Nazrana Times

ਪੰਜਾਬੀ

420 ਕਰੋੜ ਦੀ ਮਨੀ ਲਾਂਡਰਿੰਗ ਦਾ ਭਾਂਡਾ ਭੱਜਾ: ਲੰਡਨ ਤੋਂ ਦੁਬਈ ਤੱਕ ਨਸ਼ੇ ਦੀ ਕਮਾਈ ਅਤੇ ਮਨੁੱਖੀ ਤਸਕਰੀ ਦਾ ਵੱਡਾ ਨੈੱਟਵਰਕ ਬੇਨਕਾਬ

19 Mar, 2026 01:03 AM
420 ਕਰੋੜ ਦੀ ਮਨੀ ਲਾਂਡਰਿੰਗ ਦਾ ਭਾਂਡਾ ਭੱਜਾ: ਲੰਡਨ ਤੋਂ ਦੁਬਈ ਤੱਕ ਨਸ਼ੇ ਦੀ ਕਮਾਈ ਅਤੇ ਮਨੁੱਖੀ ਤਸਕਰੀ ਦਾ ਵੱਡਾ ਨੈੱਟਵਰਕ ਬੇਨਕਾਬ

ਇੰਟਰਨੈਸ਼ਨਲ ਡੈਸਕ , ਨਜ਼ਰਾਨਾ ਟਾਈਮਜ-ਲੰਡਨ ਅਤੇ ਦੁਬਈ ਵਿਚਕਾਰ ਚੱਲ ਰਹੇ £42 ਮਿਲੀਅਨ (ਲਗਭਗ 420 ਕਰੋੜ ਰੁਪਏ) ਦੇ ਵੱਡੇ ਮਨੀ ਲਾਂਡਰਿੰਗ ਨੈੱਟਵਰਕ ਦਾ ਖੁਲਾਸਾ ਹੋਇਆ ਹੈ।
ਨੈਸ਼ਨਲ ਕ੍ਰਾਈਮ ਏਜੰਸੀ (NCA) ਦੀ ਜਾਂਚ ਮੁਤਾਬਕ, 16 ਮੈਂਬਰਾਂ ਦੇ ਗਿਰੋਹ ਨੇ 2017 ਤੋਂ 2019 ਦਰਮਿਆਨ ਯੂਕੇ ਤੋਂ ਦੁਬਈ ਵੱਡੀ ਮਾਤਰਾ ਵਿੱਚ ਨਕਦੀ ਭੇਜੀ। ਇਹ ਪੈਸਾ ਕਲਾਸ-ਏ ਡਰੱਗਜ਼ ਦੀ ਤਸਕਰੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਵਾਸੀਆਂ ਨੂੰ ਯੂਕੇ ਲਿਆਉਣ ਰਾਹੀਂ ਕਮਾਇਆ ਗਿਆ ਸੀ।
ਇਹ ਗਿਰੋਹ ਵੈਸਟ ਲੰਡਨ ਦੇ ਹੌਂਸਲੋ, ਹੇਜ਼ ਅਤੇ ਸਾਊਥਹਾਲ ਇਲਾਕਿਆਂ ਵਿੱਚ ਸਰਗਰਮ ਸੀ। ਮੈਂਬਰ ਆਮ ਯਾਤਰੀਆਂ ਵਾਂਗ ਸਫ਼ਰ ਕਰਦੇ ਹੋਏ ਦੋ ਸਾਲਾਂ ਵਿੱਚ ਸੈਂਕੜੇ ਵਾਰ ਦੁਬਈ ਗਏ। ਸਿਰਫ਼ 2017 ਵਿੱਚ ਹੀ 58 ਵਾਰ ਨਕਦੀ ਭੇਜੀ ਗਈ।
ਇਹ ਨੈੱਟਵਰਕ ਮਨੁੱਖੀ ਤਸਕਰੀ ਵਿੱਚ ਵੀ ਸ਼ਾਮਲ ਸੀ। 2019 ਵਿੱਚ ਇੱਕ ਮਾਮਲੇ ਵਿੱਚ 17 ਪ੍ਰਵਾਸੀਆਂ — ਜਿਨ੍ਹਾਂ ਵਿੱਚ 5 ਬੱਚੇ ਅਤੇ ਇੱਕ ਗਰਭਵਤੀ ਔਰਤ ਸੀ — ਨੂੰ ਇੱਕ ਵੈਨ ਵਿੱਚ ਟਾਇਰਾਂ ਦੇ ਪਿੱਛੇ ਲੁਕਾ ਕੇ ਯੂਕੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਅਦਾਲਤੀ ਕਾਰਵਾਈ ਤੋਂ ਬਾਅਦ ਸਾਰੇ 16 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਚਰਨ ਸਿੰਘ (44, ਹੌਂਸਲੋ) ਨੂੰ ਇਸ ਨੈੱਟਵਰਕ ਦਾ ਮਾਸਟਰਮਾਈਂਡ ਮੰਨਿਆ ਗਿਆ।
ਵਲਜੀਤ ਸਿੰਘ (34, ਹੌਂਸਲੋ) ਨੇ ਪੈਸੇ ਦੀ ਹੇਰਾਫੇਰੀ ਵਿੱਚ ਅਹਿਮ ਭੂਮਿਕਾ ਨਿਭਾਈ।
ਸਵਿੰਦਰ ਸਿੰਘ ਢੱਲ (37) ਅਤੇ ਦਿਲਜਾਨ ਸਿੰਘ ਮਲਹੋਤਰਾ (47) ਨੂੰ ਮਨੁੱਖੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ‘ਚ ਸਜ਼ਾ ਸੁਣਾਈ ਗਈ।
ਮਹਿਲਾ ਮੈਂਬਰ ਪਿੰਕੀ ਕਪੂਰ, ਅਮਰਜੀਤ ਅਲਾਬਾਦੀਸ ਅਤੇ ਲੂਈਸ ਸਮਿਥ ਨੇ ਵੀ ਇਸ ਗਿਰੋਹ ਦੀ ਮਦਦ ਕੀਤੀ।
NCA ਦੇ ਸੀਨੀਅਰ ਜਾਂਚਕਰਤਾ ਕ੍ਰਿਸ ਹਿੱਲ ਮੁਤਾਬਕ, ਇਹ ਯੂਕੇ ਵਿੱਚ ਨਕਦੀ ਤਸਕਰੀ ਦੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਹੈ ਅਤੇ ਇਸ ਨੈੱਟਵਰਕ ਨੂੰ ਤੋੜਨਾ ਸੰਗਠਿਤ ਅਪਰਾਧ ਵਿਰੁੱਧ ਵੱਡੀ ਕਾਮਯਾਬੀ ਹੈ।

Posted By: GURBHEJ SINGH ANANDPURI