ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲਾ ਸੂਰਾ ਸ਼ਹੀਦ ਭਾਈ ਤਾਰੂ ਸਿੰਘ
20 Jul, 2025 05:30 AM
ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲਾ ਸੂਰਾ ਸ਼ਹੀਦ ਭਾਈ ਤਾਰੂ ਸਿੰਘ
ਸਾਖੀ ਤਾਰੂ ਸਿੰਘ ਕੀ ਸੁਨੋਂ ਸਿੰਘ ਮਨ ਲਾਇ। ਜੋ ਖਾਨ ਬਹਾਦਰ ਲੈ ਤੁਰਯੋ ਖੋਪਰੀ ਸਿਰੋਂ ਉਤਰਾਇ।
ਸੋ ਮਾਝੈ ਮੈਂ ਬਸਤ ਥੋ ਭਲੇ ਸੁ ਪੂਹਲਾ ਗਾਮ। ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ।
ਮਾਝੇ ਦੇ ਪਿੰਡ ਪੂਹਲੇ ਦੇ ਭਾਈ ਜੋਧ ਸਿੰਘ ਘਰ 1720 ਨੂੰ ਬੀਬੀ ਧਰਮ ਕੌਰ ਦੀ ਕੁੱਖੋਂ ਪੁੱਤਰ ਦਾ ਜਨਮ ਹੋਇਆ। ਨਾਮ ਰੱਖਿਆ ਤਾਰੂ ਸਿੰਘ ਇਹ ਬੀਬੀ ਤਾਰੋ ਦਾ ਵੱਡਾ ਭਾਈ ਸੀ। ਬੀਬੀ ਤਾਰੋ ਜਵਾਨੀ ਵਿਚ ਹੀ ਵਿਧਵਾ ਹੋ ਗਈ ਸੀ। ਤੇ ਆ ਕੇ ਆਪਣੇ ਵੀਰ ਤੇ ਮਾਤਾ ਦੇ ਕੋਲ ਰਹਿਣ ਲੱਗ ਗਈ। ਦੋਹੇਂ ਮਾਵਾਂ ਧੀਆਂ ਸੰਗਤ ਦੀ ਪ੍ਰਸ਼ਾਦੇ ਪਾਣੀ ਨਾਲ ਖੂਬ ਸੇਵਾ ਕਰਦੀਆਂ। ਤਾਰੂ ਸਿੰਘ ਤਗੜੇ ਜੁੱਸੇ ਦਾ ਕਿਸਾਨ ਪਰ ਸੁਭਾਅ ਬਿਲਕੁਲ ਕੱਦ ਕਾਠ ਦੇ ਵਿਪਰੀਤ ਹਮੇਸ਼ ਨਿਮਰਤਾ ਤੇ ਭਜਨ ਬੰਦਗੀ ਚ ਵਿਲੀਨ ਮਾਨੋ ਜਿਵੇਂ ਕੋਈ ਸਾਧੂ ਬੜੇ ਜੁਗਾਂ ਦੀ ਤਪੱਸਿਆ ਬਾਅਦ ਮਨੁੱਖਾ ਜਨਮ ਲੈ ‘ਪਿਆਰ ਦਾ ਹੌਕਾ’ ਦੇਣ ਆਇਆ ਹੋਵੇ। ਸੱਚੇ ਸਤਿਗੁਰ ਸ੍ਰੀ ਗੁਰੂ ਅਰਜੁਨ ਦੇਵ ਜੀ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤਮਈ ਸਹਾਦਤ ਤੋਂ ਬਾਅਦ ਸਿੱਖਾਂ ਵਿਚ ਬੀਰ ਰਸ ਵਧੇਰੇ ਦੇਖਣ ਨੂੰ ਮਿਲਿਆ ਖਾਸ ਕਰ ਮਾਝੇ ਬਾਰੇ ਤਾਂ ਅੱਜ ਤੱਕ ਮਸ਼ਹੂਰ ਕਿ ਇਹ ਲੋਕ ਸਿਰਫ ਮਰਨਾ-ਮਾਰਨਾ ਹੀ ਜਾਣਦੇ ਨਿਮਰਤਾ ਤੇ ਇਹਨਾਂ ਦੀਆਂ ਬਰੂਹਾਂ ਤੋਂ ਕੋਹਾਂ ਦੂਰ ਰਹਿੰਦੀ। ਤਾਰੂ ਸਿੰਘ ਵੱਲ ਤੱਕ ਕੇ ਕੋਈ ਅੰਦਾਜਾ ਨਹੀਂ ਲਾ ਸਕਦਾ ਕਿ ਕਿਸਾਨ ਤਗੜੇ ਜੁਸੇ ਦਾ ਮਝੈਲ ਤੇ ਨਾਲੇ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਬਾਅਦ ਦਾ ਸਿੱਖ ਜਦੋਂ ਕਿ ਕੌਮ ਨੂੰ ਸਿਵਾਏ ਜੰਗ ਦੇ ਹੋਰ ਕੋਈ ਕਾਰਜ ਹੀ ਨਾ ਕਰਨ ਦੀ ਵਿਹਲ ਹੋਵੇ ਉਸ ਵਕਤ ਇਤਨੀ ਸਹਿਣਸੀਲਤਾ?
