ਸਿੱਖ ਜਾਗ੍ਰਿਤੀ ਲਹਿਰ ਵੱਲੋਂ ਲਾਪਤਾ ਸਰੂਪਾਂ ਦੇ ਸੰਬੰਧ 'ਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
03 Jan, 2026 07:18 PM
ਸ਼੍ਰੋਮਣੀ ਕਮੇਟੀ ਪੁਲਿਸ ਪ੍ਰਸ਼ਾਸਨ ਤੇ ਸੰਗਤਾਂ ਨਾਲ ਸਹਿਯੋਗ ਕਰੇ : ਭਾਈ ਕੁਲਦੀਪ ਸਿੰਘ ਮੋਦੇ
ਅੰਮ੍ਰਿਤਸਰ, 3 ਜਨਵਰੀ , ਰਣਜੀਤ ਸਿੰਘ ਖ਼ਾਲਸਾ
ਅੱਜ ਸਿੱਖ ਜਾਗ੍ਰਿਤੀ ਲਹਿਰ ਵੱਲੋਂ ਭਾਈ ਕੁਲਦੀਪ ਸਿੰਘ ਮੋਦੇ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਲਾਪਤਾ 328 ਪਾਵਨ ਸਰੂਪਾਂ ਦੇ ਸੰਬੰਧ ਵਿੱਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਸੰਬੰਧੀ ਪੱਤਰ ਸੌਂਪਿਆ ਗਿਆ। ਜਿਸ ਵਿੱਚ ਲਿਖਿਆ ਹੈ ਕਿ ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਪਬਲੀਕੇਸ਼ਨ ਵਿਭਾਗ ਵਿੱਚੋਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ, ਸ੍ਰੀ ਰਾਮਸਰ ਸਾਹਿਬ ਵਿਖੇ ਲੱਗੀ ਅੱਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਜਾਣ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿੱਲਬੁੱਕਾਂ, ਲੇਜਰਾਂ, ਡੁੱਚਾਂ ਰਸੀਦਾਂ 'ਚ ਪੈਸੇ ਦੀ ਕੀਤੀ ਵੱਡੀ ਹੇਰਾਫੇਰੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੁਆਰਾ ਸ. ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਕਾਇਮ ਕਰਕੇ ਕਰਵਾਈ ਪੜਤਾਲ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਨੂੰ ਮੁੱਖ ਰੱਖ ਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪੜਤਾਲੀਆ ਰਿਪੋਰਟ ਨੂੰ ਸਵੀਕਾਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਿਭਾਗੀ ਅਤੇ ਕਾਨੂੰਨੀ ਫ਼ੌਜਦਾਰੀ ਮੁਕੱਦਮੇ ਦਰਜ਼ ਕਰਵਾਉਣ ਦੀ ਗੱਲ ਆਖੀ ਪਰ ਵਿਭਾਗੀ ਕਾਰਵਾਈ ਤੋਂ ਬਾਅਦ ਬਾਦਲ ਪ੍ਰਵਾਰ ਦੇ ਦਬਾਅ ਹੇਠ ਕਾਨੂੰਨੀ ਕਾਰਵਾਈ ਨਹੀਂ ਕਰਵਾਈ। ਜਿਸ ਕਰਕੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਰਾਮਦ ਹੋਏ, ਨਾ ਹੀ ਸਤਿੰਦਰ ਕੋਹਲੀ ਚਾਰਟਡ ਅਕਾਊਂਟੈਂਟ ਕੋਲੋਂ ਪੈਸੇ ਦੀ ਵਸੂਲੀ ਹੋਈ, ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਅਤੇ ਨਾ ਹੀ ਅਗਲੇਰੇ ਪੁਖਤਾ ਪ੍ਰਬੰਧ ਹੋਏ। ਜਿਸ ਕਰਕੇ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਗਿਆ। ਜੋ ਇੱਕ ਲੰਮੇ ਸੰਘਰਸ਼ ਦਾ ਰੂਪ ਧਾਰਨ ਕਰ ਗਿਆ। ਜਿਸ ਨੇ ਧਰਨੇ, ਮੋਰਚੇ, ਮਹਾਂ ਪੰਚਾਇਤਾਂ ਦੇ ਨਾਲ-ਨਾਲ ਮਜ਼ਬੂਰੀ ਵੱਸ ਦੁਨਿਆਵੀ ਅਦਾਲਤਾਂ ਦਾ ਆਸਰਾ ਲਿਆ ਅਤੇ ਮਾਣਯੋਗ ਹਾਈਕੋਰਟ ਤੋਂ ਇਸ ਅਹਿਮ ਮਸਲੇ 'ਤੇ ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ। ਜਿਸ 'ਤੇ ਪੰਜਾਬ ਸਰਕਾਰ ਪ੍ਰਸ਼ਾਸਨ ਵੱਲੋਂ ਕਾਰਵਾਈ ਲਈ ਮਿਤੀ 7 ਦਸੰਬਰ 2025 ਨੂੰ ਥਾਣਾ ਸੀ. ਡਵੀਜ਼ਨ ਅੰਮ੍ਰਿਤਸਰ ਸਾਹਿਬ ਵਿਖੇ ਪਰਚਾ ਦਰਜ ਕਰਵਾਇਆ ਗਿਆ। ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਲ ਬਣਾ ਕੇ ਦੋਸ਼ੀ ਬਚਾਉਣ ਲਈ ਜਿੱਥੇ ਲਗਾਤਾਰ ਵਿਰੋਧ ਕਰ ਰਹੇ ਹਨ। ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਦੀ ਅਗਵਾਈ ਵਿੱਚ ਇਹ ਆਦੇਸ਼ ਵੀ ਜਾਰੀ ਕਰਵਾ ਗਏ ਹਨ ਕਿ 328 ਪਾਵਨ ਸਰੂਪਾਂ ਬਾਬਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਬਣਾਈ ਸਿੱਟ ਨਾਲ ਸ਼੍ਰੋਮਣੀ ਕਮੇਟੀ ਕੋਈ ਸਹਿਯੋਗ ਨਹੀ ਕਰੇਗੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ, ਜਥੇਦਾਰ ਸਾਹਿਬਾਨ ਦੇ ਸਤਿਕਾਰ, ਤਖ਼ਤ ਸਾਹਿਬਾਨ ਦੇ ਹੁਕਮਨਾਮਿਆਂ ਅਤੇ ਸਿੱਖ ਪੰਥ ਦੇ ਹਿਰਦਿਆਂ ਨੂੰ ਸੱਟ ਮਾਰਨ ਵਾਲ਼ਾ ਹੈ ਅਤੇ ਸਿੱਖੀ ਸਿਧਾਂਤ ਦਾ ਮਲੀਆਮੇਟ ਕਰਨ ਵਾਲਾ ਹੈ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਵਿਘਨ ਪੈਣਾ ਹੈ। ਇਸ ਲਈ 328 ਪਾਵਨ ਸਰੂਪਾਂ ਸੰਬੰਧੀ ਜਿਹੜਾ ਫ਼ੈਸਲਾ ਦਿੱਤਾ ਗਿਆ ਹੈ ਇਸ ਨੂੰ ਰੱਦ ਕੀਤਾ ਜਾਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ, ਤਖ਼ਤ ਸਾਹਿਬਾਨਾਂ ਦੇ ਹੁਕਮਨਾਮਿਆਂ ਦੀ ਤਰਜ਼ਮਾਨੀ, ਜਥੇਦਾਰ ਸਾਹਿਬਾਨਾਂ ਦਾ ਮਾਣ-ਸਨਮਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ, ਸਿੱਖ ਪੰਥ ਦੀ ਮਾਣ ਮਰਯਾਦਾ, ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਇਸ ਇੱਕ ਤਰਫੀ ਦਿੱਤੇ ਗਏ ਫ਼ੈਸਲੇ ਨੂੰ ਰੱਦ ਕਰਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕੀਤੇ ਜਾਣ ਕਿ ਉਹ 328 ਪਾਵਨ ਸਰੂਪਾਂ ਸੰਬੰਧੀ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਰਾਮਦ ਕਰਨ ਲਈ ਅਤੇ ਗੁਰੂ ਦੀ ਗੋਲਕ ਦੇ ਪੈਸੇ ਵਸੂਲਣ ਲਈ ਤੇ ਅਗਲੇਰੇ ਪੁਖਤਾ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਜੋਂ ਪੁਲਿਸ ਪ੍ਰਸ਼ਾਸਨ ਤੇ ਸਿੱਖ ਸੰਗਤਾਂ ਦੇ ਨਾਲ ਪੂਰਨ ਸਹਿਯੋਗ ਕਰੇ, ਨਾ ਕਿ ਕਿਸੇ ਕਿਸਮ ਦੀ ਕਾਰਵਾਈ ਤੋਂ ਭੱਜਣ ਦੀ ਕੋਸ਼ਿਸ਼ ਕਰੇ। ਇਸ ਮੌਕੇ ਭਾਈ ਕੁਲਦੀਪ ਸਿੰਘ ਮੋਦੇ ਤੋਂ ਇਲਾਵਾ ਭਾਈ ਪਰਮਿੰਦਰ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਹੁਸਨਦੀਪ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਨਵਦੀਪ ਸਿੰਘ, ਨਿਰਮਲ ਸਿੰਘ, ਸਕੱਤਰ ਸੁਖਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਬਖਸ਼ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Posted By: GURBHEJ SINGH ANANDPURI








