵਿਸ਼ੇਸ਼-

ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਆਗਮਨ ਅਤੇ ਨਾਮਕਰਨ ਦਿਵਸ 'ਤੇ ਵਿਸ਼ੇਸ਼ 

ਪਿੰਡ 'ਭੈਣੀ' ਤੋ ਕਿਵੇਂ ਬਣਿਆ ਇਤਿਹਾਸਕ ਨਗਰ ਚੋਹਲਾ ਸਾਹਿਬ*

 4 ਹਾੜ੍ਹ ਸੰਨ 1597 ਈਸਵੀਂ ਵਿਚ ਪਿੰਡ 'ਭੈਣੀ' ਤੋਂ ਬਣਿਆ ਇਤਹਾਸਕ ਨਗਰ ਚੋਹਲਾ ਸਾਹਿਬ ਅੰਮ੍ਰਿਤਸਰ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਸਰਹਾਲੀ ਤੋਂ ਚੜ੍ਹਦੇ ਪਾਸੇ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਆਪਣੀ ਬੁੱਕਲ ਵਿੱਚ ਮਹਾਨ ਇਤਿਹਾਸਕ ਵਿਰਸਾ ਸਾਂਭੀ ਬੈਠਾ ਹੈ।ਇਹ ਨਗਰ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਤੋਂ 25,ਤਹਿਸੀਲ ਪੱਟੀ ਤੋਂ 18 ਅਤੇ ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਤੋਂ 30 ਕਿਲੋਮੀਟਰ ਦੀ 'ਤੇ ਸਥਿਤ ਹੈ। ਇਹ ਪਿੰਡ ਮੁੱਢ ਕਦੀਮ ਤੋਂ 'ਭੈਣੀ' ਦੇ ਨਾਮ ਨਾਲ ਹੀ ਮਸ਼ਹੂਰ ਰਿਹਾ। ਪ੍ਰਸਿੱਧ ਵਿਦਵਾਨ ਗਿਆਨੀ ਠਾਕਰ ਸਿੰਘ ਜੀ 'ਗੁਰਦੁਆਰੇ ਦਰਸ਼ਨ' ਵਿੱਚ ਅਤੇ ਭਾਈ ਕਾਹਨ ਸਿੰਘ ਜੀ ਨਾਭਾ 'ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼' ਵਿਚ ਲਿਖਦੇ ਹਨ ਕਿ ਇਹ ਸਥਾਨ ਗੁਰੂ ਸ਼ਰਧਾਵਾਨ ਮਾਈ ਵਲੋਂ ਜੋ ਪਿੰਡ 'ਭੈਣੀ' ਦੀ ਨੰਬਰਦਾਰਨੀ ਸੀ, ਉਹ ਆਪਣੇ ਹੱਥੀਂ ਚੂਰੀ (ਚੋਹਲਾ) ਬਣਾ ਕੇ ਲਿਆਉਣ 'ਤੇ ਪਿੰਡ ਭੈਣੀ ਦੀ ਥਾਵੇਂ ਚੋਹਲਾ ਸਾਹਿਬ ਨਾਮ ਨਾਲ ਪ੍ਰਸਿੱਧ ਹੋਇਆ।ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਾਈ ਪ੍ਰਿਥੀ ਚੰਦ ਦੇ ਵਿਰੋਧ ਤੋਂ ਤੰਗ ਆ ਕੇ ਪਰਿਵਾਰ ਸਮੇਤ ਤਰਨਤਾਰਨ ਤੋਂ ਹੁੰਦੇ ਹੋਏ ਸਰਹਾਲੀ ਪਹੁੰਚੇ।