ਬੱਬਰ ਖ਼ਾਲਸਾ ਦੇ ਯੋਧੇ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੇ ਸ਼ਹੀਦੀ ਸਮਾਗਮ 'ਚ ਪੁੱਜਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
27 Jan, 2026 07:26 PM
ਅੰਮ੍ਰਿਤਸਰ, 27 ਜਨਵਰੀ , ਜੁਗਰਾਜ ਸਿੰਘ ਸਰਹਾਲੀ
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਏ ਬੱਬਰ ਖ਼ਾਲਸਾ ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਅਮਰਜੀਤ ਸਿੰਘ ਜੀ ਸ਼ਹਿਜ਼ਾਦਾ ਦਾ ਸ਼ਹੀਦੀ ਦਿਹਾੜਾ 28 ਜਨਵਰੀ ਨੂੰ ਉਹਨਾਂ ਦੇ ਪਿੰਡ ਧੀਰੋਵਾਲ, ਜ਼ਿਲ੍ਹਾ ਜਲੰਧਰ ਵਿਖੇ ਖ਼ਾਲਸਈ ਜਾਹੋ ਜਲਾਲ ਨਾਲ ਕਰਵਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੇ ਭਰਾ ਭਾਈ ਜਸਵੀਰ ਸਿੰਘ ਅਤੇ ਦਾਮਾਦ ਭਾਈ ਮੇਜਰ ਸਿੰਘ ਨੇ ਦੱਸਿਆ ਕਿ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਕਥਾ ਵਿਚਾਰਾਂ ਹੋਣਗੀਆਂ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜਾਦਾ ਜੋ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਆਪਣੇ ਘਰ-ਪਰਿਵਾਰ ਦਾ ਮੋਹ ਤਿਆਗ ਕੇ ਸੰਘਰਸ਼ ਵਿੱਚ ਕੁੱਦ ਪਏ ਸਨ, ਉਹਨਾਂ ਨੂੰ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਦੀਪ ਸਿੰਘ ਵਕੀਲ ਅਤੇ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ, ਭਾਈ ਸਾਹਿਬ ਨੇ ਸੰਘਰਸ਼ 'ਚ ਵਿਚਰਦਿਆਂ ਦੁਸ਼ਟਾਂ ਦੇ ਸੋਧੇ ਲਾਏ ਅਤੇ ਤਸੀਹੇ ਝੱਲਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਨੇ ਸੰਗਤਾਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।
Posted By: GURBHEJ SINGH ANANDPURI








