Nazrana Times

ਪੰਜਾਬੀ

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੇ ਭਗੌੜੇ ਤੇ ਗ਼ਦਾਰ ਬਾਦਲਾਂ ਨੂੰ ਮਾਫ਼ ਨਹੀਂ ਕਰਨਗੇ ਗੁਰੂ ਦੇ ਸੱਚੇ ਸਿੱਖ

02 Dec, 2025 02:53 AM
ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੇ ਭਗੌੜੇ ਤੇ ਗ਼ਦਾਰ ਬਾਦਲਾਂ ਨੂੰ ਮਾਫ਼ ਨਹੀਂ ਕਰਨਗੇ ਗੁਰੂ ਦੇ ਸੱਚੇ ਸਿੱਖ

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੇ ਭਗੌੜੇ ਤੇ ਗ਼ਦਾਰ ਬਾਦਲਾਂ ਨੂੰ ਮਾਫ਼ ਨਹੀਂ ਕਰਨਗੇ ਗੁਰੂ ਦੇ ਸੱਚੇ ਸਿੱਖ 
 

2 ਦਸੰਬਰ 2024 ਦੇ ਇਤਿਹਾਸਕ ਦਿਨ ਨੂੰ ਅੱਜ ਇੱਕ ਸਾਲ ਪੂਰਾ ਹੋ ਚੁੱਕਾ ਹੈ। ਇਹ ਦਿਨ ਸਿੱਖ ਕੌਮ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਜਥੇਦਾਰਾਂ ਦੇ ਅਹੁਦੇ ਦਾ ਵੱਕਾਰ ਮੁੜ ਬਹਾਲ ਹੋਇਆ ਸੀ। ਖ਼ਾਸ ਕਰਕੇ ਪੰਥ ਅਤੇ ਪੰਜਾਬ ਦੇ ਗ਼ਦਾਰ ਬਾਦਲਾਂ ਨੂੰ ਤਾਂ ਇਹ ਦਿਨ ਹਮੇਸ਼ਾਂ ਯਾਦ ਅਤੇ ਰੜਕਦਾ ਰਹੇਗਾ। ਬਾਦਲ ਦਲ ਤੋਂ ਹੀ ਬਾਗ਼ੀ ਹੋਏ ਕੁਝ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਹੋਰ ਦੋਸ਼ੀਆਂ ਨੂੰ ਤਲਬ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖੁੱਲ੍ਹੀ ਅਦਾਲਤ ਲੱਗੀ, ਜਥੇਦਾਰਾਂ ਦਾ ਜਾਹੋ-ਜਲਾਲ ਅਤੇ ਦਲੇਰੀ ਵੇਖਣ ਹੀ ਵਾਲੀ ਸੀ, ਸੁਖਬੀਰ ਬਾਦਲ ਪੂਰਾ ਡਰਿਆ ਹੋਇਆ ਸੀ ਤੇ ਜਦੋਂ ਜਥੇਦਾਰਾਂ ਨੇ ਉਸ ਦੀਆਂ ਸਰਕਾਰਾਂ ਵਿੱਚ ਹੋਈਆਂ ਗ਼ਲਤੀਆਂ ਤੇ ਗੁਨਾਹ ਦੱਸੇ ਤਾਂ ਸੁਖਬੀਰ ਨੇ ਇੱਕ-ਇੱਕ ਕਰਕੇ ਕਬੂਲ ਕੀਤੇ। ਸੁਖਬੀਰ ਬਾਦਲ ਨੇ ਮੰਨਿਆ ਕਿ "ਉਸ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ ਚੋਰੀ ਕਰਨ ਵਾਲੇ ਅਤੇ ਅੰਗ ਪਾੜ ਕੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਉੱਤੇ ਕੋਈ ਕਾਰਵਾਈ ਨਾ ਕੀਤੀ ਤੇ ਸਗੋਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ, ਉਸ ਨੇ ਪੰਥਪ੍ਰਸਤ ਗੁਰਸਿੱਖਾਂ ਅਤੇ ਇਨਸਾਫ਼ ਮੰਗਦੀਆਂ ਸੰਗਤਾਂ ਨੂੰ ਗੋਲ਼ੀਆਂ ਨਾਲ ਭੁੰਨਿਆ, ਉਸਨੇ ਜਥੇਦਾਰਾਂ ਨੂੰ ਆਪਣੀ ਸਰਕਾਰੀ ਕੋਠੀ ਵਿੱਚ ਸੱਦ ਕੇ ਬਲਾਤਕਾਰੀ ਅਤੇ ਪੰਥ ਦੋਖੀ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਲਈ ਹੁਕਮਨਾਮਾ ਜਾਰੀ ਕਰਵਾਇਆ, ਉਸ ਨੇ ਗੁਰੂ ਦੀਆਂ ਗੋਲਕਾਂ ਵਿੱਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਰਾਹੀਂ ਅਖ਼ਬਾਰਾਂ ਨੂੰ ਦਿਵਾਏ, ਉਸ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਕਾਤਲ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਉੱਚ ਅਹੁਦੇ ਦੇ ਕੇ ਨਿਵਾਜਿਆ, ਉਸਨੇ ਆਪਣੀਆਂ ਸਰਕਾਰਾਂ ਵਿੱਚ ਉਹਨਾਂ ਪੰਥਕ ਮੁੱਦਿਆਂ ਨੂੰ ਵਿਸਾਰਿਆ ‌ਜਿਸ ਕਰਕੇ ਸਿੱਖ ਕੌਮ ਨੇ ਲੰਬਾ ਸੰਘਰਸ਼ ਲੜਿਆ ਸੀ ਅਤੇ ਅਨੇਕਾਂ ਸ਼ਹੀਦੀਆਂ ਹੋਈਆਂ ਸਨ।" ਇਸ ਉਪਰੰਤ ਜਥੇਦਾਰਾਂ ਨੇ ਸੁਖਬੀਰ ਬਾਦਲ ਅਤੇ ਹੋਰ ਦੋਸ਼ੀਆਂ ਨੂੰ ਤਨਖਾਹ ਲਗਾਈ, ਅਜੋਕੀ ਅਕਾਲੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਅਗਵਾਈ ਲਈ ਅਯੋਗ ਕਰਾਰ ਦਿੱਤਾ ਅਤੇ ਸੱਤ ਮੈਂਬਰੀ ਕਮੇਟੀ ਬਣਾਈ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਪਾਸੋਂ ਫ਼ਖ਼ਰ-ਏ-ਕੌਮ ਅਤੇ ਪੰਥ ਰਤਨ ਖਿਤਾਬ ਵਾਪਸ ਲਿਆ। ਹਾਲਾਂਕਿ ਖ਼ਾਲਸਾ ਪੰਥ ਦੀਆਂ ਪ੍ਰੰਪਰਾਵਾਂ ਅਨੁਸਾਰ ਇਹ ਫ਼ੈਸਲੇ ਬਹੁਤ ਨਰਮ ਅਤੇ ਸੁਖਬੀਰ ਬਾਦਲ ਦੇ ਪੱਖ ਵਿੱਚ ਹੀ ਸਨ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਤੋਂ ਸੰਗਤਾਂ ਵਿੱਚ ਵਿਚਰਨ ਜੋਗਾ ਹੋ ਗਿਆ ਸੀ, ਪਰ ਬਾਦਲਕਿਆਂ ਅਨੁਸਾਰ ਇਹ ਕਾਰਵਾਈ ਬਹੁਤ ਸਖ਼ਤ ਅਤੇ ਉਹਨਾਂ ਦੇ ਵਿਰੋਧ ਵਿੱਚ ਸੀ ਜਿਸ ਨੂੰ ਬਾਦਲਕਿਆਂ ਨੇ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ। ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਉਸ ਦੇ ਟੋਲੇ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ ਚੋਰੀ ਹੋਇਆ, ਸਿੱਖਾਂ ਨੂੰ ਪੋਸਟਰ ਲਗਾ ਕੇ ਵੰਗਾਰਿਆ ਗਿਆ, ਅੰਗ ਪਾੜ-ਪਾੜ ਕੇ ਗਲੀਆਂ-ਨਾਲੀਆਂ ਤੇ ਰੂੜੀਆਂ ਵਿੱਚ ਸੁੱਟ ਕੇ ਕਈ ਵਾਰ ਬੇਅਦਬੀ ਕੀਤੀ ਗਈ, ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ, ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਗੋਲੀਆਂ ਨਾਲ ਛਲਣੀ-ਛਲਣੀ ਕੀਤਾ ਗਿਆ। ਇਸ ਬਦਲੇ ਤੋਂ ਸੁਖਬੀਰ ਬਾਦਲ ਤੇ ਉਸਦੀ ਕਾਤਲ ਜੁੰਡਲੀ ਨੂੰ ਫਾਹੇ ਲਾ ਦੇਣਾ ਚਾਹੀਦਾ ਸੀ, ਇਹਨਾਂ ਦੇ ਗਲਾਂ ਵਿੱਚ ਰੱਸੇ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨਾਲ ਟੰਗ ਦੇਣੇ ਚਾਹੀਦੇ ਸੀ, ਇਹਨਾਂ ਨੂੰ ਪੰਥ ਵਿੱਚੋਂ ਵੀ ਛੇਕਣਾ ਚਾਹੀਦਾ ਸੀ, ਇਹਨਾਂ ਨੂੰ ਥੰਮਲਿਆਂ ਨਾਲ ਬੰਨ੍ਹ ਕੇ ਹਰ ਸਿੱਖ ਨੂੰ ਹੁਕਮ ਕਰਨਾ ਚਾਹੀਦਾ ਸੀ ਕਿ ਇਹਨਾਂ ਦੇ ਕੋਰੜੇ ਮਾਰੇ ਜਾਣ, ਇਹਨਾਂ ਨੂੰ ਲੱਖਪਤ ਰਾਏ ਵਾਲੀ ਭੈੜੀ ਸਜ਼ਾ ਦੇਣੀ ਚਾਹੀਦੀ ਸੀ ਤਾਂ ਜੋ ਅੱਗੇ ਤੋਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੀ ਕੋਸ਼ਿਸ਼ ਨਾ ਕਰਦਾ। ਪਰ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਵੱਲੋਂ ਥਾਪੇ ਜਥੇਦਾਰਾਂ ਕੋਲੋਂ ਇੰਨੀ ਵੱਡੀ ਆਸ ਕਰਨੀ ਇੱਕ ਸੁਪਨੇ ਤੋਂ ਵੱਧ ਕੁਝ ਨਹੀਂ ਹੈ। ਪਰ ਫਿਰ ਵੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੀ ਕਦਰ ਕਰਦਿਆਂ ਉਸ ਸਮੇਂ ਦੇ ਜਥੇਦਾਰਾਂ ਨੇ ਜਿੰਨਾ ਵੀ ਕੀਤਾ, ਉਸ ਫੈਸਲੇ ਦਾ ਸੰਗਤਾਂ ਨੇ ਸਵਾਗਤ ਕੀਤਾ ਤੇ ਸਿੱਖ ਕੌਮ ਦੇ ਜ਼ਖਮਾਂ ਉੱਤੇ ਕੁਝ ਮਲ੍ਹਮ ਪੱਟੀ ਜ਼ਰੂਰ ਲੱਗੀ ਤੇ ਇੱਕ ਆਸ ਬੱਝੀ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਕੋਈ ਵਰਤ ਨਹੀਂ ਸਕੇਗਾ, ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਵੇਗਾ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਨਹੀਂ ਹੋਵੇਗਾ। ਪਰ ਇਸ ਫ਼ੈਸਲੇ ਉਪਰੰਤ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ, ਸਭ ਤੋਂ ਵੱਧ ਨਿਸ਼ਾਨਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਤੇ ਉਹਨਾਂ ਨੂੰ ਜਥੇਦਾਰੀ ਤੋਂ ਲਾਹ ਦਿੱਤਾ। ਉਸ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੋਂ ਵੀ ਬਾਦਲਾਂ ਨੇ ਅਹੁਦੇ ਖੋਹ ਲਏ ਤੇ ਫਿਰ ਪਹਿਲਾਂ ਵਾਂਗ ਹੀ ਮਨਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਦਲਕਿਆਂ ਨੇ ਜਥੇਦਾਰਾਂ ਦਾ ਜੀਣਾ ਹਰਾਮ ਕਰ ਦਿੱਤਾ, ਉਹਨਾਂ ਦੀ ਐਨੀ ਕਿਰਦਾਰਕੁਸ਼ੀ ਕੀਤੀ ਕਿ ਉਹਨਾਂ ਦੇ ਖ਼ੁਦਕੁਸ਼ੀ ਕਰਨ ਵਾਲੇ ਹਲਾਤ ਬਣਾ ਦਿੱਤੇ। ਬਾਦਲਕਿਆਂ ਨੇ ਤਾਂ ਸੱਤ ਮੈਂਬਰੀ ਕਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਪੋਤਰੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ) ਨੂੰ ਵੀ ਨਾ ਬਖਸ਼ਿਆ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪਾਸੋਂ ਅਸਤੀਫ਼ੇ ਦਿਵਾ ਦਿੱਤੇ ਅਤੇ ਦੋ ਦਸੰਬਰ ਵਾਲੇ ਹੁਕਮਨਾਮੇ ਦਾ ਪੂਰੀ ਤਰ੍ਹਾਂ ਭੋਗ ਪਵਾ ਦਿੱਤਾ। ਸੁਖਬੀਰ ਫਿਰ ਆਪਣੇ ਧੜੇ ਵਾਲੇ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ, ਉਹ ਅੱਜ ਤੱਕ ਜਥੇਦਾਰਾਂ ਉੱਤੇ ਸ਼ਬਦੀ ਹਮਲੇ ਕਰ ਰਿਹਾ ਹੈ, ਵਿਰਸਾ ਸਿੰਘ ਵਲਟੋਹਾ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਆਖਦਾ ਹੈ, ਮਹੇਸ਼ਇੰਦਰ ਸਿੰਘ ਅਤੇ ਭੂੰਦੜ ਰੱਜ ਕੇ ਪੰਥਪ੍ਰਸਤ ਗੁਰਸਿੱਖਾਂ ਖ਼ਿਲਾਫ਼ ਜ਼ਹਿਰ ਉਗਲਦੇ ਹਨ। ਸੁਖਬੀਰ ਬਾਦਲ ਛੇਤੀ ਹੀ ਮੁਕਤਸਰ ਵਿੱਚ ਇੱਕ ਰੈਲੀ ਦੌਰਾਨ ਆਪਣੇ ਗੁਨਾਹਾਂ ਤੋਂ ਫਿਰ ਮੁੱਕਰ ਗਿਆ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਤੋਂ ਫਿਰ ਭਗੌੜਾ ਹੋ ਗਿਆ। ਪੰਜ ਮੈਂਬਰੀ ਕਮੇਟੀ ਅਤੇ ਬਾਗ਼ੀ ਧੜੇ ਨੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਜਿਸ ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਅਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਚੁਣੇ ਗਏ ਜਿਨ੍ਹਾਂ ਤੋਂ ਬਾਦਲਕਿਆਂ ਨੂੰ ਸਭ ਤੋਂ ਵੱਧ ਔਖ ਹੈ। ਸੁਖਬੀਰ ਸਿੰਘ ਬਾਦਲ ਤੇ ਉਸਦੀ ਜੁੰਡਲੀ ਲਗਾਤਾਰ ਆਪਣੇ ਭਾਸ਼ਣਾਂ ਵਿੱਚ ਲਗਾਤਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਰਹੇ ਹਨ, ਜਥੇਦਾਰਾਂ ਦੀ ਹੇਠੀ ਕਰ ਰਹੇ ਹਨ, ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੀ ਕੋਈ ਪ੍ਰਵਾਹ ਨਹੀਂ, ਉਹ ਪਹਿਲਾਂ ਵਾਂਗ ਹੀ ਪੰਥ ਤੇ ਪੰਜਾਬ ਨਾਲ ਗ਼ਦਾਰੀਆਂ ਕਰ ਰਹੇ ਹਨ ਤੇ ਭਾਜਪਾ ਨਾਲ ਗਠਜੋੜ ਕਰਨ ਲਈ ਤਰਲੋ ਮੱਛੀ ਹੋਏ ਫਿਰਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਸੱਤਾ ਮਿਲਣ ਦੀ ਹੀ ਦੇਰ ਹੈ ਬਸ ਫਿਰ ਉਹ ਪਹਿਲਾਂ ਵਾਂਗ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਵੇਗਾ, ਇਨਸਾਫ ਮੰਗਦੇ ਪੰਥ-ਪ੍ਰਸਤ ਗੁਰਸਿੱਖਾਂ ਨੂੰ ਚੁਣ ਚੁਣ ਕੇ ਗੋਲੀਆਂ ਨਾਲ ਭੁੰਨੇਗਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਤੁੰਨੇਗਾ ਤੇ ਉਹ ਰੱਜ ਕੇ ਪੰਥ ਦਾ ਘਾਣ ਕਰੇਗਾ। ਉਹ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਵੱਧ ਕੇ ਪੰਥ ਅਤੇ ਪੰਜਾਬ ਨਾਲ ਗਦਾਰੀ ਕਰੇਗਾ ਤੇ ਇੱਕ ਵਾਰ ਫਿਰ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਅਬਦਾਲੀ, ਮੱਸਾ ਰੰਘੜ, ਜ਼ਕਰੀਆ ਖਾਂ, ਮੀਰ ਮੰਨੂ, ਜਨਰਲ ਡਾਇਰ, ਇੰਦਰਾ ਗਾਂਧੀ ਤੇ ਬੇਅੰਤ ਬੁੱਚੜ ਵਾਂਗ ਦਰਜ ਕਰਵਾ ਕੇ ਹੀ ਦਮ ਲਏਗਾ। ਫਿਰ ਹੀ ਲੋਕ ਆਖਿਆ ਕਰਨਗੇ ਕਿ ਸੁਖਬੀਰ ਬਾਦਲ ਨਾਲੋਂ ਤਾਂ ਇਸ ਦਾ ਪਿਓ ਹੀ ਚੰਗਾ ਸੀ, ਕੈਪਟਨ, ਚੰਨੀ ਤੇ ਭਗਵੰਤ ਮਾਨ ਹੀ ਵਧੀਆ ਸੀ। ਚਾਹੀਦਾ ਤਾਂ ਇਹ ਸੀ ਕਿ ਦੋ ਦਸੰਬਰ ਵਾਲੇ ਫੈਸਲੇ ਤੋਂ ਬਾਅਦ ਕੋਈ ਵੀ ਸਿੱਖ ਅਤੇ ਪੰਜਾਬੀ ਇਸ ਨੂੰ ਮੂੰਹ ਨਾ ਲਾਉਂਦਾ। ਪਰ ਸੁਖਬੀਰ ਬਾਦਲ ਆਪਣੀ ਧੌਂਸ ਜਮਾ ਕੇ, ਪੰਥ ਵਿਰੋਧੀਆਂ ਨਾਲ ਯਾਰੀ ਪਾ ਕੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ। ਤਰਨ ਤਾਰਨ ਵਿੱਚ ਹੋਈ ਜ਼ਿਮਨੀ ਚੋਣ ਨੂੰ ਲੈ ਕੇ ਸੁਖਬੀਰ ਧੜਾ ਬੜਾ ਬਾਗੋ-ਬਾਗ ਹੈ, ਅਖੇ 2027 ਵਿੱਚ ਸਾਡੀ ਸਰਕਾਰ ਪੱਕੀ ਹੈ। ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵੀ ਕਹਿ ਰਿਹਾ ਹੈ ਕਿ ਸੁਖਬੀਰ ਬਾਦਲ ਨਾਲ ਗੱਠਜੋੜ ਕੀਤਾ ਜਾਵੇ ਤੇ ਬਾਦਲਕੇ ਤਾਂ ਪਹਿਲਾਂ ਹੀ ਗਠਜੋੜ ਕਰਨ ਲਈ ਅਮਿਤ ਸ਼ਾਹ ਦੇ ਪੈਰਾਂ ਵਿੱਚ ਵੀ ਜਾ ਡਿੱਗੇ ਹਨ। ਬਾਦਲਕਿਆਂ ਨੂੰ ਬੜਾ ਵੱਡਾ ਭਰਮ ਹੋ ਗਿਆ ਹੈ ਕਿ ਉਹ ਖਾਲਸਾ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੇਠੀ ਕਰਕੇ ਅਤੇ ਪੰਥਕ ਵੋਟ ਤੋਂ ਬਿਨਾਂ ਹੀ ਆਪਣੀ ਸਰਕਾਰ ਬਣਾ ਲੈਣਗੇ। ਸੁਖਬੀਰ ਬਾਦਲ ਆਪਣੇ ਪਿਤਾ ਸਮਾਨ ਭਾਪੇ ਡੇਰਾ ਸਿਰਸਾ ਮੁਖੀ ਨੂੰ ਦੁਬਾਰਾ ਫਿਰ ਵੋਟ ਬੈਂਕ ਵਜੋਂ ਵਰਤਣਾ ਚਾਹੁੰਦਾ ਹੈ। ਬਾਦਲਕਿਆਂ ਨੂੰ ਲੱਗਦਾ ਹੈ ਕਿ ਜੇਕਰ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ, ਨਵੰਬਰ 1984 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅਤੇ 10 ਸਾਲ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ਵਿੱਚ ਫਿਰ ਸਰਕਾਰਾਂ ਬਣਾ ਸਕਦੀ ਹੈ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆਪਣੇ ਰਾਜ ਵਿੱਚ ਕਰਵਾ ਕੇ ਦੋਸ਼ੀਆਂ ਨੂੰ ਬਚਾ ਕੇ, ਸਿੱਖਾਂ ਨੂੰ ਗੋਲੀਆਂ ਨਾਲ ਮਾਰ ਕੇ, ਪੰਥ ਅਤੇ ਪੰਜਾਬ ਨਾਲ ਮੱਥਾ ਲਾ ਕੇ ਸਰਕਾਰ ਕਿਉਂ ਨਹੀਂ ਬਣਾ ਸਕਦੇ! ਬਾਦਲਕਿਆਂ ਦੀ ਇਹ ਸੋਚ ਪੰਥ ਅਤੇ ਪੰਜਾਬ ਲਈ ਬਹੁਤ ਖਤਰਨਾਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸੱਚੇ ਸਿੱਖ ਉਹ ਤਾਂ ਕਦੇ ਵੀ ਬਾਦਲਾਂ ਨੂੰ ਵੋਟ ਨਹੀਂ ਪਾਉਣਗੇ ਤੇ ਨਾ ਹੀ ਇਹਨਾਂ ਨੂੰ ਬਖਸ਼ਣਗੇ। ਇਹ ਫੈਸਲਾ ਪੰਥ ਦੇ ਹੱਥ ਹੈ ਕਿ ਉਹਨਾਂ ਨੇ ਦੋ ਦਸੰਬਰ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਲਾਗੂ ਕਰਵਾਉਣਾ ਹੈ, ਗ਼ਦਾਰਾਂ ਨੂੰ ਸਬਕ ਸਿਖਾਉਣਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ ਹੈ ਜਾਂ ਫਿਰ ਬਾਦਲਾਂ ਅੱਗੇ ਝੁਕ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦਾ ਤ੍ਰਿਸਕਾਰ ਕਰਵਾਉਣਾ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਕਰਵਾਉਣਾ ਹੈ। ਹਰ ਸਿੱਖ ਜ਼ਰੂਰ ਸੋਚੇ।
 

         ਰਣਜੀਤ ਸਿੰਘ ਦਮਦਮੀ ਟਕਸਾਲ
    (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
             ਮੋ : 88722-93883.

Posted By: GURBHEJ SINGH ANANDPURI

Loading…
Loading the web debug toolbar…
Attempt #