ਗੁਰੂ ਜੀ ਵਲੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਕਰਕੇ ਸੰਗਤਾਂ ਦੀ ਹਾਜ਼ਰੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਇਥੇ ਢਾਬ ਦੇ ਕੰਢੇ 'ਤੇ ਭੀਮ ਨਾਥ ਜੋਗੀ ਦਾ ਡੇਰਾ ਸੀ,ਜੋ ਹੁਣ ਵੱਡੇ ਮੰਦਰ ਵਿਚ ਤਬਦੀਲ ਹੋ ਚੁੱਕਾ ਹੈ।ਉਸ ਸਮੇਂ ਇਹ ਕੰਨ ਪਾਟੇ ਜੋਗੀ ਗੁਰੂ ਜੀ ਦੇ ਪ੍ਰਚਾਰ ਤੋਂ ਘਬਰਾਉਣ ਲੱਗੇ ਤੇ ਉਨਾਂ ਪਿੰਡ ਦੇ ਚੌਧਰੀਆਂ ਤੇ ਨੰਬਰਦਾਰਾਂ ਨੂੰ ਉਕਸਾਇਆ।ਅਸਲ ਵਿਚ ਇਸ ਉਕਸਾਉਣ ਪਿਛੇ ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਖਾਸ ਹੱਥ ਸੀ,ਕਿਉਂਕਿ  ਇਹ ਗੁਰੂ ਜੀ ਦਾ ਹਰ ਥਾਂ ਪਿੱਛਾ ਕਰਕੇ ਵਿਰੋਧਤਾ ਕਰਦਾ ਸੀ। ਸ਼ਾਂਤਮਈ ਸੁਭਾਅ ਹੋਣ ਕਰਕੇ ਗੁਰੂ ਜੀ ਆਪਣੇ ਪਰਿਵਾਰ ਤੇ ਸ਼ਰਧਾਲੂਆਂ ਸਮੇਤ ਸਰਹਾਲੀ ਤੋਂ ਪਿੰਡ 'ਭੈਣੀ' ਪਹੁੰਚੇ ਅਤੇ ਪਿੰਡ ਵਿੱਚ ਇੱਕ ਸੰਘਣੀ ਛਾਂ ਵਾਲੇ ਦਰੱਖਤ ਹੇਠ ਆਸਣ ਲਾਕੇ ਬੈਠ ਗਏ।ਉਨਾਂ ਦੀ ਆਮਦ ਦਾ ਪਤਾ ਲੱਗਣ 'ਤੇ ਪਿੰਡ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਲਈ ਉਮੜ ਪਈਆਂ ਅਤੇ ਉਨਾਂ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ।ਇਥੋਂ ਦੇ ਨੰਬਰਦਾਰ ਦਾਨੇ ਚੌਧਰੀ ਦੀ ਪਤਨੀ ਮਾਈ ਸੁੱਖਾਂ ਬੜੇ ਸਤਿਕਾਰ ਸਹਿਤ ਪਿੱਤਲ ਦੀ ਬਾਟੀ ਵਿਚ ਚੂਰੀ ਕੁੱਟ ਕੇ ਮੱਖਣ ਤੇ ਸ਼ੱਕਰ ਰਲਾ ਕੇ ਬੜੇ ਅਦਬ ਨਾਲ ਥਾਲੀ ਸਿਰ ਉਤੇ ਰੱਖ ਕੇ ਮਿੱਠੀ ਸੁਰ ਨਾਲ ਸ਼ਬਦ ਪੜ੍ਹਦੀ ਹੋਈ ਆਈ।ਉਸਨੇ ਗੁਰੂ ਜੀ ਅੱਗੇ ਉਹ ਥਾਲ ਰੱਖਿਆ 'ਤੇ ਰੁਮਾਲਾ ਲਾਹੁਣ 'ਤੇ ਖੁਸ਼ ਹੋ ਕੇ ਗੁਰੂ ਜੀ ਨੇ ਉਹ ਪ੍ਰਸ਼ਾਦਿ ਛੱਕਿਆ ਤੇ ਕਿਹਾ,'ਮਾਈ ਤੂੰ ਤਾਂ ਸਾਡੇ ਵਾਸਤੇ ਇਹ ਬੜਾ ਸੁਆਦਲਾ ਚੋਹਲਾ (ਭੋਜਨ) ਤਿਆਰ ਕਰ ਲਿਆਈਂ ਹੈ',ਇਸ ਲਈ ਇਹ ਪਿੰਡ 'ਭੈਣੀ' ਨਹੀਂ ਸਗੋਂ ਅੱਜ ਤੋਂ ਚੋਹਲਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਵੇਗਾ।ਇਸ ਦੇ ਨਾਲ ਹੀ ਉਨਾਂ ਆਪਣੇ ਮੁਖਾਰਬਿੰਦ ਤੋਂ ਦੋ ਸ਼ਬਦ ਉਚਾਰਣ ਕੀਤੇ :-

1) ਹਰਿ ਹਰਿ ਨਾਮੁ ਅਮੋਲਾ।।

ਅਲਖੁ ਲਖਾਇਆ ਗੁਰ 'ਤੇ ਪਾਇਆ, 

ਨਾਨਕ ਇਹੁ ਹਰਿ ਕਾ ਚੋਲਾ੍।। (ਆਸਾ ਮਹੱਲਾ-5 ਅੰਗਦਾਨ 407)

2) ਸੀਤਲ ਸਾਂਤਿ ਮਹਾ ਸੁਖੁ ਪਾਇਆ,

ਸੰਤਸੰਗਿ ਰਹਿਓ ਓਲਾ੍ ,

ਹਰ ਧਨੁ ਸੰਚਨੁ ਹਰਿ ਨਾਮੁ ਭੋਜਨੁ, 

ਇਹ ਨਾਨਕ ਕੀਨੋ ਚੋਲਾ੍ ।।

(ਧਨਾਸਰੀ ਮਹੱਲਾ- 5,ਅੰਗਦਾਨ 672)

ਸੋ ਗੁਰੂ ਜੀ ਦੇ ਹੁਕਮਾਂ ਮੁਤਾਬਿਕ ਉਸ ਸਮੇਂ ਤੋਂ ਇਹ ਪਿੰਡ ਭੈਣੀ ਤੋਂ ਚੋਹਲਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਤੇ ਗੁਰੂ ਜੀ ਦੀ ਕਿਰਪਾ ਸਦਕਾ ਸਰਕਾਰੀ ਕਾਗਜ਼ਾਂ ਵਿਚ ਵੀ ਇਹ ਬਕਾਇਦਾ ਨਾਮ ਦਰਜ ਹੋ ਗਿਆ। ਇਥੋਂ ਦੇ ਨੰਬਰਦਾਰ ਜਦ ਪੱਟੀ ਵਿਖੇ ਮਾਮਲਾ ਤਾਰਨ ਗਏ ਤਾਂ ਉਨਾਂ ਨੂੰ ਪਿੰਡ 'ਭੈਣੀ' ਦੀ ਥਾਂ ਚੋਹਲਾ ਸਾਹਿਬ ਦੇ ਨਾਮ ਨਾਲ ਅਵਾਜ ਪਈ।ਫਿਰ ਪਤਾ ਲਗਾ ਕਿ ਗੁਰੂ ਜੀ ਨੇ ਸਰਕਾਰੀ ਰਿਕਾਰਡ ਵਿਚ ਵੀ ਪਿੰਡ ਦਾ ਨਾਮ 'ਭੈਣੀ' ਤੋਂ ਚੋਹਲਾ ਸਾਹਿਬ ਕਰਵਾ ਦਿਤਾ ਹੈ।ਗੁਰੂ ਅਰਜਨ ਦੇਵ ਜੀ ਦਾ ਇਹ ਕਿਰਪਾ ਭਾਵ ਵੇਖ ਕੇ ਮਾਤਾ ਸੁੱਖਾਂ ਨੰਬਰਦਾਰਨੀ ਨੇ ਬੇਨਤੀ ਕੀਤੀ ਕਿ ਉਹ ਮਾਤਾ ਗੰਗਾ ਜੀ ਦੇ ਨਿਵਾਸ ਸਥਾਨ ਵਾਸਤੇ ਆਪਣੇ ਮਕਾਨ ਦੀ ਇਕ ਸੁੰਦਰ ਬੈਠਕ ਪੇਸ਼ ਕਰਨੀ ਚਾਹੁੰਦੀ ਹੈ ਜੋ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ ਤੇ ਉਨਾਂ ਬਾਲ ਹਰਗੋਬਿੰਦ ਜੀ ਸਮੇਤ ਮਾਤਾ ਗੰਗਾ ਜੀ ਦੇ ਨਾਲ ਉਥੇ ਨਿਵਾਸ ਕਰ ਲਿਆ।ਉਹ ਬੈਠਕ ਪਹਿਲਾਂ 'ਗੁਰੂ ਕਾ ਕੋਠਾ' 'ਤੇ ਬਾਅਦ ਵਿਚ 'ਗੁਰੂ ਕੀ ਕੋਠੜੀ' ਦੇ ਨਾਂ ਨਾਲ ਮਸ਼ਹੂਰ ਹੋ ਗਈ ਜੋ ਹੁਣ ਇਕ ਸੁੰਦਰ ਗੁਰਦੁਆਰੇ ਦੇ ਰੂਪ ਵਿਚ ਹੈ।ਗੁਰੂ ਅਰਜਨ ਦੇਵ ਜੀ ਇਥੇ ਦੋ ਸਾਲ ਪੰਜ ਮਹੀਨੇ 13 ਦਿਨ ਪਰਿਵਾਰ ਸਮੇਤ ਰਹਿਣ ਉਪਰੰਤ ਤਰਨਤਾਰਨ ਚਲੇ ਗਏ।ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਇਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਪਵਿੱਤਰ ਸਰੋਵਰ, ਲੰਗਰ ਹਾਲ ਅਤੇ ਦੀਵਾਨ ਹਾਲ ਬਣਿਆ ਹੋਇਆ ਹੈ,ਜ਼ੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਗੁਰੂ ਅਰਜਨ ਦੇਵ ਜੀ ਚੋਹਲਾ ਸਾਹਿਬ ਆਉਣ ਅਤੇ ਆਪਣੇ ਪਾਵਨ ਮੁਖਾਰਬਿੰਦ ਨਾਲ ਪਿੰਡ ਦਾ ਨਾਮਕਰਨ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 18 ਜੂਨ (4 ਹਾੜ੍ਹ) ਵਾਲੇ ਦਿਨ ਬਹੁਤ ਵੱਡੇ ਸਮਾਗਮ ਕੀਤੇ ਜਾ ਰਹੇ ਹਨ।


ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਦਿਵਾਨ ਸੱਜਣਗੇ ਤੇ ਰਾਤ ਨੂੰ ਮਹਾਨ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ।ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ, ਕਥਾਵਾਚਕ ਅਤੇ ਕੀਰਤਨੀ ਜਥੇ ਇਸ ਮੌਕੇ ਹਾਜ਼ਰੀ ਭਰਨ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਣਗੇ।ਸਾਰੇ ਸਮਾਗਮਾਂ ਦੌਰਾਨ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਿਕ ਦੇਸੀ ਘਿਉ ਦੀ ਚੂਰੀ ਦੇ ਪ੍ਰਸ਼ਾਦ ਅਤੁੱਟ ਵਰਤਾਏ ਜਾਂਦੇ ਹਨ।ਇਸ ਤੋਂ ਇਲਾਵਾ ਨਗਰ ਨਿਵਾਸੀਆਂ ਵਲੋਂ ਵੀ ਥਾਂ-ਥਾਂ ਵੱਖ-ਵੱਖ ਪਕਵਾਨਾਂ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਂਦਾ ਹੈ।

----ਰਾਕੇਸ਼ ਨਈਅਰ,ਪੱਤਰਕਾਰ ਚੋਹਲਾ ਸਾਹਿਬ(ਤਰਨਤਾਰਨ)

ਮੋ:98727-48924

Posted By: GURBHEJ SINGH ANANDPURI

Loading…
Loading the web debug toolbar…
Attempt #