ਇਕ ਪਾਸੇ ਅਬਦੁਲ ਸਮੱਦ ਖਾਂ ਤੇ ਉਸਦੇ ਪੁੱਤਰ ਜਕਰੀਆਂ ਖਾਂ ਦੇ ਜੁਲਮਾਂ ਦੀ ਇੰਤਹਾਂ ਹੋਈ ਪਈ ਸੀ। ਕੋਈ ਲੰਗੜਾ ਲੂਲਾ ਵੀ ਕਿਰਪਾਨ ਚਲਾਉਣ ਦੀ ਤਾਂਘ ਪਾਲ ਕੇ ਬੈਠਾ ਸੀ ਪਰ ਉਸਦੇ ਉਲਟ ਤਾਰੂ ਸਿੰਘ ਹਿਰਦਾ ਇਤਨਾ ਠੰਢਾ ਮਾਨੋ ਹਿਮਾਲਿਆ ਹਿਰਦੇ ਚ ਸਮਾਈ ਬੈਠਾ ਹੋਵੇ। ਕਦੇ ਕਦੇ ਤਾਂ ਇਉਂ ਜਾਪਦਾ ਸੀ ਭਾਈ ਮਨੀ ਸਿੰਘ ਨੇ ਜਦੋਂ ਤਾਰੂ ਸਿੰਘ ਨੂੰ ਅਮ੍ਰਿਤ ਛਕਾਇਆ ਤਾਂ ਉਸ ਵਕਤ ਆਪਣਾ ਵਿਸ਼ਾਲ ਕਾਇਆ ਹਿਰਦਾ ਤਾਰੂ ਸਿੰਘ ਨੂੰ ਸੌਂਪ ਕੇ ਖੁਦ ਸ਼ਹਾਦਤ ਦੇ ਗਿਆ। ਦੂਜੇ ਪਾਸੇ ’´ਤਾਰੂ ਸਿੰਘ´´ ´´ਤਾਰਾ ਸਿੰਘ ਵਾਂ´´ ਦੀ ਜੰਗਜੂ ਬਿਰਤੀ ਦਾ ਕਾਇਲ ਵੀ ਸੀ। ਕਦੇ ਕਦੇ ਜਾਪੇ ਕਿ ਇਸ ਅੰਦਰਲੀ ਸ਼ਾਂਤੀ ਕਿਸੇ ਤੂਫਾਨ ਦੇ ਆਉਣ ਤੋਂ ਪਹਿਲਾਂ ਦਾ ਸੰਨਾਟਾ ਹੈ। ਸੀਸ ਤਲੀ ਤੇ ਰੱਖ ਲੜਨ ਵਾਲਾ ਬੁੱਢਾ ਬੱਬਰ ਸ਼ੇਰ ´´ਬਾਬਾ ਦੀਪ ਸਿੰਘ´´ ਵੀ ਤਾਰੂ ਸਿੰਘ ਵੱਲ ਕਦੇ ਕਦਾਈਂ ਗੇੜਾ ਮਾਰ ਆਉਂਦਾ ਸੀ। ਤੇ ਦੂਜੇ ਪਾਸੇ ´´ਮਹਿਤਾਬ ਸਿੰਘ ਮੀਰਾਂ ਕੋਟੀਆ´´ ਵੀ ਤਾਰੂ ਸਿੰਘ ਦਾ ਪੱਕਾ ਆੜੀ ਸੀ। ਇਤਿਹਾਸ ਦੱਸਦਾ ਕਿ ਜਦੋਂ ਜਕਰੀਏ ਨੇ ਹਰਿਭਗਤ ਜੰਡਿਆਲੇ ਵਾਲੇ ਦੀ ਡਿਊਟੀ ਲਾਈ ਕਿ ਉਹ ਮੱਸੇ ਰੰਗੜ ਦੇ ਕਾਤਲਾਂ ਨੂੰ ਫੜਾਏ ਤਾਂ ਉਸ ਨੇ ਭਾਈ ਮਹਿਤਾਬ ਸਿੰਘ ਦੇ ਪਿੰਡ ਮੀਰਾਂਕੋਟ ਨੂੰ ਨੂਰ-ਉਦ-ਦੀਨ ਦੀ ਕਮਾਂਡ ਹੇਠ ਘੇਰ ਲਿਆ। ਭਾਈ ਮਹਿਤਾਬ ਸਿੰਘ ਤਾਂ ਉਹਨਾਂ ਦੇ ਹੱਥ ਨਾ ਆਇਆ ਤਾਂ ਇਹ ਉਸਦੇ ਪੁੱਤਰ ´ਰਾਇ ਸਿੰਘ´ ਨੂੰ ਜਖਮੀ ਕਰ ਮੁੜ ਆਏ ਇਸੇ ਰਾਇ ਸਿੰਘ ਦਾ ਪੁੱਤਰ ਬਾਅਦ ਵਿਚ ´ਪ੍ਰਚੀਨ ਪੰਥ ਪ੍ਰਕਾਸ਼´ ਦਾ ਲਿਖਾਰੀ ´´ਰਤਨ ਸਿੰਘ ਭੰਗੂ´´ ਬਣਿਆ।
ਦੂਜੇ ਪਾਸੇ ਇਸੇ ਦੋਸ਼ ਤਹਿਤ ਮੋਮਨ ਖਾਂ ਨੇ ਪਿੰਡ ਪੂਹਲੇ ਜਾ ਭਾਈ ਤਾਰੂ ਸਿੰਘ ਤੇ ਭੈਣ ਤਾਰੋ ਨੂੰ ਗ੍ਰਿਫਤਾਰ ਕਰ ਲਿਆ। ਭਾਈ ਤਾਰੂ ਸਿੰਘ ਉਸ ਵਕਤ ਅਜਿਹੀ ਸ਼ਖਸੀਅਤ ਸੀ, ਜਿਸਤੇ ਭੀੜ ਪੈਣੀ ਚਾਹੇ ਉਹ ਸਿੱਖ ਹੈ ਜਾਂ ਨਹੀਂ ਇਸਨੇ ਆਪਣੇ ਘਰ ਦੇ ਦਰਵਾਜੇ ਖੋਲ ਦੇਣੇ ਰਾਹਗੀਰ ਇਥੇ ਵਿਸ਼ਰਾਮ ਕਰਦੇ, ਲੰਗਰ ਛਕਦੇ ਭਾਈ ਸਾਹਿਬ ਆਪਣੀ ਕਿਰਤ ਕਿਸਾਨੀ ਵਿੱਚੋਂ ਜਿਤਨਾ ਵੀ ਕਮਾਉਂਦੇ ਲੋਕਾਂ ਦੀ ਟਹਿਲ ਸੇਵਾ ਵਿਚ ਲਾ ਦੇਂਦੇ। ਇਲਾਕੇ ਵਾਲੇ ਬਹੁਤ ਸਤਿਕਾਰ ਕਰਦੇ ਸਨ। ਇਸੇ ਕਰਕੇ ਜਦ ਭਾਈ ਸਾਹਿਬ ਤੇ ਭੈਣ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਲਾਕੇ ਵਾਲਿਆ ਰਲ ਕੇ ਹੱਲਾ ਕਰਕੇ ਭਾਈ ਸਾਹਿਬ ਨੂੰ ਛੁਡਵਾਉਣ ਦੀ ਵਿਉਂਤ ਬਣਾਈ! ਜਦ ਇਹ ਬਾਤ ਭਾਈ ਸਾਹਿਬ ਤੱਕ ਅੱਪੜੀ ਤਾਂ ਇਹਨਾਂ ਨੇ ਇਲਾਕੇ ਵਾਲਿਆਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
ਅਖੀਰ ਭਾਈ ਤਾਰੂ ਸਿੰਘ ਜੀ ਨੂੰ ਜਾ ਜਕਰੀਆ ਖਾਂ ਦੀ ਕਚਹਿਰੀ ਪੇਸ਼ ਕੀਤਾ। ਜਾਂਦੇ ਹੀ ਭਾਈ ਸਾਹਿਬ ਨੇ ਗਰਜਵੀਂ ਆਵਾਜ ਵਿਚ ਕਿਹਾ ´´ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ´´ ਸੁਣਦੇ ਸਾਰ ਜਿਤਨੇ ਵੀ ਕਚਹਿਰੀ ਵਿਚ ਸ਼ਾਮਿਲ ਸਨ ਲਖਪਤ ਰਾਏ ਤੇ ਹੋਰ ਦੀਵਾਨ ਸਭ ਤੱਕਦੇ ਹੀ ਰਹਿ ਗਏ। ਜਕਰੀਆ ਖਾਂ ਗੁੱਸੇ ਚ ਬੋਲਿਆ ਇਸਨੂੰ ਉਤਨੀ ਦੇਰ ਚਰਖੜੀ ਤੇ ਘੁੰਮਾਇਆ ਜਾਏ ਜਿਤਨੀ ਦੇਰ ਇਹ ਇਸਲਾਮ ਨਹੀਂ ਕਬੂਲ ਕਰ ਲੈਂਦਾ। (ਇਨਸਾਨ ਅਤੇ ਹੈਵਾਨ ਵਿਚ ਇਹੀ ਫਰਕ ਹੈ ਕਿ ਬੰਦਾ ਬੰਦਿਸ਼ ਵਿਚ ਰਹਿੰਦਾ ਹੈ, ਹੈਵਾਨ ਨਹੀ।) ‘’ਬੰਦੇ ਸੇ ਸਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ’’
ਹਰੀ ਰਾਮ ਗੁਪਤਾ ਲਿਖਦਾ ਕਿ ਇਹ ਹੁਕਮ ਤਾਂ ਦਿੱਤਾ ਸੀ ਕਿ ਭਾਈ ਸਾਹਿਬ ਦੀ ਛਾਤੀ ਅਤੇ ਪਸਲੀਆਂ ਦੀਆਂ ਹੱਡੀਆਂ ਨੂੰ ਤੋੜ ਕੇ ਨਕਾਰਾ ਕਰ ਦਿੱਤਾ ਜਾਏ। ਫਤਵਾ ਸੁਣਦੇ ਤਾਰੂ ਸਿੰਘ ਦੇ ਚਿਹਰੇ ਦਾ ਜਲਾਲ ਹੋਰ ਵਧ ਗਿਆ। ਤੇ ਦਰਬਾਰ ਚ ਖਲ੍ਹੋ ਅਰਦਾਸ ਕੀਤੀ ਸੱਚੇ ਪਾਤਸ਼ਾਹ ਕ੍ਰਿਪਾ ਕਰੋ, ਆਪ ਦੇ ਸਿੱਖ ਦੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭ ਜਾਏ।
``ਨਿਸ਼ਾਨਿ ਸਿੱਖੀਂ ਈਂ ਪੰਜ ਹਰਫ ਕਾਫ।
ਹਰਗਿਜ਼ ਨਾ ਬਾਸ਼ਦ ਈਂ ਪੰਜ ਮੁਆਫ।
ਕੜਾ, ਕਾਰਦੋ, ਕੱਛ, ਕੰਘਾ ਬਿਦਾਂ।
