Nazrana Times

ਪੰਜਾਬੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਨੂੰ ਭਾਵੁਕ ਵਿਦਾਇਗੀ । ਲੰਗਰ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਪਾਲ ਸਿੰਘ ਦਾ ਵੀ ਕੀਤਾ ਗਿਆ ਸਨਮਾਨ।

01 Jan, 2026 02:28 PM
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਨੂੰ ਭਾਵੁਕ ਵਿਦਾਇਗੀ । ਲੰਗਰ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਪਾਲ ਸਿੰਘ ਦਾ ਵੀ ਕੀਤਾ ਗਿਆ ਸਨਮਾਨ।

ਫਰੈਂਕਫਰਟ 1 ਜਨਵਰੀ 2026 (ਹੀਰਾ ਸਿੰਘ ਮੱਤੇਵਾਲ)
 

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਗ੍ਰੰਥੀ ਸਿੰਘ ਵਜੋਂ ਨਿਸ਼ਕਾਮ ਭਾਵਨਾ ਨਾਲ ਸੇਵਾ ਨਿਭਾ ਰਹੇ ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਨੂੰ ਬੜੀ ਹੀ ਭਾਵੁਕਤਾ ਨਾਲ ਵਿਦਾਇਗੀ ਦਿੱਤੀ ਗਈ। ਇਸ ਵਿਦਾਇਗੀ ਸਮਾਰੋਹ ਵਿੱਚ ਗੁਰਦੁਆਰਾ ਸਾਹਿਬ ਦੀ ਸਮੁੱਚੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਨੇ ਆਪਣੇ ਸੇਵਾ ਕਾਲ ਦੌਰਾਨ ਗ੍ਰੰਥੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਕੀਰਤਨ ਅਤੇ ਤਬਲੇ ਦੀ ਸਿਖਲਾਈ ਵੀ ਦਿੱਤੀ। ਉਹ ਬੱਚਿਆਂ ਦੇ ਧਾਰਮਿਕ ਕੈਂਪਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਉਹ ਇੱਕ ਐਸੇ ਗ੍ਰੰਥੀ ਸਿੰਘ ਸਨ ਜੋ ਹਰ ਕਾਰਜ ਵਿੱਚ ਅੱਗੇ ਵਧ ਕੇ ਸੇਵਾ ਕਰਦੇ ਅਤੇ ਸੰਗਤ ਨਾਲ ਪਿਆਰ ਭਰਿਆ ਵਰਤਾਵ ਰੱਖਦੇ ਰਹੇ।
ਵਿਦਾਇਗੀ ਸਮਾਰੋਹ ਦੌਰਾਨ ਭਾਈ ਹੀਰਾ ਸਿੰਘ ਜੀ ਵੱਲੋਂ ਭਾਈ ਗੁਰਨਿਸ਼ਾਨ ਸਿੰਘ ਜੀ ਦੀਆਂ ਸੇਵਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ, ਜਿਸ ਦੌਰਾਨ ਕਈ ਸੰਗਤਾਂ ਦੀਆਂ ਅੱਖਾਂ ਭਰ ਆਈਆਂ। ਖ਼ਾਸ ਤੌਰ ’ਤੇ ਬੱਚਿਆਂ ਵੱਲੋਂ ਕੀਤੀ ਗਈ ਬੇਨਤੀ ਨੇ ਸਮੂਹ ਸੰਗਤ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ ਕਿ ਭਾਈ ਸਾਹਿਬ ਸਦਾ ਚੜ੍ਹਦੀ ਕਲਾ ਵਿੱਚ ਰਹਿਣ।
ਇਸ ਅਵਸਰ ’ਤੇ ਭਾਈ ਗੁਰਨਿਸ਼ਾਨ ਸਿੰਘ ਜੀ ਨੇ ਵੀ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਸੰਗਤ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ।
ਇਸ ਸਮਾਰੋਹ ਦੌਰਾਨ ਗੁਰੂ ਘਰ ਦੀ ਲੰਗਰ ਸੇਵਾ ਨਿਭਾ ਰਹੇ ਭਾਈ ਸਤਪਾਲ ਸਿੰਘ ਜੀ ਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ, ਜਿਸ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਅੰਤ ਵਿੱਚ ਸੰਗਤਾਂ ਵੱਲੋਂ ਇਹ ਆਸ ਪ੍ਰਗਟ ਕੀਤੀ ਗਈ ਕਿ ਜਿੱਥੇ ਵੀ ਭਾਈ ਗੁਰਨਿਸ਼ਾਨ ਸਿੰਘ ਜੀ ਅੱਗੇ ਸੇਵਾ ਨਿਭਾਉਣਗੇ, ਉਥੇ ਵੀ ਉਹ ਇਸੇ ਤਰ੍ਹਾਂ ਪਿਆਰ, ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਗੁਰੂ ਦੀ ਸੇਵਾ ਕਰਦੇ ਰਹਿਣਗੇ।

Posted By: GURBHEJ SINGH ANANDPURI

Loading…
Loading the web debug toolbar…
Attempt #