ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਯੂ ਏ ਪੀ ਏ ਅਤੇ ਐਨ ਐਸ ਏ ਲਗਾਈ ਜਾਵੇ - ਡਾਕਟਰ ਸੁਰਜੀਤ ਸਿੰਘ ਜਰਮਨੀ
20 Jul, 2025 04:26 AM
ਅੰਮ੍ਰਿਤਸਰ, 19 ਜੁਲਾਈ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਵੱਲੋਂ ਇਸ ਮਾਮਲੇ ਵਿੱਚ ਫੌਰੀ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਕਿਹਾ ਕਿ ਇਹ ਧਮਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਫੀਸ਼ੀਅਲ ਈਮੇਲ ਤੇ ਭੇਜੀਆਂ ਗਈਆਂ ਹਨ, ਜਿਸ ਬਾਰੇ ਅੱਜ ਪੰਜਾਬ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਸ਼ੁਭਮ ਦੁਬੇ ਨਾਂ ਦਾ ਵਿਅਕਤੀ, ਜੋ ਫਰੀਦਾਬਾਦ ਦਾ ਰਹਿਣ ਵਾਲਾ ਹੈ, ਇਹ ਈਮੇਲਾਂ ਭੇਜਣ ਦੇ ਸ਼ੱਕ 'ਚ ਹੈ। ਪਰ ਮਾਮਲੇ ਦੀ ਪੂਰੀ ਜਾਂਚ ਹਜੇ ਬਾਕੀ ਹੈ।ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਹੋਵੇ। ਉਨ੍ਹਾਂ ਯਾਦ ਕਰਵਾਇਆ ਕਿ 20 ਮਾਰਚ 2018 ਨੂੰ ਆਈ.ਐਸ.ਆਈ.ਐਸ. ਨੇ ਇਰਾਕ ਵਿਚ 38 ਸਿੱਖਾਂ ਦੀ ਹੱਤਿਆ ਕੀਤੀ ਸੀ, ਜਦੋਂ ਕਿ 2 ਅਕਤੂਬਰ 2021 ਨੂੰ ਪਿਸ਼ਾਵਰ ਵਿਚ ਸਿੱਖ ਡਾਕਟਰ ਸਤਨਾਮ ਸਿੰਘ ਅਤੇ 1 ਅਕਤੂਬਰ 2021 ਨੂੰ ਸ੍ਰੀਨਗਰ ਵਿਚ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਨੂੰ ਗੋਲੀ ਮਾਰ ਕੇ ਮਾਰਿਆ ਗਿਆ।ਅਜਿਹੀ ਧਮਕੀ ਜੇ ਕਿਸੇ ਨੇ ਭਾਰਤ ਦੀ ਪਾਰਲੀਮੈਂਟ ਬਾਬਤ ਦਿੱਤੀ ਹੁੰਦੀ ਤਾਂ ਅਪਰਾਧੀ ਹੁਣ ਤੱਕ ਸਜ਼ਾਵਾਂ ਪਾ ਚੁੱਕੇ ਹੋਣ ਸਨ। ਇਸੇ ਕਰਕੇ ਸਿੱਖ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰਦੇ ਹਨ। ਸਿੱਖਾਂ ਦੇ ਸਭ ਤੋਂ ਉੱਚੇ ਸਥਾਨ ਜਿਸ ਦੇ ਦਰਸ਼ਨ ਇਸਨਾਨ ਹਰ ਸਿੱਖ ਆਪਣੀ ੨ ਵੇਲੇ ਦੀ ਅਰਦਾਸ ਚ ਮੰਗਦਾ ਜੇ ਓਸ ਨੂੰ ਉਡਾਉਣ ਬਾਰੇ ੫ ਵਾਰ ਤੋ ਵਧੇਰੇ ਧਮਕੀ ਆ ਗਈ ਤੇ ਸਰਕਾਰਾਂ ਦੀ ਨੀਂਦ ਨਹੀਂ ਖੁੱਲ੍ਹੀ ਤਾਂ ਇਸ ਬਾਬਤ ਸਿੱਖਾਂ ਨੂੰ ਵੀ ਲਾਮਬੰਦ ਹੋਣ ਦੀ ਲੋੜ ਹੈ।ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰੀਆਂ ਘਟਨਾਵਾਂ 'ਤੇ ਮੋਦੀ ਸਰਕਾਰ ਨੇ ਕੋਈ ਗੰਭੀਰ ਜਾਂਚ ਨਹੀਂ ਕੀਤੀ। ਕਾਬੁਲ ਘਟਨਾ ਜਿੱਥੇ 25 ਸਿੱਖ ਆਈ ਐਸ ਆਈ ਐਸ ਵੱਲੋਂ ਮਾਰੇ ਗਏ, ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਐਨ ਆਈ ਏ ਇਸਦੀ ਜਾਂਚ ਕਰੇਗੀ, ਪਰ ਹਜੇ ਤੱਕ ਉਸ ਦੀ ਵੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ।ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਮੰਗ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਸਖ਼ਤੀ ਨਾਲ ਕੀਤੀ ਜਾਵੇ ਅਤੇ ਸ਼ੱਕੀ ਵਿਅਕਤੀਆਂ ਉਤੇ ਯੂ ਏ ਪੀ ਏ (UAPA) ਅਤੇ ਐਸ ਐਸ ਏ (NSA) ਲਗਾਇਆ ਜਾਵੇ ਤਾਂ ਜੋ ਅਜਿਹੇ ਘਿਨੌਣੇ ਮਨਸੂਬਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
Posted By: GURBHEJ SINGH ANANDPURI