ਬਿਲਾ ਕੇਸ, ਹੇਚ ਅਸਤ, ਜੁਮਲਾ ਨਿਸ਼ਾਂ।
ਇਤਨਾ ਸੁਣਦੇ ਜਕਰੀਆ ਖਾਂ ਸੜ ਬਲ ਗਿਆ ਤੇ ਹੁਕਮ ਦਿੱਤਾ ਚਰਖੜੀ ਬਾਅਦ ਚ ਚਾੜ੍ਹਾਗੇਂ ਪਹਿਲਾਂ ਇਸਦੇ ਕੇਸ ਕਤਲ ਕਰੋ। ਕਾਜੀ ਭਾਈ ਸਾਹਿਬ ਨੂੰ ਕਹਿੰਦਾ ਤੂੰ ਕੇਸ ਨਹੀਂ ਕਟਵਾਏਂਗਾ ਤਾਂ ਮਾਰ ਦਿੱਤਾ ਜਾਏਂਗਾ! ਭਾਈ ਸਾਹਿਬ ਨੇ ਕਾਜੀ ਨੂੰ ਇਕੋ ਸਵਾਲ ਪੁੱਛਿਆ ਕਾਜੀ ਸਾਹਿਬ! ਜੇ ਕੇਸ ਕਟਵਾ ਲਵਾਂਗਾ ਤਾਂ ਕੀ ਆਪ ਮੌਤ ਤੋਂ ਬਚਾ ਲਓਗੇ? ਇਸ ਸਵਾਲ ਦਾ ਕਾਜ਼ੀ ਕੋਲ ਕੋਈ ਜਵਾਬ ਹੀ ਨਹੀਂ ਸੀ। ´´ਸ਼ਾਇਰੇ ਮਸ਼ਰਕ ਅਲਾਮਾ ਇਕਬਾਲ´´ ਨੇ ਖਾਲਸੇ ਦੀ ਉਸਤਤ ਕਰਦਿਆਂ ਕਿਹਾ ਕਿ ਇਹ ਤਾਂ ´´ਕਲਦਰਾਨਾ ਅਦਾਏਂ ਸਿਕੰਦਰਾਨਾ ਜਲਾਲ ਹੈ´´ ਯਾਨੀ ਕਿ ਖਾਲਸੇ ਦੀਆਂ ਅਦਾਵਾਂ ਲਟ ਬੋਰੂ ਫਕੀਰਾਂ ਵਰਗੀਆਂ ਅਤੇ ਜਲਾਲ ਬਾਦਸ਼ਾਹਾਂ ਵਰਗਾ ਹੈ। ਇਸ ਲਈ ਹੀ ਸਿੱਖੀ ਕੇਸ਼ਾਂ ਸਵਾਸਾਂ ਸੰਗ ਨਿਭਣ, ਕੇਸ ਦਾਨ ਰਹਿਤ ਦਾਨ ਦੀ ਮੰਗ ਹਰ ਸਿੱਖ ਦੀ ਨਤਾਪ੍ਰਤਿ ਅਰਦਾਸ ਦਾ ਅੰਗ ਹੋ ਗਿਆ।
ਤਾਰੂ ਸਿੰਘ ਦਾ ਜੁੱਸਾ ਦੇਖ ਕਿਸੇ ਵੀ ਨਾਈ ਦੀ ਹਿੰਮਤ ਨਾ ਪਏ ਕੇ ਜਾ ਕੇ ਭਾਈ ਸਾਹਿਬ ਦੇ ਮੂਹਰੇ ਖਲੋ ਕੇਸਾਂ ਨੂੰ ਹੱਥ ਪਾ ਸਕੇ। ਬੇੜੀਆਂ ਚ ਜਕੜਿਆ ਬੱਬਰ ਸ਼ੇਰ ਅੱਖਾਂ ਲਾਲ ਜਾਹੋ ਜਲਾਲ ਇਤਨਾ ਕੋਈ ਵੀ ਅੱਗੇ ਨਾ ਆਵੇ। ਜਕਰੀਆਂ ਖਾਂ ਬੋਲਿਆ ਕਿਉਂ ਸਭ ਮਰ ਗਏ ਹੋ? ਇਸਦੇ ਵਾਲ ਕਿਉਂ ਨਹੀਂ ਕੱਟਦੇ। ਅਖੀਰ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਨੂੜ ਲਿਆ ਉਧਰੋਂ ਭਾਈ ਸਾਹਿਬ ´ਅਕਾਲ ਪੁਰਖ´ ਦੀ ਬੰਦਗੀ ਵਿਚ ਲੀਨ ਹੋ ਗਏ ਮਨ ਅੰਦਰ ਇਹੀ ਅਰਦਾਸ ਚਲ ਰਹੀ ਸੀ ਕਿ ਹੇ ਦਸ਼ਮੇਸ਼ ਪਿਤਾ ਆਪ ਦਾ ਫੁਰਮਾਨ ਹੈ ´´ਕਾਲ ਕੇ ਬਨਾਏ ਸਭੇ, ਕਾਲ ਹੀ ਚਬਾਹੇਗੇਂ´´ ਜਾਣਾ ਤੇ ਹੈ ਪਰ ਬੈਗੈਰਤੀ ਦੀ ਮੌਤ ਨਾ ਜਾਈਏ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣਾ(ਕੇਸਾਂ ਨਾਲ ਪਿਆਰ ਗੁਰੂ ਦੇ ਹੁਕਮ ਦੀ ਪਾਲਣਾ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ´´ਗੁਰੂ ਨਾਨਕ ਦੇਵ´´ ਜੀ ਨੇ ´ਭਾਈ ਮਰਦਾਨੇ´ ਨੂੰ ਜੋ ਉਪਦੇਸ਼ ਦਿੱਤਾ ਉਸ ਵਿਚ ਪਹਿਲੀ ਸ਼ਰਤ ਸੀ! ਸਿਰ ਤੇ ਕੇਸ ਰੱਖਣੇ, ਭਾਈ ਮਨੀ ਸਿੰਘ ਜੀ ਦੇ ਮੁਤਾਬਕ ਗੁਰੂ ਹਰਿਰਾਇ ਸਾਹਿਬ ਨੇ ਵੀ ਬਚਨ ਕੀਤਾ ਸੀ, ਕੇਸ ਨਹੀਂ ਕਟਾਣੇ, ਟੋਪੀ ਨਹੀਂ ਪਾਉਣੀ, ਤੰਬਾਕੂ ਨਹੀਂ ਵਰਤਣਾ, ਤੇ ਅੱਗੇ ਦਸ਼ਮੇਸ਼ ਜੀ ਨੇ ਤਾਂ ਕੇਸ ਕਤਲ ਕਰਨਾ ਬੱਜਰ ਕੁਰਹਿਤ ਚ ਹੀ ਪਾ ਤਾ) ਨਾਈ ਨੇ ਕੇਸਾਂ ਨੂੰ ਹੱਥ ਪਾਇਆ ਤੇ ਕੈਂਚੀ ਚਲਾਈ ਅਕਾਲ ਪੁਰਖ ਦੀ ਐਸੀ ਕਰਾਮਾਤ ਕੇਸ ਲੋਹੇ ਦੀਆਂ ਤਾਰਾਂ ਹੋ ਗਏ ਕੈਂਚੀ ਚ ਸਮਰੱਥਾ ਨਾ ਰਹੀ ਕੱਟਣ ਦੀ। ਜਕਰੀਆਂ ਖਾਂ ਤੜਫ ਉਠਿਆ ਕਹਿੰਦਾ ਕੱਟਣ ਵਾਲਾ ਯੱਬ ਮੁਕਾਓ ਕੱਲ੍ਹ ਨੂੰ ਫਿਰ ਵਧ ਜਾਣਗੇ ਮੋਚੀ ਲਿਆ ਕੇ ਮੁੱਢੋਂ ਹੀ ਕੱਢ ਦਿਓ ਕਿ ਫਿਰ ਕਦੇ ਉੱਗ ਹੀ ਨਾ ਸਕਣ। (ਯੂਨਾਨੀ ਇਤਿਹਾਸਕਾਰ ਹੇਰੋਡੋਟਸ(Herodotus) ਨੇ ਵੀ ਲਿਖਿਆ ਹੈ ਕਿ ਪੁਰਾਣੇ ਸਮੇਂ ਵਿਚ ਉੱਤਰੀ ਅਮਰੀਕਾ, ਸਿਥੀਅਨ(Scythians) ਅਤੇ ਸਾਈਬੇਰੀਆ ਵਿਚ ਦੁਸ਼ਮਣ ਦੀ ਵਾਲਾਂ ਸਮੇਤ ਖੋਪਰੀ ਉਤਾਰ ਦੇਣਾ ਇਕ ਆਮ ਰਿਵਾਜ ਸੀ। ਸ਼ਾਇਦ ਜਕਰੀਆਂ ਇਸ ਤੋਂ ਜਾਣੂ ਸੀ) ਜਕਰੀਏ ਦਾ ਹੁਕਮ ਸੁਣਦੇ ਭਾਈ ਸਾਹਿਬ ਨੇ ਅੱਖਾਂ ਖੋਲੀਆਂ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਲਾਜ ਰੱਖ ਲਈ। ਹੁਣ ਕੋਈ ਫਿਕਰ ਨਹੀਂ ਜੇ ਖੋਪਰੀ ਵੀ ਲੱਥ ਜਾਏ। ਇਤਨਾ ਸ਼ੁਕਰ ਦੇਖ ਕੇ ਭਾਈ ਨੰਦ ਲਾਲ ਦੇ ਬੋਲ ਯਾਦ ਆ ਗੇ ਇਕ ਦਫਾ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਬੈਠਾ ਕਿ ਮੈਂ ਆਪਣੀ ਜਾਨ ਹਾਜਰ ਕਰਦਾ ਹਾਂ, ਮੇਰੇ ਤੇ ਆਪਣੀ ਨਦਰਿ ਕਰੋ। ਗੁਰੂ ਸਾਹਿਬ ਉਸੇ ਵਕਤ ਬੋਲੇ ਇਥੇ ਸੌਦੇਬਾਜੀ ਨਹੀਂ ਹੁੰਦੀ:
´´ਗੁਫਤਮ ਕਿ ਜਾਂ-ਦਿਹੇਮ ਇਵਜ਼ਿ ਨਿਗਾਹਿ ਤੂ, ਗੁਫਤਾ ਮਿਵਿ ਮਾ ਓ ਤੂ ਸੌਦਾ ਨਮੀ ਸਵਦ´´
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।। ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ।।੧।।
