Nazrana Times

ਪੰਜਾਬੀ

ਸਿੱਖ ਸੰਗਤਾਂ 'ਦੇਗ-ਤੇਗ' ਤੋਂ 'ਕੇਕ' ਵੱਲ ਕਿਉਂ...?

29 Jan, 2026 09:53 PM
ਸਿੱਖ ਸੰਗਤਾਂ 'ਦੇਗ-ਤੇਗ' ਤੋਂ 'ਕੇਕ' ਵੱਲ ਕਿਉਂ...?

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਮਹਾਨ ਗੁਰਸਿੱਖ ਅਤੇ ਸੂਰਬੀਰ ਯੋਧੇ ਸਨ। ਬਾਬਾ ਜੀ ਪ੍ਰਤੀ ਸਿੱਖ ਸੰਗਤਾਂ ਅਥਾਹ ਸ਼ਰਧਾ ਰੱਖਦੀਆਂ ਹਨ, ਉਹਨਾਂ ਦੇ ਸਥਾਨ 'ਤੇ ਨਤਮਸਤਕ ਹੁੰਦੀਆਂ ਹਨ ਤੇ ਦਾਤਾਂ ਮੰਗਦੀਆਂ ਹਨ। ਬਾਬਾ ਜੀ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ, ਸਤਿਕਾਰ ਤੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਪਰ ਪਿਛਲੇ ਕਈ ਸਾਲਾਂ ਤੋਂ ਵੇਖਣ ਵਿੱਚ ਰਿਹਾ ਹੈ ਕਿ ਸੰਗਤਾਂ ਵੱਲੋਂ ਜਾਣੇ-ਅਨਜਾਣੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਮਨਮੱਤ ਕੀਤੀ ਜਾ ਰਹੀ ਹੈ, ਦੇਗ-ਤੇਗ ਦਾ ਸਿਧਾਂਤ ਭੁੱਲ ਕੇ ਕੇਕ ਕੱਟੇ ਜਾ ਰਹੇ ਹਨ। ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦਾਂ, ਯੋਧਿਆਂ ਤੇ ਗੁਰਮੁਖਾਂ ਦੇ ਜਨਮ ਦਿਹਾੜੇ ਮਨਾਉਂਦਿਆਂ ਕੇਕ ਕੱਟਣੇ ਸਾਡੇ ਪੰਥ ਦੀ ਮਰਯਾਦਾ, ਪ੍ਰੰਪਰਾ, ਰਵਾਇਤ ਤੇ ਸਿਧਾਂਤ ਨਹੀਂ ਹੈ। ਅਜਿਹੇ ਮੌਕਿਆਂ ਉੱਤੇ ਗੁਰਦੁਆਰਿਆਂ ਵਿੱਚ ਵੱਡੇ-ਵੱਡੇ ਕੇਕ ਕੱਟਣੇ, ਚਾਂਗਰਾਂ ਮਾਰਨੀਆਂ ਤੇ ਹੋਰ ਮਨਮੱਤਾਂ ਕਰਨੀਆਂ ਇਸ ਗੁਰਮਤਿ ਵਿਰੋਧੀ ਰੀਤ ਨੂੰ ਰੋਕੇ ਜਾਣ ਦੀ ਲੋੜ ਹੈ। ਕੁਝ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਸ ਵਿੱਚ ਪੰਜ ਪਿਆਰੇ ਅਰਦਾਸ ਕਰਕੇ ਕ੍ਰਿਪਾਨ ਨਾਲ ਕੇਕ ਕੱਟ ਰਹੇ ਹਨ ਤੇ ਗੁਰਮਤਿ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੰਗਤਾਂ ਵੱਲੋਂ ਟਰਾਲੀਆਂ-ਟਰੱਕ ਭਰ ਕੇ ਅਤੇ ਕਾਰਾਂ ਦੀਆਂ ਡਿੱਗੀਆਂ ਵਿੱਚ ਕੇਕ ਰੱਖ ਕੇ ਵਰਤਾਇਆ ਜਾ ਰਿਹਾ ਸੀ। ਕੌਣ ਕਿੰਨੇ ਪੌਂਡ ਕੇਕ ਲੈ ਕੇ ਆਇਆ, ਕਿੰਨੇ ਵੱਡੇ ਆਕਾਰ ਦਾ ਜਾਂ ਕਿਹੜਾ ਡਿਜ਼ਾਇਨ ਬਣਾ ਕੇ ਲੈ ਕੇ ਆਇਆ ਇਸ ਦੀਆਂ ਮੀਡੀਆ ਵਿੱਚ ਚਰਚਾਵਾਂ ਹੋ ਰਹੀਆਂ ਹਨ। ਸੰਗਤ ਇਹ ਕਹਿੰਦੀ ਵੀ ਨਜ਼ਰ ਆਈ ਕਿ ਅਗਲੀ ਵਾਰੀ ਅਸੀਂ ਹੋਰ ਵੱਡੇ ਕੇਕ ਬਣਾ ਕੇ ਲੈ ਕੇ ਆਵਾਂਗੇ। ਜ਼ਰਾ ਸੋਚ-ਵਿਚਾਰ ਕੇ ਵੇਖੋ ਕਿ ਇਸ ਤਰ੍ਹਾਂ ਅਸੀਂ ਗੁਰੂ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਾਂਗੇ ? ਕੀ ਇਹ ਸਿੱਖੀ ਸਿਧਾਂਤ ਹਨ ? ਇਹ ਇਸਾਈਅਤ ਅਤੇ ਬ੍ਰਾਹਮਣਵਾਦੀ ਰੀਤਾਂ ਨੂੰ ਗੁਰਦੁਆਰਿਆਂ ਵਿੱਚ ਲਾਗੂ ਕਰਕੇ ਅਸੀਂ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਾਂ ? ਅਸੀਂ ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਾਂ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਮੁਖੀ ਤੇ ਹੋਰ ਸੰਸਥਾਵਾਂ ਦੇ ਪ੍ਰਬੰਧਕ ਚੁੱਪ ਨਾ ਰਹਿਣ ਸਗੋਂ ਇਸ ਘੋਰ ਮਨਮੱਤ ਨੂੰ ਤੁਰੰਤ ਬੰਦ ਕਰਵਾਉਣ ਤੇ ਸੰਗਤਾਂ ਵਿੱਚ ਜਾਗਰੂਕਤਾ ਪੈਦਾ ਕਰਨ। ਅਸੀਂ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਗੁਰਮਤਿ ਸਿਧਾਂਤਾਂ ਦਾ ਨਿਰਾਦਰ ਕਰਨ, ਗੁਰਦੁਆਰਿਆਂ ਵਿੱਚ ਮਨਮੱਤੀ ਕਾਰਵਾਈਆਂ ਕਰਨ, ਹੁੜਦੰਗ ਮਚਾਉਣ, ਫੂਕਰਪੁਣਾ ਕਰਨ ਤੇ ਕੇਕ ਕੱਟਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਾਡੇ ਧਰਮ ਵਿੱਚ ਖੁਸ਼ੀ-ਗਮੀ ਉੱਤੇ ਗੁਰਮਤਿ ਸਮਾਗਮ, ਪਾਠ, ਕੀਰਤਨ, ਕਥਾ, ਕਵੀਸ਼ਰ ਅਤੇ ਢਾਡੀ ਵਾਰਾਂ, ਕੜਾਹ ਪ੍ਰਸ਼ਾਦਿ ਨੂੰ ਭੋਗ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਮਰਯਾਦਾ ਹੈ। ਲੰਗਰਾਂ ਦੇ ਨਾਂ ਉੱਤੇ ਪੀਜ਼ੇ, ਬਰਗਰ, ਨਿਊਡਲ ਵਰਤਾਉਣੇ, ਸੰਗਤ ਦੀ ਭੀੜ ਉੱਤੇ ਦੂਰੋਂ ਹੀ ਅੰਨ੍ਹੇਵਾਹ ਡ੍ਰਾਈ ਫਰੂਟ ਅਤੇ ਸਮੋਸੇ ਸੁੱਟਣੇ, ਲੋੜੋਂ ਵੱਧ ਕੇ ਸੜਕਾਂ ਉੱਤੇ ਥਾਂ-ਥਾਂ 'ਤੇ ਰੰਗ-ਬਿਰੰਗੇ ਲੰਗਰ ਲਾਉਣੇ, ਫੌਕੀ ਟੌਹਰ ਤੇ ਸ਼ੋਹਰਤ ਲਈ ਹਜ਼ਾਰਾਂ-ਲੱਖਾਂ ਤੇ ਕਰੋੜਾਂ ਰੁਪਏ ਬੇਫਜ਼ੂਲ ਹੀ ਖਰਚ ਦੇਣੇ, ਫੋਟੋਆਂ ਨੂੰ ਮੱਥੇ ਟੇਕਣਾ, ਸਿੱਖੀ ਨਿਯਮਾਂ ਨੂੰ ਛਿੱਕੇ ਟੰਗਣਾ ਇਹ ਭਾਰੀ ਬੇਅਦਬੀ ਹੈ। ਬਾਬਾ ਦੀਪ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਤੇ ਤਰਨਾ ਦਲ ਦੇ ਜਥੇਦਾਰ ਸਨ, ਉਹ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ, ਗੁਰਬਾਣੀ ਅਤੇ ਇਤਿਹਾਸ ਦੀ ਵਿੱਦਿਆ ਪ੍ਰਾਪਤ ਕੀਤੀ, ਸਿੱਖੀ ਦਾ ਅਤਿਅੰਤ ਪ੍ਰਚਾਰ ਕੀਤਾ, ਸਾਰੀ ਉਮਰ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ, ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ, ਸਿੰਘਾਂ ਨੂੰ ਸ਼ਸਤਰਧਾਰੀ ਯੋਧੇ ਬਣਾਇਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਤਲੀ ਉੱਤੇ ਸੀਸ ਰੱਖ ਕੇ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ। ਜੇ ਅਸੀਂ ਸੱਚਮੁੱਚ ਹੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਹਾਂ ਤਾਂ ਉਹਨਾਂ ਵਾਂਗ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਈਏ। ਸੰਗਤ ਨੂੰ ਅਪੀਲ ਹੈ ਕਿ ਕੇਕ ਵੰਡਣ ਅਤੇ ਹੋਰ ਮਨਮੱਤ ਕਰਨ ਦੀ ਥਾਂ 'ਤੇ ਵੱਧ ਤੋਂ ਵੱਧ ਗੁਰਮਤਿ ਸਮਾਗਮ, ਗੁਰਮਤਿ ਕੈਂਪ, ਅੰਮ੍ਰਿਤ ਸੰਚਾਰ, ਦਸਤਾਰ ਮੁਕਾਬਲੇ, ਸ਼ਸਤਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲਗਾਈਆਂ ਜਾਣ ਅਤੇ ਸਿੰਘਾਂ ਨੂੰ ਰਵਾਇਤੀ ਸ਼ਸਤਰ ਵੰਡੇ ਜਾਣ। ਆਓ, ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਂਦਿਆਂ ਸ਼ਬਦ ਗੁਰੂ ਦੇ ਲੜ ਲੱਗੀਏ, ਖ਼ਾਲਸਾਈ ਸਿਧਾਂਤਾਂ ਦੇ ਝੰਡਾ-ਬਰਦਾਰ ਬਣੀਏ, ਖ਼ਾਲਸਾ ਰਾਜ ਦੀ ਕਾਇਮੀ ਲਈ ਸੰਘਰਸ਼ ਕਰੀਏ ਅਤੇ ਗੁਰਧਾਮਾਂ ਦੀ ਪਵਿੱਤ੍ਰਤਾ ਦੀ ਰਾਖੀ ਲਈ ਜੂਝੀਏ ਤੇ ਹਮੇਸ਼ਾ ਸੰਤ-ਸਿਪਾਹੀ ਬਣ ਕੇ ਰਹੀਏ। ਇੱਥੋਂ ਤੱਕ ਕਿ ਆਪਣੇ ਅਤੇ ਬੱਚਿਆਂ ਦੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਵੀ ਕੇਕ ਕੱਟਣ ਦੀ ਬਜਾਏ ਸਾਨੂੰ ਖ਼ੁਦ ਗੁਰਬਾਣੀ ਪੜ੍ਹ ਕੇ ਆਪਣੇ ਹੱਥੀ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਤੇ ਸਰੀਰ ਉੱਤੇ ਤੇਗ (ਸ਼ਸਤਰ) ਧਾਰਨ ਕਰਕੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਨੀ/ਕਰਵਾਉਣੀ ਚਾਹੀਦੀ ਹੈ, ਇਹੀ ਸਿੱਖੀ ਸਿਧਾਂਤ ਅਤੇ ਪੰਥ ਦੀ ਮਰਯਾਦਾ ਹੈ। 

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
             ਮੋ: 8872293883.

Posted By: GURBHEJ SINGH ANANDPURI