ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਦੀ ਯਾਦ 'ਚ ਸਜਾਇਆ ਨਗਰ ਕੀਰਤਨ
01 Feb, 2026 08:46 PM
ਜਥੇਦਾਰ ਜਗਜੀਤ ਸਿੰਘ ਨਿਹੰਗ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ
ਦਸੂਹਾ , 1 ਫਰਵਰੀ , ਕੰਵਰ ਪ੍ਰਤਾਪ ਸਿੰਘ
ਅੱਜ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਪਿੰਡ ਖੁੱਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਬੜੇ, ਪਿਆਰ, ਸਤਿਕਾਰ, ਉਤਸ਼ਾਹ ਤੇ ਜਾਹੋ ਜਲਾਲ ਨਾਲ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਵੱਲੋਂ ਗੁਰਬਾਣੀ ਦੇ ਸ਼ਬਦ ਪੜ੍ਹੇ ਜਾ ਰਹੇ ਸਨ ਤੇ ਸੰਗਤਾਂ ਆਨੰਦਿਤ ਹੋ ਰਹੀਆਂ ਸਨ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੇ ਸ਼ਸਤਰਧਾਰੀ ਹੋਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਭਗਤ ਰਵਿਦਾਸ ਜੀ ਮਹਾਰਾਜ ਦੀ ਮਹਾਨ ਅਤੇ ਅਧਿਆਤਮਿਕ ਵਿਚਾਰਧਾਰਾ ਨਾਲ ਜੁੜ ਕੇ ਅੰਮ੍ਰਿਤ ਵੇਲੇ ਭਗਤੀ ਤੇ ਸੇਵਾ, ਸਿਮਰਨ ਕਰੋ ਅਤੇ ਜਾਤ ਪਾਤ ਦੇ ਵਿਤਕਰੇ ਤਿਆਗ ਕੇ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਸਿਧਾਂਤ ਉੱਤੇ ਪਹਿਰਾ ਦੇਵੋ। ਇਸ ਮੌਕੇ ਬੀਬੀਆਂ, ਬੱਚਿਆਂ ਅਤੇ ਭੁਝੰਗਣਾਂ ਵੱਲੋਂ ਵੀ ਸ਼ਬਦ ਪੜ੍ਹੇ ਗਏ। ਵੱਖ-ਵੱਖ ਪੜ੍ਹਾਵਾਂ ਉੱਤੇ ਗੁਰੂ ਕੇ ਲੰਗਰ ਅਤੁੱਟ ਵਰਤੇ। ਨਗਰ ਕੀਰਤਨ ਵਿੱਚ ਪੂਰੇ ਪਿੰਡ ਨੇ ਹਾਜ਼ਰ ਹੋ ਕੇ ਏਕਤਾ,ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਭਾਈ ਸੁਰਜੀਤ ਸਿੰਘ ਗ੍ਰੰਥੀ, ਭਾਈ ਮਨੋਹਰ ਸਿੰਘ, ਭਾਈ ਰਤਨ ਸਿੰਘ, ਭਾਈ ਬਲਜੀਤ ਸਿੰਘ ਕਾਲਾ, ਭਾਈ ਬਲਵੀਰ ਸਿੰਘ ਪੱਪੀ, ਭਾਈ ਲਸ਼ਕਰ ਸਿੰਘ, ਭਾਈ ਸਰਵਣ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਗੁਰਪੰਥ ਪ੍ਰਥਮ ਸਿੰਘ, ਗੁਰਬਾਜ ਸਿੰਘ, ਕਮਲਜੀਤ ਕੌਰ ਨਿਹੰਗ ਆਦਿ ਹਾਜ਼ਰ ਸਨ।
Posted By: GURBHEJ SINGH ANANDPURI