ਲਾਹੋਰ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਨਖਾਸ ਚੌਂਕ ਵਿਚ ਬੰਨਿਆ ਭਾਈ ਤਾਰੂ ਸਿੰਘ। ਜਿਸ ਨੂੰ ਅੱਜ ਕੱਲ ਲੰਡਾ ਬਜਾਰ ਵੀ ਆਖਿਆ ਜਾਂਦਾ। ਜਿਸ ਦੇ ਦੁਆਲੇ ਡੂੰਘੀ ਖਾਈ ਸੀ। ਮੋਚੀ ਆਇਆ ਜੱਕੜੇ ਹੋਏ ਤਾਰੂ ਸਿੰਘ ਦੀ ਲੱਗਾ ਖੋਪੜੀ ਲਾਹੁਣ। ਭਾਈ ਸਾਹਿਬ ਗਰਜਿਆ ਕਹਿੰਦਾ ਬੰਨ ਕੇ ਇਕ ਕੇਸ ਨਹੀਂ ਕੱਟ ਸਕੇ ਖੋਪੜੀ ਕਿਥੋਂ ਲਾਹ ਲਵੋਗੇ? ਖੋਲ ਬਾਹਾਂ ਤੇ ਕਰ ਆਪਣਾ ਕਾਰਜ ਮੇਰੇ ਗੁਰੂ ਦਾ ਹੁਕਮ ਹੈ। ਜੋ ਮੈਂ ਤੁਹਾਡੇ ਸਾਹਮਣੇ ਬੈਠਾਂ। ਖੋਪੜੀ ਲੁਹਾਉਣ ਲਈ! ਵਰਨਾ ਤਾਰੂ ਸਿੰਘ ਦੇ ਤਾਂ ਪਰਛਾਵੇਂ ਨੂੰ ਵੀ ਨਹੀਂ ਤੁਸੀਂ ਪਕੜ ਸਕਦੇ। (ਮਕਤਲੇ ਸੌਕ ਕੇ ਆਦਾਬ ਨਿਰਾਲੇ ਹੈਂ ਬਹੁਤ, ਦਿਲ ਭੀ ਕਾਤਿਲ ਕੋ ਦਿਆ ਕਰਤੇ ਹੈਂ ਸਰ ਸੇ ਪਹਲੇ) ਆਸ ਪਾਸ ਖੜੇ ਲੋਕਾਂ ਮੂੰਹ ਵਿਚ ਉਗਲਾਂ ਪਾ ਲਈਆਂ। ਪਹਿਲਾਂ ਤੇ ਸਾਰੇ ਡਰਨ ਕੇ ਕਿਤੇ ਖੋਲ ਦਿੱਤਾ ਤਾਂ ੧੦,੧੫ ਫੌਜਦਾਰ ਹੀ ਨਾ ਝਟਕਾ ਦੇਵੇ? ਅਖੀਰ ਮਤਾ ਕੀਤਾ ਕੇ ਸਿੰਘ ਬੋਲਾਂ ਦੇ ਪੱਕੇ ਹੁੰਦੇ ਬੰਦਾ ਸਿੰਘ ਵੇਲੇ ਵੀ ਅਜਮਾਇਆ ਹੋਇਆ ਨੁਕਤਾ। ਤਾਰੂ ਸਿੰਘ ਨੂੰ ਖੋਲ ਦਿੱਤਾ ਗਿਆ। ਚੌਕੜਾ ਮਾਰ ਤਾਰੂ ਸਿੰਘ ਅਕਾਲ ਪੁਰਖ ਦੀ ਭਗਤੀ ਚ ਵਿਲੀਨ ਅਕਾਲ ਰੂਪ ਹੋ ਕੇ ਬੈਠ ਗਿਆ। ਜੱਲਾਦ ਮੋਚੀ ਨੇ ਪਹਿਲਾ ਟੱਕ ਲਾ ਕੇ ਕੇਸਾਂ ਨੂੰ ਹੱਥ ਪਾ ਕੇ ਖੋਪੜੀ ਸਮੇਤ ਉਪਰ ਚੁੱਕ ਲਿਆ। ਤੇ ਬੰਦਗੀ ਚ ਲੀਨ ਤਾਰੂ ਸਿੰਘ ਅਕਾਲ ਰੂਪ ਹੋਇਆ ਬੈਠਾ ਰਿਹਾ। ਖੋਪੜੀ ਉਤਾਰਨ ਤੋਂ ਬਾਅਦ ਭਾਈ ਸਾਹਿਬ ਦਾ ਸਰੀਰ ਡੂੰਘੀ ਖਾਈ ਵਿਚ ਸੁੱਟ ਦਿੱਤਾ। ´´ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ´´ ਇਹ ਬਾਤ ਆਲੇ ਦੁਆਲੇ ਜੰਗਲ ਦੀ ਅੱਗ ਵਾਂਗ ਫੈਲ ਗਈ।
ਵਾਟ ਹਮਾਰੀ ਖਰੀ ਉਡੀਣੀ।। ਖੰਨਿਅਹੁ ਤਿਖੀ ਬਹੁਤ ਪਿਈਣੀ।।
ਉਸੁ ਊਪਰਿ ਹੈ ਮਾਰਗੁ ਮੇਰਾ।। ਸੇਖ ਫਰੀਦਾ ਪੰਥੁ ਸਮਾਰਿ ਸਵੇਰਾ।।
ਉਧਰੋਂ ਲਾਹੋਰ ਦੇ ਰਾਮਗੜੀਏ ਸਿੱਖਾਂ ਨੇ ਸਰਕਾਰੀ ਆਗਿਆ ਪਾ ਕੇ ਭਾਈ ਸਾਹਿਬ ਦਾ ਸਰੀਰ ਖਾਈ ਵਿੱਚੋਂ ਕੱਢ ਕੇ ਧਰਮਸ਼ਾਲਾ ਲੈ ਆਂਦਾ। ਉਥੇ ਨਿੰਮ ਤੇ ਹਲਦੀ ਦੇ ਪਾਣੀ ਨਾਲ ਭਾਈ ਸਾਹਿਬ ਦਾ ਸਿਰ ਸਾਫ ਕਰਕੇ ਕੜਾਹ ਬਣਾ ਕੇ ਉਸਦੇ ਲੇਪ ਕੀਤੇ। ਕੁਝ ਸਮੇਂ ਬਾਅਦ ਬੰਦਗੀ ਚ ਲੀਨ ਤਾਰੂ ਸਿੰਘ ਦੁਬਾਰਾ ਸਰੀਰ ਅੰਦਰ ਪਰਤਿਆ। ਅਜੇ ਤਾਰੂ ਸਿੰਘ ਨੇ ਅੱਖ ਹੀ ਖੋਲੀ ਤਾਂ ਜਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਰਾਤ ਹੋਣ ਤੱਕ ਪਿਸ਼ਾਬ ਦੇ ਬੰਨ ਨੇ ਜਕਰੀਏ ਦਾ ਜਿਊਣਾ ਔਖਾ ਕਰ ਦਿੱਤਾ। ਕਾਜੀਆਂ ਕੋਲ ਗਿਆ। ਉਹਨਾਂ ਕਿਹਾ ਰੱਬ ਦੇ ਬੰਦੇ ਤੇ ਜਬਰਦਸਤੀ ਕੀਤੀ ਉਸੇ ਦਾ ਫਲ ਹੈ। (ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਅੰਦਰ ਤਾਂ ਐਸੇ ਵਿਅਕਤੀਆਂ ਬਾਰੇ ਰੱਬ ਦਾ ਫੈਸਲਾ ਦੱਸ ਰਹੀ
- ਵ ਮਯੱਕਤੁਲ ਮੁਅੱਮਿਨੱਮ-ਮੁ-ਤ-ਅੱਮਿਦੱਨ , ਫ਼ ਜਜ਼ਾ-ਉਹੂ ਜਰਨੱਮੁ ਖਾਲਿਦੱਨ ਫੀਹਾਗਜ਼ਿੱਬੱਲਾਹੁ ਅੱਲ੍ਵੈਹਿ
ਵ ਲ-ਅ-ਨਹੂਵਾਅ ਅੱਦ-ਲਹੂ ਅਜ਼ਾਬਨ ਅਜ਼ੀਮਾ (ਸੂਰਾ ਵਲਮੁਹਸਨਾਤ ਆਇਤ ੯੩) ਜਿਹੜਾ ਕਿਸੇ ਸ਼ਰਧਾਲੂ ਨੂੰ ਜਾਣ ਬੁੱਝ ਕੇ ਕਤਲ ਕਰੇਗਾ, ਉਸ ਦੀ ਸਜ਼ਾ ਦੋਜ਼ਖ ਹੈ, ਜਿਸ ਦੀ ਅੱਗ ਵਿਚ ਉਹ ਹਮੇਸ਼ਾਂ ਸੜਦਾ ਰਹੇਗਾ। ਖੁਦਾ ਉਸ ਤੇ ਲਾਅਨਤਾ ਪਾਏਗਾ ਅਤੇ ਹਮੇਸ਼ਾਂ ਕਹਿਰ ਬਰਤਾਏਗਾ। ਇਹੋ ਜਿਹੇ ਵਿਅਕਤੀ ਲਈ ਇਸ ਤੋਂ ਵੀ ਵੱਧ ਅਜ਼ਾਬ ਤਿਆਰ ਕੀਤੇ ਗਏ ਹਨ।)
ਤਾਂ ਜਕਰੀਏ ਨੇ ਪਛਤਾਵਾ ਕਰਦੇ ਹੋਏ ਭਾਈ ਸੁਬੇਗ ਸਿੰਘ ਕੋਤਵਾਲ ਕੋਲ ਅਰਜ ਗੁਜਾਰੀ ਕਿ ਮੈਨੂੰ ਭਾਈ ਤਾਰੂ ਸਿੰਘ ਕੋਲੋ ਮੁਆਫੀ ਦੁਆ ਦੇਵੋ। ਭਾਈ ਸੁਬੇਗ ਸਿੰਘ ਇਹ ਵਿਚਾਰ ਲੈ ਕਾਹਨੂੰਵਾਲ ਛੰਬ ਗਏ ਉਥੇ ਜੰਗਲ ਬੇਲਿਆਂ ਅੰਦਰ ਗੁਰੂ ਕੇ ਸਿੱਖ ਉਸ ਵਕਤ ਰਹਿੰਦੇ ਸਨ। ਭਾਈ ਸਾਹਿਬ ਨੇ ਜਾ ਕੇ ਵਿਚਾਰ ਪੇਸ਼ ਕੀਤੇ ਸਭ ਸਿੱਖਾਂ ਕਿਹਾ ਕਿ ਜੇ ਭਾਈ ਤਾਰੂ ਸਿੰਘ ਦੀ ਚਰਨ-ਦਾਸੀ(ਜੁੱਤੀ) ਤੁਰਕ (ਜਕਰੀਏ) ਦੇ ਸਿਰ ਵਿਚ ਮਾਰੀ ਜਾਵੇ ਤਾਂ ਪਿਸ਼ਾਬ ਦਾ ਬੰਨ੍ਹ ਖੁਲ ਜਾਵੇਗਾ। ਇਸੇ ਤਰ੍ਹਾਂ ਕੀਤਾ ਗਿਆ। ਜਕਰੀਏ ਦਾ ਬੰਨ੍ਹ ਖੁਲ ਗਿਆ। ਚਾਰ ਦਿਨ ਤੰਦਰੁਸਤ ਜੀਵਨ ਜਿਉਣ ਤੋਂ ਬਾਅਦ ਅਚਨਚੇਤ ਜਕਰੀਆਂ ਖਾਂ ਦੀ ਮੌਤ ਹੋ ਗਈ।
´´ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ।। ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ।।´´
ਜਕਰੀਏ ਦੀ ਮੌਤ ਤੋਂ ਤੁਰੰਤ ਬਾਅਦ ਭਾਈ ਤਾਰੂ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਹੁਣ ਅਸਾਂ ਦਾ ਵੇਲਾ ਵੀ ਆ ਗਿਆ। ਇਸ ਜੱਗ ਤੋਂ ਕੂਚ ਕਰਨ ਦਾ। ਭਾਈ ਤਾਰੂ ਸਿੰਘ ਜੀ ਨੇ ਨਾਲਦੇ ਸਿੱਖਾਂ ਨੂੰ ਕਿਹਾ ਕਿ ਆਖਰੀ ਇਸ਼ਨਾਨ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਦੇ ਸਰੋਵਰ ਦੇ ਜਲ ਨਾਲ ਹੀ ਕਰਵਾਇਆ ਜਾਏ। ਤੇ ਇਤਨਾ ਕਹਿ ਕੇ ਭਾਈ ਤਾਰੂ ਸਿੰਘ ਜੀ ੨੫ ਸਾਲ ਦੀ ਉਮਰ ਵਿਚ ੧ ਜੁਲਾਈ ੧੭੪੫ ਈ. ਨੂੰ ਦਿਨ ਸੋਮਵਾਰ ਸ਼ਹੀਦੀ ਪਾ ਗਏ।
ਉਹਨਾਂ ਦੀ ਆਖਰੀ ਇਛਾ ਪੂਰੀ ਕਰਦੇ ਹੋਏ ਭਾਈ ਸ਼ੁਬੇਗ ਸਿੰਘ ਜੰਬਰ ਨੇ ਉਹਨਾਂ ਦਾ ਦਰਬਾਰ ਸਾਹਿਬ ਦੇ ਜਲ ਨਾਲ ਇਸਨਾਨ ਕਰਵਾ ਕੇ ਜਪੁ ਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਪਾਠ ਪੜ੍ਹ ਕੇ ਪ੍ਰਿਥਮ ਭਗੌਤੀ ਤੋਂ ਸ਼ੁਰੂ ਕਰਕੇ ਅਰਦਾਸ ਪੜ੍ਹੀ ਤੇ ਬਾਅਦ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਲਾਹੋਰ ਦੇ ਦਿੱਲੀ ਦਰਵਾਜੇ ਤੋਂ ਬਾਹਰ ਕੀਤਾ। ´´ਸਾਚੁ ਕਹੌਂ ਸੁਨ ਲੇਹੁ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।´´
ਹੁਤੋ ਅੰਮ੍ਰਿਤਸਰ ਜਲ ਜੁ ਮੰਗਾਯੋ, ਆਪ ਸਿੰਘ ਅਸ਼ਨਾਨ ਕਰਾਯੋ।
ਕੜਾਹ ਪ੍ਰਸ਼ਾਦਿ ਕਰਯੋ ਤਬ ਹੀ, ਸ਼ਬਦ ਪੜ੍ਹਾਯੋ ਜਪੁਜੀ ਸਭ ਹੀ।
ਅਨੰਦ ਪੜ੍ਹਾਇ ਕਰ ਅਰਦਾਸ, ਸਿੰਘ ਸਬਹੂੰ ਨਾਡੇ ਤਿਸ ਪਾਸ। (ਪ੍ਰਚੀਨ ਪੰਥ ਪ੍ਰਕਾਸ਼ ਪੰਨਾ ੩੦੧)
ਸੁਰਜੀਤ ਸਿੰਘ ਜਰਮਨੀ(ਡਾ.)
Posted By: GURBHEJ SINGH ANANDPURI








